
ਕਿਹਾ, ਉੱਚ ਪੱਧਰੀ ਕਮੇਟੀ ਹਰ ਪਹਿਲੂ ਨਾਲ ਜੁੜੀ ਪ੍ਰਕਿਰਿਆ ਦਾ ਖਾਕਾ ਤਿਆਰ ਕਰਨ 'ਚ ਜੁਟੀ
ਨਵੀਂ ਦਿੱਲੀ : ਦੇਸ਼ 'ਚ ਕੋਰੋਨਾ ਵਾਇਰਸ ਦੇ ਟੀਕਾਕਰਨ ਦੀਆਂ ਤਿਆਰੀਆਂ ਨੂੰ ਲੈ ਕੇ ਤਮਾਮ ਅਟਕਲਾਂ ਦਰਮਿਆਨ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਲੋਕਾਂ ਨੂੰ ਭਰੋਸਾ ਦਿਤਾ ਹੈ ਕਿ ਅਕਤੂਬਰ ਦੇ ਅਖ਼ੀਰ ਤਕ ਪੂਰਾ ਖਾਕਾ ਤਿਆਰ ਕਰ ਲਿਆ ਜਾਵੇਗਾ। ਇਸ 'ਚ ਸਾਰੇ ਸੂਬੇ ਅਤੇਂ ਕੇਂਦਰ ਸ਼ਾਸਤ ਪ੍ਰਦੇਸ਼ ਆਬਾਦੀ ਸਮੂਹ ਦੀ ਸੂਚੀ ਪੇਸ਼ ਕਰਨਗੇ, ਜਿਨ੍ਹਾਂ ਨੂੰ ਪਹਿਲਾ ਕੋਰੋਨਾ ਵੈਕਸੀਨ ਦਿਤੀ ਜਾਣੀ ਹੈ। ਹਰਸ਼ਵਰਧਨ ਨੇ ਕਿਹਾ ਕਿ ਜੁਲਾਈ 2021 ਤਕ ਕਰੀਬ 20 ਤੋਂ 25 ਕਰੋੜ ਲੋਕਾਂ ਲਈ ਕੋਰੋਨਾ ਵੈਕਸੀਨ ਦੀ ਵਿਵਸਥਾ ਹੋ ਜਾਵੇਗੀ। ਨੀਤੀ ਕਮਿਸ਼ਨ ਦੇ ਮੈਂਬਰ ਡਾ. ਵੀ. ਕੇ. ਪਾਲ ਦੀ ਪ੍ਰਧਾਨਗੀ ਵਿਚ ਗਠਿਤ ਉੱਚ ਪੱਧਰੀ ਕਮੇਟੀ ਕੋਰੋਨਾ ਵੈਕਸੀਨ ਨਾਲ ਸੰਬੰਧਤ ਹਰ ਪਹਿਲੂ ਨਾਲ ਜੁੜੀ ਪ੍ਰਕਿਰਿਆ ਦਾ ਖਾਕਾ ਤਿਆਰ ਕਰ ਰਹੀ ਹੈ।
Corona Vaccine
ਹਰਸ਼ਵਰਧਨ ਨੇ 'ਸੰਡੇ ਸੰਵਾਦ' ਵਿਚ ਕਿਹਾ ਕਿ ਸਰਕਾਰ ਜੰਗੀ ਪੱਧਰ 'ਤੇ ਇਸ ਦਿਸ਼ਾ ਵਿਚ ਕੰਮ ਕਰ ਰਹੀ ਹੈ ਕਿ ਜਦੋਂ ਕੋਰੋਨਾ ਵੈਕਸੀਨ ਤਿਆਰ ਹੋਵੇ, ਤਾਂ ਲੋਕਾਂ ਦਰਮਿਆਨ ਇਸ ਨੂੰ ਵੰਡਣਾ ਯਕੀਨੀ ਹੋ ਸਕੇ। ਦੁਨੀਆ ਦੇ ਹੋਰ ਦੇਸ਼ਾਂ ਵਾਂਗ ਕੇਂਦਰ ਸਰਕਾਰ ਵੀ ਇਸ ਗੱਲ 'ਤੇ ਧਿਆਨ ਦੇ ਰਹੀ ਹੈ ਕਿ ਕਿਸ ਤਰ੍ਹਾਂ ਹਰ ਵਿਅਕਤੀ ਨੂੰ ਕੋਰੋਨਾ ਵੈਕਸੀਨ ਮੁਹਈਆ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਸਿਹਤ ਮੰਤਰਾਲਾ ਸੂਬਿਆਂ ਨਾਲ ਮਿਲ ਕੇ ਇਕ ਖਾਕਾ ਤਿਆਰ ਕਰ ਰਿਹਾ ਹੈ ਕਿ ਕੋਰੋਨਾ ਵੈਕਸੀਨ ਪਹਿਲਾ ਕਿਸ ਨੂੰ ਦਿਤੀ ਜਾਵੇ। ਉਮੀਦ ਹੈ ਕਿ ਇਹ ਸੂਚੀ ਅਕਤੂਬਰ ਤਕ ਤਿਆਰ ਹੋ ਜਾਵੇਗੀ।
Coronavirus
ਪਲਾਜ਼ਮਾ ਦਾਨ ਕਰਨ 'ਤੇ ਉਨ੍ਹਾਂ ਦਸਿਆ ਕਿ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਨੇ ਚੁਨਿੰਦਾ ਸੰਸਥਾਵਾਂ ਨੂੰ ਪਲਾਜ਼ਮਾ ਥੈਰੇਪੀ ਦੇ ਟਰਾਇਲ ਦੀ ਮਨਜ਼ੂਰੀ ਦਿਤੀ ਹੈ। ਉਨ੍ਹਾਂ ਮੰਨਿਆ ਕਿ ਭਾਰਤ ਵਿਚ ਕੋਰੋਨਾ ਮਰੀਜ਼ਾਂ ਲਈ ਪਲਾਜ਼ਮਾ ਡੋਨਰ ਨੂੰ ਤਲਾਸ਼ਣਾ ਮੁਸ਼ਕਲ ਕੰਮ ਹੈ, ਕਿਉਂਕਿ ਕੋਰੋਨਾ ਤੋਂ ਠੀਕ ਹੋ ਚੁੱਕੇ ਲੋਕ ਪਲਾਜ਼ਮਾ ਡੋਨੇਟ ਕਰਨ ਲਈ ਇੰਨੇ ਉਤਸ਼ਾਹਤ ਨਾਲ ਅੱਗੇ ਨਹੀਂ ਆ ਰਹੇ ਹਨ। ਇਸ ਲਈ ਸਭ ਤੋਂ ਪਹਿਲਾਂ ਲੋਕਾਂ ਦੇ ਮਨ ਵਿਚ ਬੈਠੇ ਡਰ ਨੂੰ ਦੂਰ ਕਰਨਾ ਹੋਵੇਗਾ।
Dr. Harashvardhan
ਨਹੀਂ ਹੋ ਸਕੇਗੀ ਕੋਰੋਨਾ ਵੈਕਸੀਨ ਦੀ ਕਾਲਾਬਜ਼ਾਰੀ : ਡਾ. ਹਰਸ਼ਵਰਧਨ ਨੇ ਕਿਹਾ ਕਿ ਕੋਰੋਨਾ ਵੈਕਸੀਨ ਦੀ ਕਾਲਾਬਜ਼ਾਰੀ ਨਹੀਂ ਕੀਤੀ ਜਾ ਸਕੇਗੀ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਕੋਰੋਨਾ ਵੈਕਸੀਨ ਨੂੰ ਦੇਣ ਵਿਚ ਸਿਹਤ ਕਾਮਿਆਂ ਅਤੇ ਉਨ੍ਹਾਂ ਬਾਲਗਾਂ ਨੂੰ ਤਰਜੀਹ ਦਿਤੇ ਜਾਣ ਦੀ ਲੋੜ ਹੈ, ਜੋ ਹੋਰ ਬੀਮਾਰੀਆਂ ਨਾਲ ਪੀੜਤ ਹਨ। ਹਰਸ਼ਵਰਧਨ ਨੇ ਕਿਹਾ ਕਿ ਕੋਈ ਵੀ ਦਵਾਈ ਬਿਨਾਂ ਡਾਕਟਰੀ ਸਲਾਹ ਦੇ ਕਦੇ ਨਾ ਲਵੋ। ਵਿਟਾਮਿਨ-ਸੀ ਸਾਡੇ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰ ਕੇ ਰੋਗਾਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ। ਪਰ ਕੁਦਰਤੀ ਆਹਾਰ ਦੇ ਜ਼ਰੀਏ ਸਰੀਰ ਵਿਚ ਪੋਸ਼ਕ ਤੱਤਾਂ ਦੀ ਪੂਰਤੀ ਇਕ ਬਿਹਤਰ ਤਰੀਕਾ ਹੈ।