ਪੁਲ ਟੁੱਟਣ ਦੀ ਦੂਜੀ ਘਟਨਾ, ਦਸੰਬਰ ’ਚ ਵੀ ਪੁਲ ਦਾ ਇਕ ਹਿੱਸਾ ਟੁੱਟ ਗਿਆ ਸੀ
ਪਟਨਾ: ਗੰਗਾ ਨਦੀ ’ਤੇ ਚਾਰ ਲੇਨ ਦਾ ਇਕ ਉਸਾਰੀ ਅਧੀਨ ਪੁਲ ਅੱਜ ਤਾਸ਼ ਦੇ ਪੱਤਿਆਂ ਵਾਂਗ ਟੁੱਅ ਕੇ ਨਦੀ ’ਚ ਡਿੱਗ ਗਿਆ। ਪੁਲ ਦਾ ਨੀਂਹ ਪੱਥਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ 2014 ’ਚ ਰਖਿਆ ਸੀ, ਜੋ ਕਿ ਸੁਲਤਾਨਗੰਜ ਅਤੇ ਖਗੜੀਆ ਜ਼ਿਲ੍ਹਿਆਂ ਨੂੰ ਜੋੜਦਾ ਹੈ।
ਪੁਲ ਦੇ ਟੁੱਟ ਕੇ ਡਿੱਗਣ ਦੀ ਵੀਡੀਓ ਲੋਕਾਂ ਨੇ ਫ਼ੋਨ ’ਤੇ ਰੀਕਾਰਡ ਕਰ ਲਈ ਜੋ ਕਿ ਸੋਸ਼ਲ ਮੀਡੀਆ ’ਤੇ ਬਹੁਤ ਵੇਖੀ ਜਾ ਰਹੀ ਹੈ। ਜ਼ਿਲ੍ਹੇ ਦੇ ਇਕ ਸਿਖਰਲੇ ਅਫ਼ਸਰ ਨੇ ਕਿਹਾ, ‘‘ਪੁਲ ਦੇ ਟੁੱਟਣ ਦੀ ਘਟਨਾ ਸ਼ਾਮ 6 ਵਜੇ ਵਾਪਰੀ। ਇਸ ਘਟਨਾ ’ਚ ਕਿਸੇ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਅਸੀਂ ਪੁਲ ਨਿਰਮਾਣ ਨਿਗਮ ਤੋਂ ਰੀਪੋਰਟ ਮੰਗੀ ਹੈ।’’ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਘਟਨਾ ਦੀ ਜਾਂਚ ਕਰਨ ਦਾ ਹੁਕਮ ਦਿਤਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ’ਚ ਵੀ ਪੁਲ ਦੋ ਟੁਕੜਿਆਂ ’ਚ ਟੁੱਟ ਕੇ ਬੇਗੂਸਰਾਏ ਜ਼ਿਲ੍ਹੇ ’ਚ ਬੁੱਢ ਗੰਢਕ ’ਚ ਡਿੱਗ ਗਿਆ ਸੀ। ਪੁਲ ’ਤੇ ਅਜੇ ਤਕ ਆਵਾਜਾਈ ਸ਼ੁਰੂ ਨਹੀਂ ਹੋਈ ਸੀ ਜਿਸ ਕਰਕੇ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ।