
ਜੇਕਰ ਡਾਕਟਰ ਲਾਪਰਵਾਹੀ ਕਰਦਾ ਹੈ ਤਾਂ ਮੁਆਵਜ਼ਾ ਦੇਣ ਦੀ ਜ਼ਿੰਮੇਵਾਰੀ ਹਸਪਤਾਲ ਦੀ ਹੋਵੇਗੀ
ਚੰਡੀਗੜ੍ਹ: ਡਾਕਟਰੀ ਲਾਪਰਵਾਹੀ ਦੇ ਮਾਮਲਿਆਂ ਵਿਚ ਅਕਸਰ ਹਸਪਤਾਲ ਪ੍ਰਬੰਧਕ ਸਾਰਾ ਦੋਸ਼ ਡਾਕਟਰਾਂ 'ਤੇ ਪਾ ਕੇ ਅਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਲੈਂਦੇ ਹਨ। ਅਜਿਹੇ ਮਾਮਲਿਆਂ ਦੇ ਸੰਦਰਭ ਵਿਚ ਰਾਸ਼ਟਰੀ ਖਪਤਕਾਰ ਕਮਿਸ਼ਨ ਨੇ ਇਕ ਅਹਿਮ ਫ਼ੈਸਲਾ ਸੁਣਾਇਆ ਹੈ। ਕਮਿਸ਼ਨ ਦੇ ਪ੍ਰੀਜ਼ਾਈਡਿੰਗ ਅਫਸਰ ਡਾ.ਐਸ.ਐਮ.ਕਾਂਤੀਕਰ ਦੀ ਬੈਂਚ ਨੇ ਅਪਣੇ ਫ਼ੈਸਲੇ ਵਿਚ ਕਿਹਾ ਹੈ ਕਿ ਜੇਕਰ ਡਾਕਟਰ ਕੋਈ ਡਾਕਟਰੀ ਲਾਪਰਵਾਹੀ ਕਰਦਾ ਹੈ ਤਾਂ ਅਜਿਹੇ ਮਾਮਲਿਆਂ ਵਿਚ ਮੁਆਵਜ਼ਾ ਦੇਣ ਦੀ ਜ਼ਿੰਮੇਵਾਰੀ ਹਸਪਤਾਲ ਦੀ ਹੋਵੇਗੀ ਜਿਸ ਨੇ ਉਕਤ ਡਾਕਟਰ ਨੂੰ ਤਨਖਾਹ ’ਤੇ ਰਖਿਆ ਹੈ। ਹਸਪਤਾਲ ਪ੍ਰਬੰਧਕ ਡਾਕਟਰ ਦੀ ਲਾਪਰਵਾਹੀ ’ਤੇ ਅਪਣੀ ਜ਼ਿੰਮੇਵਾਰੀ ਤੋਂ ਪਿਛੇ ਨਹੀਂ ਹਟ ਸਕਦੇ।
ਇਹ ਵੀ ਪੜ੍ਹੋ: ਕੈਲੀਫ਼ੋਰਨੀਆ ਸੈਨੇਟ ਨੇ ਪਾਸ ਕੀਤਾ ਮੋਟਰਸਾਈਕਲ ਚਲਾਉਣ ਵੇਲੇ ਸਿੱਖਾਂ ਨੂੰ ਹੈਲਮੇਟ ਪਾਉਣ ਤੋਂ ਛੋਟ ਦੇਣ ਵਾਲਾ ਬਿੱਲ
ਕਮਿਸ਼ਨ ਨੇ ਇਹ ਫ਼ੈਸਲਾ ਚੰਡੀਗੜ੍ਹ ਦੇ ਸੈਕਟਰ-16 ਸਥਿਤ ਸਰਕਾਰੀ ਮੈਡੀਕਲ ਸੁਪਰ ਸਪੈਸ਼ਲਿਟੀ ਹਸਪਤਾਲ (ਜੀ.ਐਮ.ਐਸ.ਐਚ.) ਵਿਚ ਗਰਭਵਤੀ ਔਰਤ ਸੁਮਨ ਨੂੰ ਗਲਤ ਯੂਨਿਟ ਖੂਨ ਚੜ੍ਹਾਉਣ ਦੇ ਮਾਮਲੇ ਵਿਚ ਸਰਕਾਰੀ ਹਸਪਤਾਲ ਵਿਚ ਕੰਮ ਕਰਦੇ 3 ਡਾਕਟਰਾਂ ਦੀ ਅਪੀਲ ’ਤੇ ਦਿਤਾ ਹੈ। ਇਨ੍ਹਾਂ ਡਾਕਟਰਾਂ ਨੇ ਰਾਜ ਖਪਤਕਾਰ ਕਮਿਸ਼ਨ ਦੇ ਉਸ ਫ਼ੈਸਲੇ ਨੂੰ ਚੁਨੌਤੀ ਦਿਤੀ ਸੀ, ਜਿਸ ਵਿਚ ਮੈਡੀਕਲ ਲਾਪਰਵਾਹੀ ਦੇ ਮਾਮਲੇ ਵਿਚ ਹਸਪਤਾਲ ਪ੍ਰਬੰਧਨ ਅਤੇ ਇਸ ਦੇ ਡਾਕਟਰਾਂ ਨੂੰ ਸਾਂਝੇ ਤੌਰ 'ਤੇ ਹਰਜਾਨਾ ਅਦਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ।
ਇਹ ਵੀ ਪੜ੍ਹੋ: ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਓਡੀਸ਼ਾ ਰੇਲ ਹਾਦਸੇ 'ਤੇ ਪ੍ਰਗਟਾਇਆ ਦੁੱਖ
ਰਾਸ਼ਟਰੀ ਖਪਤਕਾਰ ਕਮਿਸ਼ਨ ਨੇ ਜੀ.ਐਮ.ਐਸ.ਐਚ. ਪ੍ਰਬੰਧਨ ਨੂੰ ਹੁਕਮ ਦਿਤੇ ਹਨ ਕਿ ਉਹ ਅਪਣੇ ਡਾਕਟਰਾਂ ਵਲੋਂ ਵਰਤੀ ਗਈ ਡਾਕਟਰੀ ਲਾਪਰਵਾਹੀ ’ਤੇ ਪੀੜਤ ਔਰਤ ਅਤੇ ਉਸ ਦੇ ਪਰਿਵਾਰ ਨੂੰ 4 ਲੱਖ ਰੁਪਏ ਦੇ ਮੁਆਵਜ਼ੇ ਦੀ ਪੂਰੀ ਰਕਮ 9 ਫ਼ੀ ਸਦੀ ਵਿਆਜ ਸਮੇਤ ਅਦਾ ਕਰਨ। ਇਸ ਤੋਂ ਇਲਾਵਾ ਪੀੜਤ ਨੂੰ ਕੇਸ ਦੇ ਖਰਚੇ ਲਈ 50 ਹਜ਼ਾਰ ਰੁਪਏ ਵਖਰੇ ਤੌਰ 'ਤੇ ਦਿਤੇ ਜਾਣ। ਕਮਿਸ਼ਨ ਨੇ ਕਿਹਾ ਕਿ 4 ਲੱਖ ਰੁਪਏ 'ਚੋਂ ਜੀ.ਐਮ.ਐਸ.ਐਚ. ਨੇ ਪੀੜਤ ਨੂੰ 1 ਲੱਖ ਰੁਪਏ ਦਾ ਭੁਗਤਾਨ ਕੀਤਾ ਹੈ। ਇਸ ਲਈ ਉਹ 6 ਹਫ਼ਤਿਆਂ ਦੇ ਅੰਦਰ ਪੀੜਤ ਪਰਿਵਾਰ ਨੂੰ ਬਾਕੀ 3 ਲੱਖ ਰੁਪਏ ਦੇਵੇ। ਸੁਮਨ ਦੀ ਡਿਲੀਵਰੀ ਦੌਰਾਨ ਦਸੰਬਰ 2010 ਵਿਚ ਜੀ.ਐਮ.ਐਸ.ਐਚ. -16 ਵਿਚ ਦਾਖਲ ਕਰਵਾਇਆ ਗਿਆ ਸੀ। ਉਸ ਵਿਚ ਖ਼ੂਨ ਦੀ ਕਮੀ ਸੀ।
ਇਹ ਵੀ ਪੜ੍ਹੋ: ਚਿੱਟੇ ਵਾਲਾਂ ਨੂੰ ਕਾਲਾ ਕਰਨ ਲਈ ਕਰੋ ਕਲੋਂਜੀ ਦੀ ਵਰਤੋਂ
ਸੁਮਨ ਦਾ ਬਲੱਡ ਗਰੁੱਪ ਚੈੱਕ ਕਰਨ ਤੋਂ ਬਾਅਦ ਡਾਕਟਰਾਂ ਨੇ ਉਸ ਦੇ ਪਤੀ ਦੇਸ਼ਰਾਜ ਨੂੰ ਬਲੱਡ ਬੈਂਕ ਤੋਂ ਬੀ-ਪਾਜ਼ੇਟਿਵ ਬਲੱਡ ਲਿਆਉਣ ਲਈ ਕਿਹਾ। ਦੇਸ਼ਰਾਜ ਨੇ ਖੂਨ ਲਿਆ ਕੇ ਡਾਕਟਰਾਂ ਨੂੰ ਦਿਤਾ। ਖੂਨ ਦਾ ਯੂਨਿਟ ਚੜ੍ਹਦੇ ਹੀ ਸੁਮਨ ਦੀ ਹਾਲਤ ਵਿਗੜ ਗਈ। ਜਦ ਡਾਕਟਰਾਂ ਨੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਸੁਮਨ ਦਾ ਬਲੱਡ ਗਰੁੱਪ ਏ ਨੈਗੇਟਿਵ ਹੈ ਅਤੇ ਡਾਕਟਰਾਂ ਨੇ ਗਲਤ ਟੈਸਟ ਕਰਨ ਤੋਂ ਬਾਅਦ ਬੀ- ਪਾਜ਼ੇਟਿਵ ਖੂਨ ਚੜ੍ਹਾਇਆ ਸੀ। ਇਸ ਕਾਰਨ ਸੁਮਨ ਦੀ ਕਿਡਨੀ ਫੇਲ ਹੋ ਗਈ ਅਤੇ ਉਸ ਦੇ ਬੱਚੇ ਦੀ ਵੀ ਗਰਭ ਵਿਚ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ: ਦਰਬਾਰ ਸਾਹਿਬ 'ਤੇ ਭਾਰਤੀ ਫ਼ੌਜ ਦੇ ਹਮਲੇ ਦੇ ਕੁੱਝ ਅਣਜਾਣੇ ਤੱਥ
ਪੀੜਤ ਔਰਤ ਨੂੰ ਰਾਹਤ ਦਿੰਦੇ ਹੋਏ ਰਾਜ ਖਪਤਕਾਰ ਕਮਿਸ਼ਨ ਨੇ ਇਸ ਫ਼ੈਸਲੇ ਵਿਚ ਇਹ ਗਲਤੀ ਕੀਤੀ ਕਿ ਹਰਜਾਨਾ ਰਾਸ਼ੀ ਹਸਪਤਾਲ ਅਤੇ ਲਾਪਰਵਾਹੀ ਕਰਨ ਵਾਲੇ ਡਾਕਟਰਾਂ ਨੂੰ ਮਿਲ ਕੇ ਭਰਨ ਲਈ ਕਿਹਾ ਸੀ। ਜਦਕਿ ਹਰਜਾਨਾ ਭਰਨਾ ਹਸਪਤਾਲ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਸੀ। ਕੌਮੀ ਕਮਿਸ਼ਨ ਨੇ ਕਿਹਾ ਕਿ ਕਿਸੇ ਵੀ ਹਸਪਤਾਲ ਵਿਚ ਕੰਮ ਕਰਨ ਵਾਲੇ ਡਾਕਟਰਾਂ ਦਾ ਉਸ ਹਸਪਤਾਲ ਨਾਲ ਸੇਵਾ ਦਾ ਇਕਰਾਰਨਾਮਾ ਹੁੰਦਾ ਹੈ। ਹਸਪਤਾਲ ਦੇ ਪ੍ਰਬੰਧਕਾਂ ਦੀ ਤਨਖਾਹ 'ਤੇ ਡਾਕਟਰ ਹਸਪਤਾਲ ਲਈ ਕੰਮ ਕਰਦੇ ਹਨ। ਅਜਿਹੀ ਸਥਿਤੀ ਵਿਚ ਹਸਪਤਾਲ ਪ੍ਰਬੰਧਨ ਡਾਕਟਰਾਂ ਦੀ ਲਾਪਰਵਾਹੀ ਦਾ ਮੁਆਵਜ਼ਾ ਦੇਣ ਲਈ ਪੂਰੀ ਤਰ੍ਹਾਂ ਪਾਬੰਦ ਹੋਵੇਗਾ।