
ਵਰੁਣ ਸਿੰਗਲਾ ਪਿਛਲੇ ਕੁੱਝ ਦਿਨਾਂ ਤੋਂ ਛੁੱਟੀ 'ਤੇ ਸਨ
ਚੰਡੀਗੜ੍ਹ: ਹਰਿਆਣਾ ਦੇ ਨੂਹ ਵਿਚ ਸੋਮਵਾਰ ਨੂੰ ਭੜਕੀ ਫਿਰਕੂ ਹਿੰਸਾ ਤੋਂ ਬਾਅਦ ਹਰਿਆਣਾ ਸਰਕਾਰ ਨੇ ਜ਼ਿਲ੍ਹੇ ਦੇ ਐਸ.ਪੀ. ਵਰੁਣ ਸਿੰਗਲਾ ਦਾ ਤਬਾਦਲਾ ਕਰ ਦਿਤਾ ਹੈ। ਉਨ੍ਹਾਂ ਨੂੰ ਨੂਹ ਤੋਂ ਹਟਾ ਕੇ ਹੁਣ ਭਿਵਾਨੀ ਜ਼ਿਲ੍ਹੇ ਦਾ ਐਸ.ਪੀ. ਬਣਾਇਆ ਗਿਆ ਹੈ, ਜਦਕਿ ਭਿਵਾਨੀ ਦੇ ਐਸ.ਪੀ. ਨਰਿੰਦਰ ਬਿਜਾਰਨੀਆ ਨੂੰ ਨੂਹ ਜ਼ਿਲ੍ਹੇ ਦੀ ਜ਼ਿੰਮੇਵਾਰੀ ਦਿਤੀ ਗਈ ਹੈ।
ਦੱਸ ਦੇਈਏ ਕਿ ਵਰੁਣ ਸਿੰਗਲਾ ਪਿਛਲੇ ਕੁੱਝ ਦਿਨਾਂ ਤੋਂ ਛੁੱਟੀ 'ਤੇ ਸਨ। ਉਨ੍ਹਾਂ ਦੀ ਗੈਰ-ਹਾਜ਼ਰੀ ਵਿਚ ਨਰਿੰਦਰ ਬਿਜਾਰਨੀਆ ਨੂੰ ਨੂਹ ਦਾ ਵਾਧੂ ਚਾਰਜ ਦਿਤਾ ਗਿਆ ਸੀ। ਹਰਿਆਣਾ 'ਚ ਹਿੰਸਾ ਦੇ ਦੋਸ਼ੀਆਂ ਵਿਰੁਧ ਪੁਲਿਸ ਨੇ ਕਾਰਵਾਈ ਤੇਜ਼ ਕਰ ਦਿਤੀ ਹੈ। ਹੁਣ ਤਕ ਪੰਜ ਜ਼ਿਲ੍ਹਿਆਂ ਵਿਚ 90 ਤੋਂ ਵੱਧ ਐਫ.ਆਈ.ਆਰ. ਦਰਜ ਅਤੇ 170 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹਿੰਸਾ ਤੋਂ ਬਾਅਦ ਨੂਹ 'ਚ ਕਰਫਿਊ ਲਗਾ ਦਿਤਾ ਗਿਆ ਹੈ ਅਤੇ ਇੰਟਰਨੈੱਟ 'ਤੇ ਪਾਬੰਦੀ ਵੀ ਜਾਰੀ ਹੈ।