
ਘਰਾਂ 'ਚ ਸੁੱਕਣੇ ਪਾਏ ਸਿਰਫ਼ ਔਰਤਾਂ ਦੇ ਕੱਪੜੇ ਹੀ ਹੋ ਰਹੇ ਨੇ ਗਾਇਬ
ਚੇਨਈ : ਆਮ ਤੌਰ 'ਤੇ ਚੋਰਾਂ ਦੀ ਨਜ਼ਰ ਸੋਨੇ ਚਾਂਦੀ ਦੇ ਗਹਿਣੀਆਂ ਜਾਂ ਹੋਰ ਕੀਮਤੀ ਚੀਜ਼ਾਂ 'ਤੇ ਹੁੰਦੀ ਹੈ। ਇਨ੍ਹਾਂ ਦੀ ਚੋਰੀ ਉਹ ਅਪਣੀਆਂ ਮਾਇਕੀ ਤੇ ਦੂਜੀਆਂ ਜ਼ਰੂਰਤਾਂ ਪੂਰੀਆਂ ਖ਼ਾਤਰ ਕਰਦੇ ਹਨ। ਇੱਥੋਂ ਤਕ ਤਾਂ ਚੋਰਾਂ ਦੀ ਮਾਨਸਿਕਤਾ ਤੇ ਜ਼ਰੂਰਤ ਦੀ ਸਮਝ ਪੈਂਦੀ ਹੈ। ਪਰ ਜਦੋਂ ਕੋਈ ਚੋਰ ਅਜਿਹੀਆਂ ਬਿਨਾਂ ਮਤਲਬ ਦੀਆਂ ਵਸਤਾਂ 'ਤੇ ਹੱਥ ਸਾਫ਼ ਕਰਨ ਲੱਗ ਜਾਵੇ, ਜਿਸ ਦਾ ਉਸ ਦੀਆਂ ਜ਼ਰੂਰਤਾਂ ਜਾਂ ਮਾਇਕੀ ਮਜਬੂਰੀ ਨਾਲ ਕੋਈ ਵਾਹ-ਵਾਸਤਾ ਨਹੀਂ ਹੁੰਦਾ ਤਾਂ ਅਜਿਹੇ ਚੋਰ ਨੂੰ ਵੇਖਣ ਤੇ ਉਸ ਬਾਰੇ ਜਾਣਨ ਦੀ ਹਰ ਕਿਸੇ ਦੀ ਇੱਛਾ ਜ਼ਰੂਰ ਹੋਵੇਗੀ। ਜੀ ਹਾਂ, ਅਜਿਹੇ ਹੀ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਅੱਜਕੱਲ੍ਹ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਦੀ ਪੁਲਿਸ ਕਰ ਰਹੀ ਹੈ।
Photo
ਖ਼ਬਰਾਂ ਮੁਤਾਬਕ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਵਿਖੇ ਅੱਜਕੱਲ੍ਹ ਇਕ ਅਜਿਹੀ ਕਿਸਮ ਦਾ ਚੋਰ ਸਰਗਰਮ ਹੈ ਜੋ ਕੇਵਲ ਔਰਤਾਂ ਦੇ ਧੋ ਕੇ ਸੁੱਕਣੇ ਪਾਏ ਅੰਡਰਗਾਰਮੈਂਟਸ (ਬਰਾ-ਪੈਂਟੀ) ਹੀ ਚੋਰੀ ਕਰਦਾ ਹੈ। ਪੁਲਿਸ ਵਲੋਂ ਇਸ ਚੋਰ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤਕ ਸਫ਼ਲਤਾ ਹੱਥ ਨਹੀਂ ਲੱਗੀ।
Photo
ਇਹ ਚੋਰ ਘਰ ਦੇ ਬਾਹਰ ਰੱਸੀ 'ਤੇ ਸੁੱਕਣੇ ਪਾਏ ਕੱਪੜਿਆਂ ਵਿਚੋਂ ਸਿਰਫ਼ ਔਰਤਾਂ ਦੇ ਅੰਡਰਗਾਰਮੈਂਟਸ ਨੂੰ ਹੀ ਅਪਣਾ ਨਿਸ਼ਾਨਾ ਬਣਾਉਂਦਾ ਹੈ। ਇਸੇ ਦੌਰਾਨ ਸੁੱਕਣੇ ਪਾਏ ਬਾਕੀ ਕੱਪੜੇ ਭਾਵੇਂ ਉਹ ਕਿੰਨੇ ਵੀ ਵਧੀਆ ਤੇ ਕੀਮਤੀ ਹੀ ਕਿਉਂ ਨਾ ਹੋਣ, ਚੋਰ ਉਨ੍ਹਾਂ ਨੂੰ ਹੱਥ ਤਕ ਨਹੀਂ ਲਾਉਂਦਾ।
Photo
ਚੇਨਈ ਦੇ ਅਦਮਬਕਮ ਦੀ ਨਿਊ ਕਾਲੋਨੀ ਦੀਆਂ ਔਰਤਾਂ ਦਾ ਕਹਿਣਾ ਹੈ ਕਿ ਪਿਛਲੇ ਹਫ਼ਤਿਆਂ ਦੌਰਾਨ ਉਨ੍ਹਾਂ ਨੂੰ ਇਕ ਵੱਖਰੀ ਕਿਸਮ ਦੀ ਚੋਰੀ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਔਰਤਾਂ ਅਨੁਸਾਰ ਜਦੋਂ ਉਹ ਅਪਣੇ ਕੱਪੜੇ ਘਰ ਦੇ ਬਾਹਰ ਸੁੱਕਣ ਲਈ ਪਾਉਂਦੀਆਂ ਹਨ ਤਾਂ ਉਨ੍ਹਾਂ ਵਿਚੋਂ ਅੰਡਰਗਾਰਮੈਂਟਸ ਗਾਇਬ ਹੋ ਜਾਂਦੇ ਹਨ।
Photo
ਨਿਊ ਕਾਲੋਨੀ ਦੀ ਰਹਿਣ ਵਾਲੀ ਆਰ ਮੈਰੀ ਨਾਂ ਦੀ ਔਰਤ ਨੇ ਦਸਿਆ ਕਿ ਨਿਊ ਕਾਲੋਨੀ 'ਚ ਘੱਟੋ-ਘੱਟ 10 ਔਰਤਾਂ ਦੇ ਕੱਪੜੇ ਚੋਰੀ ਹੋ ਚੁੱਕੇ ਹਨ। ਉਸ ਨੇ ਦਸਿਆ ਕਿ ਇਹ ਕੱਪੜੇ ਧੋਣ ਤੋਂ ਬਾਅਦ ਸੁੱਕਣ ਲਈ ਰੱਸੀ 'ਤੇ ਪਾਏ ਹੋਏ ਸਨ। ਔਰਤਾਂ ਅਨੁਸਾਰ ਉਨ੍ਹਾਂ ਵਲੋਂ ਪਹਿਲਾਂ ਵੀ ਇਸੇ ਤਰ੍ਹਾਂ ਕੱਪੜੇ ਸੁਕਣੇ ਪਾਏ ਜਾਂਦੇ ਸਨ ਪਰ ਪਿਛਲੇ ਕੁੱਝ ਦਿਨਾਂ ਤੋਂ ਸਿਰਫ਼ ਅੰਡਰਗਾਰਮੈਂਟ ਹੀ ਗਾਇਬ ਹੋ ਰਹੇ ਹਨ।
Photo
ਪਹਿਲਾਂ ਪਹਿਲ ਤਾਂ ਉਨ੍ਹਾਂ ਨੂੰ ਲੱਗਿਆ ਕਿ ਕੱਪੜੇ ਕਿਤੇ ਹਵਾਂ ਨਾਲ ਉੱਡ ਕੇ ਇਧਰ ਉਧਰ ਡਿੱਗ ਗਏ ਹੋਣਗੇ ਜਾਂ ਕੋਈ ਕੁੱਤਾਂ ਜਾਂ ਬਿੱਲੀ ਬਗੈਰਾ ਖਿੱਚ ਕੇ ਲੈ ਗਿਆ ਹੋਵੇਗਾ। ਪਰ ਅਪਾਰਟਮੈਂਟ ਵਿਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ਼ ਵੇਖਣ ਤੋਂ ਬਾਅਦ ਸਾਰੀ ਸੱਚਾਈ ਸਾਹਮਣੇ ਆ ਗਈ।
Photo
ਵੀਡੀਓ ਫੁਟੇਜ਼ ਵਿਚ ਇਕ ਵਿਅਕਤੀ ਤੜਕੇ ਅਪਾਰਟਮੈਂਟ ਵਿਚ ਆਉਂਦਾ ਦਿਖਾਈ ਦਿੰਦਾ ਹੈ ਜੋ ਸਿਰਫ਼ ਔਰਤਾਂ ਦੇ ਕੱਪੜੇ ਚੋਰੀ ਕਰ ਕੇ ਲਿਜਾਂਦਾ ਵਿਖਾਈ ਦਿੰਦਾ ਹੈ। ਇਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿਤੀ ਗਈ। ਪੁਲਿਸ ਨੇ ਚੋਰ ਦੀ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿਤੀ ਹੈ।