
ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਅੱਜ ਅਤਿਵਾਦੀਆਂ ਨੂੰ ਆਰਥਕ ਸਹਾਇਤਾ ਉਪਲਭਧ ਕਰਵਾਉਣ ਦੇ ਦੋਸ਼ ਹੇਠ ਹੁਰੀਅਤ ਦੇ ਗਰਮਖ਼ਿਆਲ ਧੜੇ ਦੇ ਆਗੂ ਸਈਅਦ ਅਲੀ ਸ਼ਾਹ ਗਿਲਾਨੀ ਦੇ...
ਸ੍ਰੀਨਗਰ, 24 ਜੁਲਾਈ : ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਅੱਜ ਅਤਿਵਾਦੀਆਂ ਨੂੰ ਆਰਥਕ ਸਹਾਇਤਾ ਉਪਲਭਧ ਕਰਵਾਉਣ ਦੇ ਦੋਸ਼ ਹੇਠ ਹੁਰੀਅਤ ਦੇ ਗਰਮਖ਼ਿਆਲ ਧੜੇ ਦੇ ਆਗੂ ਸਈਅਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਸਣੇ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿਚ ਨਈਮ ਖ਼ਾਨ, ਅਯਾਜ਼ ਅਕਬਰ, ਅਲਤਾਫ਼ ਫੰਟੂਸ਼, ਮਹਿਰਾਜ ਕਲਵਲ, ਸ਼ਾਹਿਦ ਉਲ ਇਸਲਾਮ, ਪੀਰ ਸੈਫ਼ੁਲ੍ਹਾ ਅਤੇ ਫ਼ਾਰੂਕ ਅਹਿਮਦ ਦਾਰ ਉਰਫ਼ ਬਿੱਟਾ ਕਰਾਟੇ ਸ਼ਾਮਲ ਹਨ। ਬਿੱਟਾਂ ਕਰਾਟੇ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਸ੍ਰੀਨਗਰ ਤੋਂ ਹਿਰਾਸਤ ਵਿਚ ਲਿਆ ਗਿਆ।
ਗਿਲਾਨੀ ਦੀ ਜਵਾਈ ਅਲਤਾਫ਼ ਅਹਿਮਦ ਸ਼ਾਹ ਜਿਸ ਨੂੰ ਅਲਤਾਫ਼ ਫ਼ੰਟੂਸ਼ ਵਜੋਂ ਜਾਣਿਆ ਜਾਂਦਾ ਹੈ, ਤੋਂ ਪਿਛਲੇ ਮਹੀਨੇ ਕੌਮੀ ਜਾਂਚ ਏਜੰਸੀ ਨੇ ਪੁੱਛ-ਪੜਤਾਲ ਕੀਤੀ ਸੀ ਅਤੇ ਕਸ਼ਮੀਰ ਵਿਚ ਕਈ ਥਾਵਾਂ 'ਤੇ ਛਾਪੇ ਵੀ ਮਾਰੇ ਸਨ। ਐਨ.ਆਈ.ਏ. ਵਲੋਂ ਪਥਰਾਅ ਕਰਨ ਵਾਲਿਆਂ, ਸਕੂਲਾਂ ਵਿਚ ਸਾੜ-ਫੂਕ ਕਰਨ ਵਾਲਿਆਂ ਅਤੇ ਸਰਕਾਰੀ ਇਮਾਰਤਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਮਿਲ ਰਹੀ ਆਰਥਕ ਸਹਾਇਤਾ ਬਾਰੇ ਪੜਤਾਲ ਕੀਤੀ ਜਾ ਰਹੀ ਹੈ।
ਕੌਮੀ ਜਾਂਚ ਏਜੰਸੀ ਵਲੋਂ ਕੀਤੀਆਂ ਗਈਆਂ ਗ੍ਰਿਫ਼ਤਾਰੀਆਂ ਦੇ ਵਿਰੋਧ ਵਿਚ ਹੁਰੀਅਤ ਕਾਨਫ਼ਰੰਸ ਦੇ ਦੋਹਾਂ ਧੜਿਆਂ ਨੇ ਮੰਗਲਵਾਰ ਨੂੰ ਬੰਦ ਦਾ ਸੱਦਾ ਦਿਤਾ ਹੈ। (ਏਜੰਸੀ)