
ਮਹਾਰਾਸ਼ਟਰ ਵਿਚ ਛੇਤੀ ਸਰਕਾਰ ਬਣਾਉਣ ਦੀ ਲੋੜ : ਮੁੱਖ ਮੰਤਰੀ
ਨਵੀਂ ਦਿੱਲੀ : ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਪਾਰਟੀ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਦਿੱਲੀ ਵਿਚ ਮੁਲਾਕਾਤ ਕਰਨ ਮਗਰੋਂ ਕਿਹਾ ਕਿ ਰਾਜ ਵਿਚ ਛੇਤੀ ਹੀ ਸਰਕਾਰ ਬਣਾਉਣ ਦੀ ਲੋੜ ਹੈ। ਮਹਾਰਾਸ਼ਟਰ ਵਿਚ ਸਰਕਾਰ ਗਠਨ ਬਾਰੇ ਭਾਜਪਾ ਅਤੇ ਭਾਈਵਾਲ ਸ਼ਿਵ ਸੈਨਾ ਵਿਚਾਲੇ ਜਾਰੀ ਸਿਆਸੀ ਰੱਸਾਕਸ਼ੀ ਕਾਰਨ ਫੜਨਵੀਸ ਗ੍ਰਹਿ ਮੰਤਰੀ ਨੂੰ ਮਿਲਣ ਸੋਮਵਾਰ ਸਵੇਰੇ ਇਥੇ ਪੁੱਜੇ। ਮੁਲਾਕਾਤ ਸ਼ਾਹ ਦੇ ਘਰੇ ਹੋਈ।
Devendra Fadnavis
ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, 'ਮਹਾਰਾਸ਼ਟਰ ਵਿਚ ਛੇਤੀ ਸਰਕਾਰ ਬਣਾਉਣ ਦੀ ਲੋੜ ਹੈ। ਮੈਨੂੰ ਯਕੀਨ ਹੈ, ਮੈਨੂੰ ਵਿਸ਼ਵਾਸ ਹੈ ਕਿ ਸਰਕਾਰ ਬਣੇਗੀ।' ਇਸ ਤੋਂ ਬਾਅਦ ਭਾਜਪਾ ਦੇ ਜਨਰਲ ਸਕੱਤਰ ਭੁਪਿੰਦਰ ਯਾਦਵ ਨਾਲ ਵੀ ਉਨ੍ਹਾਂ ਮੁਲਾਕਾਤ ਕੀਤੀ ਜਿਹੜੇ ਮਹਾਰਾਸ਼ਟਰ ਚੋਣਾਂ ਦੇ ਇੰਚਾਰਜ ਸਨ। ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਉਲਟ ਭਾਜਪਾ ਅਤੇ ਸ਼ਿਵ ਸੈਲਾ ਨੇ ਇਹ ਚੋਣਾਂ ਮਿਲ ਕੇ ਲੜੀਆਂ ਸਨ। ਭਾਜਪਾ ਨੇ ਇਸ ਵਾਰ 105 ਸੀਟਾਂ ਜਿੱਤੀਆਂ ਜਦਕਿ ਸ਼ਿਵ ਸੈਨਾ ਨੇ 56 ਸੀਟਾਂ 'ਤੇ ਜਿੱਤ ਹਾਸਲ ਕੀਤੀ।
Shiv Sena-BJP
ਮੁੱਖ ਮੰਤਰੀ ਅਹੁਦੇ ਬਾਰੇ ਦੋਹਾਂ ਧਿਰਾਂ ਵਿਚ ਖਿੱਚੋਤਾਣ ਚੱਲ ਰਹੀ ਹੈ। ਸ਼ਿਵ ਸੈਨਾ 50-50 ਫ਼ਾਰਮੂਲੇ ਮੁਤਾਬਕ ਸਰਕਾਰ ਬਣਾਉਣ ਦੀ ਮੰਗ ਕਰ ਰਹੀ ਹੈ ਜਦਕਿ ਭਾਜਪਾ ਇਸ ਲਈ ਤਿਆਰ ਨਹੀਂ। ਫੜਨਵੀਸ ਨੇ ਸ਼ਾਹ ਨਾਲ ਕੀਤੀ ਮੁਲਾਕਾਤ ਦੌਰਾਨ ਮਹਰਾਸ਼ਟਰ ਵਿਚ ਬੇਮੌਸਮੇ ਮੀਂਹ ਕਾਰਨ ਪ੍ਰਭਾਵਤ ਕਿਸਾਨਾਂ ਨੂੰ ਰਾਹਤ ਪੈਕੇਜ ਦੇਣ ਲਈ ਕੇਂਦਰ ਨੂੰ ਅਪੀਲ ਕੀਤੀ। ਮੀਂਹ ਕਾਰਨ ਕਿਸਾਨਾਂ ਦੀ ਫ਼ਸਲ ਖ਼ਰਾਬ ਹੋ ਗਈ ਹੈ।
Sanjay Raut
ਉਧਰ, ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਊਤ ਨੇ ਰਾਜ ਦੇ ਮੰਤਰੀ ਅਤੇ ਪਾਰਟੀ ਆਗੂ ਰਾਮਦਾਸ ਕਦਮ ਨਾਲ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨਾਲ ਮੁਲਾਕਾਤ ਕੀਤੀ। ਰਾਜ ਭਵਨ ਦੇ ਅਧਿਕਾਰੀ ਨੇ ਦਸਿਆ ਕਿ ਸ਼ਿਵ ਸੈਨਾ ਆਗੂਆਂ ਨੇ ਸ਼ਾਮ ਪੰਜ ਵਜੇ ਰਾਜਪਾਲ ਨਾਲ ਮੁਲਾਕਾਤ ਕੀਤੀ। ਰਾਊਤ ਨੇ ਰਾਜਪਾਲ ਨੂੰ ਕਿਹਾ ਕਿ ਜਿਸ ਕੋਲ ਬਹੁਮਤ ਹੈ, ਉਸ ਨੂੰ ਹੀ ਸਰਕਾਰ ਬਣਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ।