16 ਜੂਨ ਨੂੰ ਹੋਵੇਗੀ ਸਜ਼ਾ ਸਮੀਖਿਆ ਬੋਰਡ ਦੀ ਮੀਟਿੰਗ
ਨਵੀਂ ਦਿੱਲੀ: ਦਿੱਲੀ ਦੇ ਗ੍ਰਹਿ ਮੰਤਰੀ ਕੈਲਾਸ਼ ਗਹਿਲੋਤ ਦੀ ਅਗਵਾਈ ਵਾਲੇ ਸਜ਼ਾ ਸਮੀਖਿਆ ਬੋਰਡ ਦੀ ਮੀਟਿੰਗ 16 ਜੂਨ ਨੂੰ ਹੋਣ ਜਾ ਰਹੀ ਹੈ, ਇਸ ਮੀਟਿੰਗ ਵਿਚ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ’ਤੇ ਚਰਚਾ ਹੋ ਸਕਦੀ ਹੈ। ਪ੍ਰੋ. ਭੁੱਲਰ ਇਸ ਵੇਲੇ ਅੰਮ੍ਰਿਤਸਰ ਜੇਲ ਵਿਚ ਬੰਦ ਹਨ ਤੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ। ਸਜ਼ਾ ਸਮੀਖਿਆ ਬੋਰਡ ਵਿਚ ਤਿਹਾੜ ਜੇਲ ਦੇ ਡਾਇਰੈਕਟਰ, ਗ੍ਰਹਿ ਤੇ ਕਾਨੂੰਨ ਵਿਭਾਗਾਂ ਦੇ ਸਕੱਤਰ ਅਤੇ ਡਾਇਰੈਕਟਰ ਸਮਾਜ ਭਲਾਈ ਵਿਭਾਗ ਮੈਂਬਰ ਹੁੰਦੇ ਹਨ।
ਇਹ ਵੀ ਪੜ੍ਹੋ: ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਕਰੀਬ 9 ਕਿੱਲੋ ਹੈਰੋਇਨ ਸਮੇਤ ਦੋ ਤਸਕਰਾਂ ਨੂੰ ਕੀਤਾ ਕਾਬੂ
ਦਿੱਲੀ ਜੇਲ ਨਿਯਮ 2018 ਮੁਤਾਬਕ ਸਜ਼ਾ ਸਮੀਖਿਆ ਬੋਰਡ ਦੀ ਹਰ ਛੇ ਮਹੀਨੇ ਬਾਅਦ ਮੀਟਿੰਗ ਹੁੰਦੀ ਹੈ ਜਿਸ ਵਿਚ ਤਾਜ਼ਾ ਅਤੇ ਪਹਿਲਾਂ ਰੱਦ ਕੀਤੇ ਮਾਮਲੇ ਵਿਚਾਰੇ ਜਾਂਦੇ ਸਨ। ਇਸ ਦੌਰਾਨ ਉਮਰ ਕੈਦ ਦੀ ਸਜ਼ਾ ਕੱਟ ਰਹੇ ਕੈਦੀਆਂ ਦੀ ਜਲਦ ਰਿਹਾਈ ’ਤੇ ਵਿਚਾਰ ਕੀਤਾ ਜਾਂਦਾ ਹੈ। ਦਿੱਲੀ ਸਰਕਾਰ ਦੇ ਇਕ ਅਧਿਕਾਰੀ ਨੇ ਨਾਮ ਨਾ ਦਸਣ ਦੀ ਸ਼ਰਤ ’ਤੇ ਦਸਿਆ ਕਿ ਇਸ ਦੌਰਾਨ ਕੈਦੀਆਂ ਦੁਆਰਾ ਲਈ ਗਈ ਪੈਰੋਲ/ ਫਰਲੋ ਦੇ ਨਾਲ-ਨਾਲ ਜੇਲ ਵਿਚ ਉਨ੍ਹਾਂ ਦੇ ਵਿਵਹਾਰ ਆਦਿ ਸਬੰਧੀ ਚਰਚਾ ਕੀਤੀ ਜਾਂਦੀ ਹੈ। ਅਧਿਕਾਰੀ ਨੇ ਕਿਹਾ ਕਿ ਸਜ਼ਾ ਸਮੀਖਿਆ ਬੋਰਡ ਜਾਂ ਤਾਂ ਛੇਤੀ ਰਿਹਾਈ ਲਈ ਕੇਸਾਂ ਨੂੰ ਰੱਦ ਕਰਦਾ ਹੈ ਜਾਂ ਵੋਟਾਂ ਦੇ ਆਧਾਰ 'ਤੇ ਮੁਲਤਵੀ ਕਰ ਦਿੰਦਾ ਹੈ।
ਇਹ ਵੀ ਪੜ੍ਹੋ: ਡਿਊਟੀ ਤੋਂ ਵਾਪਸ ਪਰਤ ਰਹੀ ਮਹਿਲਾ ਪ੍ਰੋਫੈਸਰ ਨੂੰ ਟਰੈਕਟਰ-ਟਰਾਲੀ ਨੇ ਦਰੜਿਆ, ਮੌਤ
ਉਨ੍ਹਾਂ ਦਸਿਆ, "ਵੋਟਾਂ ਦੀ ਗਿਣਤੀ ਤੋਂ ਬਾਅਦ ਰਿਹਾਈ ਨੂੰ ਮਨਜ਼ੂਰੀ ਜਾਂ ਰੱਦ ਕਰ ਦਿਤਾ ਜਾਂਦਾ ਹੈ। ਜਦ ਮੈਂਬਰ ਕਿਸੇ ਕੈਦੀ ਦੀ ਰਿਹਾਈ ਨੂੰ ਮਨਜ਼ੂਰੀ ਜਾਂ ਇਨਕਾਰ ਨਹੀਂ ਕਰਦੇ ਤਾਂ ਕੇਸ ਮੁਲਤਵੀ ਹੋ ਜਾਂਦੇ ਹਨ”। ਪ੍ਰੋ. ਭੁੱਲਰ ਦਾ ਕੇਸ ਵੀ ਮਾਰਚ 2022 ਵਿਚ ਮੁਲਤਵੀ ਕਰ ਦਿਤਾ ਗਿਆ ਸੀ। ਆਮ ਤੌਰ 'ਤੇ ਅਜਿਹੇ ਮਾਮਲਿਆਂ ਨੂੰ ਮੁਲਤਵੀ ਕੀਤਾ ਜਾਂਦਾ ਹੈ ਜੋ ਸਿਆਸੀ ਤੌਰ 'ਤੇ ਸੰਵੇਦਨਸ਼ੀਲ ਹੁੰਦੇ ਹਨ। ਅਧਿਕਾਰੀ ਨੇ ਦਸਿਆ ਕਿ ਸਜ਼ਾ ਸਮੀਖਿਆ ਬੋਰਡ ਦੀ ਆਖ਼ਰੀ ਮੀਟਿੰਗ ਦਸੰਬਰ 2022 ਵਿਚ ਹੋਈ ਸੀ।
ਇਹ ਵੀ ਪੜ੍ਹੋ: ਰਣਦੀਪ ਸੁਰਜੇਵਾਲਾ ਵਿਰੁਧ ਗ਼ੈਰ-ਜ਼ਮਾਨਤੀ ਵਾਰੰਟ ਜਾਰੀ, 9 ਜੂਨ ਨੂੰ ਪੇਸ਼ ਹੋਣ ਦੇ ਹੁਕਮ
ਜ਼ਿਕਰਯੋਗ ਹੈ ਕਿ 11 ਸਤੰਬਰ 1993 ਨੂੰ ਦਿੱਲੀ ਵਿਚ ਯੂਥ ਕਾਂਗਰਸ ਦੇ ਹੈਡਕੁਆਰਟਰ ਦੇ ਬਾਹਰ ਬੰਬ ਧਮਾਕਾ ਹੋਇਆ ਸੀ ਜਿਸ ਵਿਚ 9 ਲੋਕ ਮਾਰੇ ਗਏ ਸਨ ਤੇ 31 ਜ਼ਖ਼ਮੀ ਹੋ ਗਏ ਸਨ। ਅਗਸਤ 2001 ਵਿਚ ਟਾਡਾ ਅਦਾਲਤ ਨੇ ਭੁੱਲਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। 2014 ਵਿਚ ਸੁਪ੍ਰੀਮ ਕੋਰਟ ਨੇ ਉਹਨਾਂ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਕਰ ਦਿਤੀ ਸੀ ਜਿਸ ਮਗਰੋਂ ਜੂਨ 2015 ਵਿਚ ਉਨ੍ਹਾਂ ਨੂੰ ਤਿਹਾੜ ਜੇਲ ਤੋਂ ਅੰਮ੍ਰਿਤਸਰ ਦੀ ਕੇਂਦਰੀ ਜੇਲ ਵਿਚ ਸ਼ਿਫਟ ਕਰ ਦਿਤਾ ਗਿਆ ਸੀ। ਕਈ ਸਿੱਖ ਜਥੇਬੰਦੀਆਂ ਅਤੇ ਕਾਰਕੁਨ ਭੁੱਲਰ ਦੀ ਜਲਦੀ ਰਿਹਾਈ ਦੀ ਮੰਗ ਕਰ ਰਹੇ ਹਨ।