
ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ, ਆਪ ਤੇ ਅਕਾਲੀ ਦਲ 'ਚ ਪੈਦਾ ਹੋਈ ਤਲਖ਼ੀ ਸਰਕਾਰ ਬਣਨ ਮਗਰੋਂ ਵਿਧਾਨ ਸਭਾ ਦੇ ਬਜਟ ਸੈਸ਼ਨ 'ਚ ਪੂਰੇ ਜੋਬਨ 'ਤੇ ਸੀ ਅਤੇ ਹੁਣ ਪੰਜਾਬ ਦੇ..
ਚੰਡੀਗੜ੍ਹ, 23 ਜੁਲਾਈ (ਜੀ.ਸੀ. ਭਾਰਦਵਾਜ) : ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ, ਆਪ ਤੇ ਅਕਾਲੀ ਦਲ 'ਚ ਪੈਦਾ ਹੋਈ ਤਲਖ਼ੀ ਸਰਕਾਰ ਬਣਨ ਮਗਰੋਂ ਵਿਧਾਨ ਸਭਾ ਦੇ ਬਜਟ ਸੈਸ਼ਨ 'ਚ ਪੂਰੇ ਜੋਬਨ 'ਤੇ ਸੀ ਅਤੇ ਹੁਣ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਪਹੁੰਚਣੀ ਸ਼ੁਰੂ ਹੋ ਗਈ ਹੈ।
ਜ਼ਮੀਨੀ ਪੱਧਰ 'ਤੇ ਸਿਆਸੀ ਨੇਤਾਵਾਂ ਤੇ ਪਾਰਟੀ ਵਰਕਰਾਂ 'ਚ ਜੋ ਟਕਰਾਅ ਚਲਦਾ ਸੀ, ਉਹ ਹੁਣ ਕਤਲੋਗ਼ਾਰਤ ਅਤੇ ਹਿੰਸਾ ਦਾ ਰੁਖ਼ ਧਾਰਨ ਕਰ ਗਿਆ ਹੈ ਜਿਸ ਨੂੰ ਵਿਰੋਧੀ ਧਿਰ ਸਿਆਸੀ ਬਦਲਾਖ਼ੋਰੀ ਅਤੇ ਅਮਨ-ਕਾਨੂੰਨ ਦੀ ਮਾੜੀ ਹਾਲਤ ਆਖ ਰਹੀ ਹੈ ਜਦਕਿ ਸੱਤਾਧਾਰੀ ਕਾਂਗਰਸ ਦੇ ਲੀਡਰਾਂ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਬਿਨਾਂ ਕਾਰਨ ਸਰਕਾਰ 'ਤੇ ਦੋਸ਼ ਲਾ ਰਹੀ ਹੈ।
ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਪਾਰਟੀ ਬੁਲਾਰੇ ਡਾ. ਦਲਜੀਤ ਚੀਮਾ ਦਾ ਕਹਿਣਾ ਹੈ ਕਿ ਸੱਤਾਧਾਰੀ ਕਾਂਗਰਸ ਕੇਵਲ ਨਿਸ਼ਾਨਦੇਹੀ ਕਰ ਕੇ ਅਕਾਲੀ ਵਰਕਰਾਂ ਨੂੰ ਤੰਗ ਕਰ ਰਹੀ ਹੈ, ਆਪਸੀ ਰੰਜਸ਼ ਦਾ ਨਾਮ ਦੇ ਕੇ ਕਤਲ ਵੀ ਸ਼ਹਿ 'ਤੇ ਕਰਵਾਏ ਜਾ ਰਹੇ ਹਨ ਜਦਕਿ ਵਿਧਾਨ ਸਭਾ ਬੈਠਕਾਂ ਦੌਰਾਨ ਵਿਰੋਧੀ ਧਿਰ ਨੂੰ ਰੋਸ ਵੀ ਪ੍ਰਗਟ ਨਹੀਂ ਕਰਨ ਦੇ ਰਹੀ।
ਇਸ ਰੋਸ ਨੂੰ ਜਬਰ ਵਿਰੋਧੀ ਮੁਹਿੰਮ ਦਾ ਨਾਮ ਦੇ ਕੇ ਅਕਾਲੀ ਦਲ ਡੇਰਾ ਬਾਬਾ ਨਾਨਕ ਵਿਖੇ ਵੱਡੀ ਰੈਲੀ ਕਰ ਕੇ ਅਪਣਾ ਪੱਖ ਜਨਤਾ ਅੱਗੇ ਰੱਖਣ ਲਈ ਤਿਆਰ ਹੈ। ਡਾ. ਚੀਮਾ ਨੇ ਕਿਹਾ ਕਿ ਇਸ 'ਚ ਟਕਰਾਅ ਕਰਨ ਦਾ ਕੋਈ ਮਕਸਦ ਨਹੀਂ ਸਗੋਂ ਲੋਕਤੰਤਰੀ ਸਿਸਟਮ ਚ ਵੱਡੀਆਂ ਸਿਆਸੀ ਬੈਠਕਾਂ ਕਰਨਾ ਹਰ ਪਾਰਟੀ ਦਾ ਹੱਕ ਹੈ।
ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਵਿਧਾਇਕ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਸਰਕਲ 'ਚੋਂ ਹਨ, ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਪਿਛਲੇ 10 ਸਾਲ ਅਕਾਲੀ ਲੀਡਰਾਂ ਖ਼ਾਸਕਰ ਸੁਖਬੀਰ, ਮਜੀਠੀਆ ਤੇ ਹੋਰਨਾਂ ਨੇ ਕਾਂਗਰਸੀ ਵਰਕਰਾਂ 'ਤੇ ਜ਼ੁਲਮ ਢਾਹਿਆ ਤੇ ਹੁਣ ਵਿਰੋਧੀ ਧਿਰ 'ਚ ਬੈਠ ਕੇ ਫ਼ਜ਼ੂਲ ਹੀ ਦੋਸ਼ ਲਾ ਰਹੇ ਹਨ।
ਸੁਖਜਿੰਦਰ ਸਿੰਘ ਰੰਧਾਵਾ ਉਸ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਵੀ ਹਨ ਜਿਸ ਪਰੀਵਲੇਜ਼ ਕਮੇਟੀ ਕੋਲ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਅਪਣੀ ਕੀਤੀ ਤੌਹੀਨ ਅਤੇ ਸਦਨ ਦੀ ਮਰਿਆਦਾ ਭੰਗ ਕਰਨ ਦਾ ਸੁਖਬੀਰ ਬਾਦਲ, ਪਵਨ ਟੀਨੂੰ ਵਿਰੁਧ ਮਾਮਲਾ ਵਿਚਾਰਨ ਲਈ ਭੇਜਿਆ ਹੈ।
ਰੰਧਾਵਾ ਮੁਤਾਬਕ ਅਗਲੇ ਹਫ਼ਤੇ ਇਸ ਮਰਿਆਦਾ ਮਤੇ 'ਤੇ ਵਿਚਾਰ ਕੀਤਾ ਜਾ ਸਕਦਾ ਹੈ, ਹਾਊਸ ਦੇ ਮਤੇ ਬਾਰੇ ਸੰਸਦੀ ਮਾਮਲਿਆਂ ਦੇ ਮੰਤਰੀ ਜਾਂ ਕਿਸੇ ਹੋਰ ਮੈਂਬਰ ਨੂੰ ਸੱਦ ਕੇ ਪ੍ਰੌੜਤਾ ਕਰਵਾਈ ਜਾਵੇਗੀ। ਸੁਖਬੀਰ ਬਾਦਲ ਤੇ ਪਵਨ ਟੀਨੂੰ ਨੂੰ ਵੀ ਬੁਲਾ ਕੇ ਬਿਆਨ ਦਰਜ ਕੀਤੇ ਜਾਣਗੇ। ਰੰਧਾਵਾ ਦਾ ਕਹਿਣਾ ਹੈ ਕਿ ਸਖ਼ਤ ਐਕਸ਼ਨ ਲੈਣਾ ਹੈ, ਰੀਪੋਰਟ ਲਿਆ ਕੇ ਨਿਯਮਾਂ ਮੁਤਾਬਕ ਕਾਰਵਾਈ ਕਰਨੀ ਹੈ।
ਜ਼ਿਕਰਯੋਗ ਹੈ ਕਿ ਅਕਾਲੀ ਵਿਧਾਇਕ ਸੁਖਬੀਰ ਬਾਦਲ ਤੇ ਪਵਨ ਟੀਨੂੰ ਨੇ ਜੂਨ ਦੇ ਬਜਟ ਸੈਸ਼ਨ ਦੌਰਾਨ ਸਪੀਕਰ ਤੇ ਮੰਤਰੀ ਨਵਜੋਤ ਸਿੰਘ ਸਿੱਧੂ ਵਿਰੁਧ ਅਪਸ਼ਬਦ ਬੋਲੇ ਸਨ ਤੇ ਸਦਨ ਦੀ ਤੌਹੀਨ ਕੀਤੀ ਸੀ। ਸੱਤਾਧਾਰੀ ਕਾਂਗਰਸ ਨੇ ਇਕੋ ਵੇਲੇ ਦੋ ਫ਼ਰੰਟ ਖੋਲ੍ਹ ਲਏ ਹਨ ਕਿਉਂਕਿ ਸੁਖਪਾਲ ਖਹਿਰਾ ਅਤੇ ਸਿਮਰਨ ਬੈਂਸ ਵਿਰੁਧ ਵੀ ਮਰਿਯਾਦਾ ਭੰਗ ਕਰਨ ਦਾ ਮਤਾ ਪਰੀਵਲੇਜ਼ ਕਮੇਟੀ ਕੋਲ ਪਹੁੰਚ ਚੁੱਕਾ ਹੈ। ਮੁੱਖ ਮੰਤਰੀ, ਸਪੀਕਰ ਤੇ ਹੋਰ ਸੀਨੀਅਰ ਲੀਡਰਾਂ ਦਾ ਵੀ ਇਹੋ ਇਸ਼ਾਰਾ ਹੈ ਕਿ ਵਿਰੋਧੀ ਧਿਰ ਨੂੰ ਨਾ ਸਿਰਫ਼ ਕੰਟਰੋਲ 'ਚ ਰਖਣਾ ਹੈ ਬਲਕਿ ਸਖ਼ਤੀ ਵੀ ਕਰਨੀ ਹੈ ਤੇ ਜ਼ਮੀਨੀ ਟਕਰਾਅ ਤੋਂ ਬਚਣ ਦੀ ਥਾਂ ਪੂਰਾ ਠੋਕ ਕੇ ਰਖਣਾ ਹੈ।
ਅਕਾਲੀ ਦਲ ਤੇ ਆਪ ਦੇ ਨੇਤਾਵਾਂ ਨੇ ਆਪਸੀ ਸਲਾਹ ਮਸ਼ਵਰਾ ਕੀਤਾ ਹੈ ਕਿ ਕਾਂਗਰਸੀ ਚੋਣ ਮੈਨੀਫ਼ੈਸਟੋ 'ਚ ਕੀਤੇ ਬੇਸ਼ੁਮਾਰ ਵਾਅਦਿਆਂ ਤੋਂ ਮੁਨਕਰ ਹੋਈ ਇਸ ਸਰਕਾਰ ਨੂੰ ਜ਼ਿਲ੍ਹਾ ਪੱਧਰ, ਤਹਿਸੀਲ ਪੱਧਰ, ਪਿੰਡ ਪੱਧਰ 'ਤੇ ਪਰਦਾਫ਼ਾਸ਼ ਕੀਤਾ ਜਾਵੇ।