
ਸੌਦਾ ਸਾਧ ਰਾਮ ਰਹੀਮ ਨੂੰ ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿੱਚ 10-10 ਸਾਲਾ ਸਜ਼ਾਵਾਂ ਸੁਣਾਏ ਜਾਣ ਦੇ ਲਗਭਗ ਇੱਕ ਸਾਲ ਦੇ ਅੰਦਰ ਹੀ ਉਸ ਵਿਰੁਧ ਜਾਂਚ ਅਧੀਨ ਸਾਧੂਆਂ ..........
ਚੰਡੀਗੜ੍ਹ : ਸੌਦਾ ਸਾਧ ਰਾਮ ਰਹੀਮ ਨੂੰ ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿੱਚ 10-10 ਸਾਲਾ ਸਜ਼ਾਵਾਂ ਸੁਣਾਏ ਜਾਣ ਦੇ ਲਗਭਗ ਇੱਕ ਸਾਲ ਦੇ ਅੰਦਰ ਹੀ ਉਸ ਵਿਰੁਧ ਜਾਂਚ ਅਧੀਨ ਸਾਧੂਆਂ ਨੂੰ ਜਬਰੀ ਨਿਪੁੰਸਕ ਬਣਾਏ ਜਾਣ ਦੇ ਮਾਮਲੇ ਚ ਦੋਸ਼ ਤੈਅ ਹੋ ਗਏ ਹਨ। ਕਰੀਬ 400 ਮਰਦ ਸਾਧੁਆਂ ਨੂੰ ਨਿਪੁੰਸਕ ਬਣਾਏ ਜਾਣ ਦੇ ਇਸ ਮਾਮਲੇ ਵਿੱਚ ਪੰਚਕੂਲਾ ਸਥਿਤ ਸੀਬੀਆਈ ਦੀ ਉਸੇ ਵਿਸ਼ੇਸ਼ ਅਦਾਲਤ ਨੇ ਰਾਮ ਰਹੀਮ ਸਣੇ ਡਾ. ਮੋਹਿੰਦਰ ਇੰਸਾ ਅਤੇ ਡਾ . ਪੀ ਆਰ ਨੈਨ ਉੱਤੇ ਦੋਸ਼ ਤੈਅ ਕੀਤੇ ਹਨ ਜਿਥੇ ਉਸ ਨੂੰ ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ਚ ਸਜ਼ਾ ਸੁਣਾਈ ਗਈ ਸੀ।
ਫਰਕ ਸਿਰਫ ਇੰਨਾ ਰਿਹਾ ਕਿ 25 ਅਗਸਤ ਨੂੰ ਪਿਛਲੇ ਮਾਮਲੇ ਚ ਦੋਸ਼ ਤੈਅ ਕਰਨ ਮੌਕੇ ਅਦਾਲਤ ਨੇ ਸਾਧ ਨੂੰ ਨਿਜੀ ਤੌਰ ਉਤੇ ਅਦਾਲਤ ਵਿਚ ਆ ਸਕਣ ਦਾ ਮੌਕਾ ਦਿੱਤਾ ਸੀ, ਜਿਸ ਦੇ ਰੋਸ ਵਿਚ ਉਸ ਦੇ ਪੈਰੋਕਾਰਾਂ ਨੇ ਪੰਚਕੁਲਾ ਵਿਚ ਖੁੜਦੁੰਮ ਮਚਾ ਦਿੱਤਾ ਸੀ। ਅੱਜ ਦੂਜੇ ਮਾਮਲੇ ਚ ਦੋਸ਼ ਤੈਅ ਕਰਨ ਮੌਕੇ ਅਦਾਲਤ ਨੇ ਸਾਧ ਨੂੰ ਸੁਨਾਰੀਆ ਜੇਲ੍ਹ ਤੋਂ ਸਿਰਫ ਵੀਡੀਓ ਕਾਨਫਰੰਸਿੰਗ ਰਾਹੀਂ ਹੀ ਅਦਾਲਤ ਵਿਚ ਸੰਕੇਤਕ ਤੌਰ ਉਤੇ ਹਾਜ਼ਰ ਕੀਤਾ। ਇਸ ਕੇਸ ਵਿਚ ਤਿੰਨਾਂ ਦੇ ਵਿਰੁਧ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 326, 417, 506 ਅਤੇ 120ਬੀ ਦੇ ਤਹਿਤ ਦੋਸ਼ ਤੈਅ ਕੀਤੇ ਗਏ ਹਨ।
ਮਾਮਲੇ ਦੀ ਅਗਲੀ ਸੁਣਵਾਈ ਹੁਣ 17 ਅਗਸਤ ਨੂੰ ਹੋਵੇਗੀ। ਦੋਸ਼ ਤੈਅ ਕਰਨ ਮੌਕੇ ਬਚਾਅ ਪੱਖ ਨੇ ਬਹਿਸ ਕਰਦੇ ਹੋਏ ਧਾਰਾ 326 , 417 ਅਤੇ 120ਬੀ ਹਟਾਉਣ ਲਈ ਆਪਣਾ ਪੱਖ ਰੱਖਿਆ। ਬਚਾਅ ਪੱਖ ਦੇ ਵਕੀਲ ਧਰੁਵ ਗੁਪਤਾ ਨੇ ਬਹਿਸ ਕਰਦੇ ਹੋਏ ਕਿਹਾ ਕਿ ਗੁਰਮੀਤ ਰਾਮ ਰਹੀਮ ਦੁਆਰਾ ਕਿਸੇ ਨੂੰ ਵੀ ਨਿਪੁੰਸਕ ਨਹੀਂ ਬਣਾਇਆ ਗਿਆ ਹੈ ਅਤੇ ਉਂਜ ਵੀ ਇਸ ਮਾਮਲੇ ਵਿੱਚ ਧਾਰਾ 326 ਨਹੀਂ ਲਾਉਣੀ ਬਣਦੀ ਕਿਉਂਕਿ ਜਿਨ੍ਹਾਂ ਲੋਕਾਂ ਨੂੰ ਨਾਪੁੰਸਕ ਬਣਾਉਣ ਦੀ ਗੱਲ ਆ ਰਹੀ ਹੈ, ਉਨ੍ਹਾਂ ਦੇ ਸਰਜਿਕਲ ਆਪਰੇਸ਼ਨ ਹੋਏ ਹਨ।
ਜਦਕਿ ਧਾਰਾ 326 ਕਿਸੇ ਘਾਤਕ ਹਥਿਆਰ ਦੀ ਵਰਤੋਂ ਕੀਤੀ ਗਈ ਹੋਣ ਦੀ ਸੂਰਤ 'ਚ ਲਗਦੀ ਹੈ , ਇਸ ਲਈ ਇਸ ਧਾਰਾ ਨੂੰ ਹਟਾਇਆ ਜਾਣਾ ਚਾਹੀਦਾ ਹੈ।
ਧਰੁਵ ਗੁਪਤਾ ਨੇ ਧਾਰਾ 417 (ਧੋਖਾ) ਉੱਤੇ ਪੱਖ ਰੱਖਦੇ ਹੋਏ ਕਿਹਾ ਕਿ ਗੁਰਮੀਤ ਰਾਮ ਰਹੀਮ ਨੇ ਕਿਸੇ ਦੇ ਨਾਲ ਧੋਖਾ ਨਹੀਂ ਕੀਤਾ ਹੈ। ਤਰਕ ਦਿੱਤਾ ਗਿਆ ਕਿ ਉਕਤ ਸਾਧੁਆਂ ਨੇ ਮੁਕਤੀ ਪ੍ਰਾਪਤ ਕਰਨ ਲਈ ਖੁਦ ਅਪਣੇ ਅੰਡਕੋਸ਼ ਕਟਵਾਏ ਸਨ। ਇਸ ਵਿੱਚ ਰਾਮ ਰਹੀਮ ਦਾ ਕੋਈ ਹਿਤ ਨਹੀਂ ਸੀ।
ਕੋਈ ਵੀ ਇਨਸਾਨ ਧੋਖਾਧੜੀ ਉਦੋਂ ਕਰਦਾ ਹੈ, ਜਦੋਂ ਉਸਦਾ ਕੋਈ ਹਿਤ ਜੁੜਿਆ ਹੋਵੇ । ਇਸੇ ਤਰਾਂ ਸਾਧ ਦੇ ਵਕੀਲ ਨੇ ਦੂਜੇ ਮੁਲਜ਼ਮਾਂ ਦਾ ਵੀ ਬਚਾਅ ਕਰਦੇ ਹੋਏ ਧਾਰਾ 120 ਬੀ ਅਪਰਾਧਿਕ ਚਾਲ ਚਲਣ ਉੱਤੇ ਵੀ ਬਚਾਅ ਕਰਨ ਵਿਚ ਪੂਰਾ ਟਿੱਲ ਲਾਇਆ ਪਰ ਆਖਰ ਕੋਈ ਪੇਸ਼ ਨਹੀਂ ਗਈ ਅਤੇ ਅਦਾਲਤ ਨੇ ਸਭ ਦੇ ਵਿਰੁਧ ਉਕਤ ਸੰਗੀਨ ਧਾਰਾਵਾਂ ਤਹਿਤ ਦੋਸ਼ ਤੈਅ ਕਰ ਦਿੱਤੇ।