
ਖੇਤਾਂ 'ਚੋਂ ਭੱਜ ਕੇ ਪੁਲਿਸ ਮੁਲਾਜ਼ਮਾਂ ਨੇ ਬਚਾਈ ਜਾਨ
ਬਿਹਾਰ : ਭੋਜਪੁਰ 'ਚ ਪਿੰਡ ਵਾਸੀਆਂ ਨੇ ਪੁਲਿਸ ਟੀਮ 'ਤੇ ਹਮਲਾ ਕੀਤਾ। ਹਮਲੇ ਵਿੱਚ ਇੰਸਪੈਕਟਰ, ਏਐਸਆਈ ਸਮੇਤ 6 ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਸੋਮਵਾਰ ਸ਼ਾਮ ਨੂੰ ਟੀਮ ਪਿੰਡ 'ਚ ਸ਼ਰਾਬ ਪੀਣ ਅਤੇ ਵੇਚਣ ਦੀ ਸੂਚਨਾ 'ਤੇ ਛਾਪੇਮਾਰੀ ਕਰਨ ਗਈ ਸੀ। ਇਸ ਦੌਰਾਨ ਲੋਕਾਂ ਵਲੋਂ ਪੁਲਿਸ ਨੂੰ ਘੇਰਾ ਪਾ ਲਿਆ ਅਤੇ ਪੱਥਰ ਵੀ ਚਲਾਏ। ਜਵਾਬੀ ਕਾਰਵਾਈ ਵਿਚ ਪੁਲਿਸ ਵਲੋਂ ਲਾਠੀਚਾਰਜ ਕੀਤਾ ਗਿਆ।
ਇਸ ਦੌਰਾਨ ਕਈ ਪੁਲਿਸ ਅਧਿਕਾਰੀ ਜ਼ਖ਼ਮੀ ਹੋਏ ਹਨ ਅਤੇ ਪਿੰਡ ਦੀ ਇੱਕ ਔਰਤ ਦਾ ਸਿਰ ਪਾਟ ਗਿਆ। ਪੁਲਿਸ ਮੁਲਾਜ਼ਮਾਂ ਨੂੰ ਖੇਤਾਂ ਵਿੱਚ ਭੱਜ ਕੇ ਆਪਣੀ ਜਾਨ ਬਚਾਉਣੀ ਪਈ। ਮਾਮਲਾ ਸਹਾਰ ਥਾਣਾ ਖੇਤਰ ਦੇ ਰਾਜਦੇਵ ਨਗਰ ਮੁਸ਼ਰ ਤੋਲੀ ਪਿੰਡ ਦਾ ਹੈ।
ਇਹ ਵੀ ਪੜ੍ਹੋ: ਵਿਆਹ ਦੀ 25ਵੀਂ ਵਰ੍ਹੇਗੰਢ ਮੌਕੇ ਪਤੀ ਨੇ ਦਿੱਤਾ ਅਨੋਖਾ ਤੋਹਫ਼ਾ, ਕ੍ਰਿਸ਼ਨ ਕੁਮਾਰ ਨੇ ਪਤਨੀ ਸਰਿਤਾ ਨੂੰ ਦਿੱਤਾ ‘ਚੰਨ ਦਾ ਟੁਕੜਾ’
ਜ਼ਖ਼ਮੀਆਂ ਵਿੱਚ ਇੰਸਪੈਕਟਰ ਆਲੋਕ ਕੁਮਾਰ ਸਹਿਗਲ, ਇੰਸਪੈਕਟਰ ਰਾਹੁਲ ਕੁਮਾਰ ਦੂਬੇ, ਉਤਪਾਦ ਵਿਭਾਗ ਦੇ ਏਐਸਆਈ ਰਾਮ ਜੀ ਚੌਧਰੀ ਸਮੇਤ ਛੇ ਪੁਲਿਸ ਮੁਲਾਜ਼ਮ ਸ਼ਾਮਲ ਹਨ। ਜ਼ਖ਼ਮੀ ਪੁਲਿਸ ਅਧਿਕਾਰੀਆਂ ਅਤੇ ਮਹਿਲਾ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਪੁਲਿਸ ਵਲੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪਿੰਡ ਵਾਸੀਆਂ ਵਲੋਂ ਗ੍ਰਿਫ਼ਤਾਰੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਰਿਹਾਈ ਲਈ ਧਰਨਾ ਲਗਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੋਕਾਂ ਨੇ ਵਿਰੋਧ ਵਿਚ ਸੜਕ ਜਾਮ ਕਰ ਦਿੱਤੀ।