
ਕਿਹਾ, ਸਾਰਿਆਂ ਨੂੰ ਇਕਜੁੱਟ ਹੋ ਕੇ ਖੇਤੀ ਕਾਨੂੰਨਾਂ ਖਿਲਾਫ ਜਾਰੀ ਸੰਘਰਸ਼ ਨੂੰ ਅੱਗੇ ਵਧਾਉਣਾ ਚਾਹੀਦੈ
ਨਵੀਂ ਦਿੱਲੀ : ਕਿਸਾਨੀ ਅੰਦੋਲਨ ਨੂੰ ਮਿਲ ਰਹੇ ਜਨ-ਸਮਰਥਨ ਨੇ ਸੰਘਰਸ਼ ਨੂੰ ਨਵੀਆਂ ਬੁਲੰਦੀਆਂ ‘ਤੇ ਪਹੁੰਚਾ ਦਿਤਾ ਹੈ। ਵੱਡੀ ਗਿਣਤੀ ਕਲਾਕਾਰ, ਗਾਇਕ ਅਤੇ ਫਿਲਮੀ ਹਸਤੀਆਂ ਸੰਘਰਸ਼ ਦੇ ਹੱਕ ਵਿਚ ਆਵਾਜ਼ ਬੁਲੰਦ ਕਰ ਰਹੀਆਂ ਹਨ। ਇਸ ਵਿਚ ਵਿਦੇਸ਼ੀ ਸ਼ਖਸੀਅਤਾਂ ਦੀ ਐਂਟਰੀ ਤੋਂ ਬਾਅਦ ‘ਦੇਸ਼ ਦਾ ਅੰਦਰੂਨੀ ਮਸਲਾ ਹੈ’ ਤਹਿਤ ਚਲਾਈ ਮੁਹਿੰਮ ਨੇ ਅੰਦੋਲਨ ਦੇ ਪੱਖ ਨੂੰ ਕਮਜ਼ੋਰ ਕਰਨ ਦੀ ਥਾਂ ਹੋਰ ਮਜ਼ਬੂਤ ਕੀਤਾ ਹੈ। ਭਾਰਤ ਦੀਆਂ ਪ੍ਰਸਿੱਧ ਹਸਤੀਆਂ ਵਲੋਂ ਕੀਤੇ ਟਵੀਟਾਂ ਦੀ ਸ਼ਬਦਾਵਲੀ ਦੀ ਸਮਾਨਤਾ ਨੇ ਇਸ ਪਿਛਲੇ ਪ੍ਰੇਰਨਾ ਸਰੋਤ ਨੂੰ ਜੱਗ ਜਾਹਰ ਕਰ ਦਿਤਾ ਹੈ।
Farmers
ਇਸੇ ਦੌਰਾਨ ਪੰਜਾਬੀ ਗਾਇਕਾ ਦਾ ਸੰਘਰਸ਼ ਨੂੰ ਸਮਰਥਨ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪੰਜਾਬੀ ਗਾਇਕ ਅੰਮ੍ਰਿਤ ਮਾਨ ਅਤੇ ਸੋਨੀਆ ਮਾਨ ਨੇ ਵੀ ਦਿੱਲੀ ਦੇ ਬਾਰਡਰਾਂ ‘ਤੇ ਚੱਲ ਰਹੇ ਅੰਦੋਲਨ ਵਿਚ ਹਾਜ਼ਰੀ ਲਗਵਾ ਅਤੇ ਆਪਣੀ ਇਕਜੁਟਤਾ ਦਾ ਇਜ਼ਹਾਰ ਕੀਤਾ ਹੈ। ਅੰਮ੍ਰਿਤ ਮਾਨ ਅੱਜ ਸੰਯੁਕਤ ਮੋਰਚੇ ਦੀ ਸਟੇਜ 'ਤੇ ਪਹੁੰਚੇ।
Delhi border
ਅਮਰੀਕੀ ਕਲਾਕਾਰ ਰਿਹਾਨਾ ਦੇ ਟਵੀਟ ‘ਤੇ ਭਾਰਤੀ ਹਸਤੀਆਂ ਦੇ ਜਵਾਬ ‘ਤੇ ਪ੍ਰਤੀਕਰਮ ਦਿੰਦਿਆਂ ਅੰਮ੍ਰਿਤ ਮਾਨ ਨੇ ਕਿਹਾ ਕਿ ਇਹ ਸਭ ਕੁਝ ਦਬਾਅ ਤਹਿਤ ਹੋ ਰਿਹਾ ਹੈ। ਨੌਜਵਾਨ ਵਰਗ ਨੂੰ ਮੁਖਾਤਬ ਹੁੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੇ ਸਰਕਾਰਾਂ ਦੇ ਫੈਲਾਏ ਭਰਮ ਨੂੰ ਤੋੜ ਦਿੱਤਾ ਹੈ ਪਰ ਨੌਜਵਾਨਾਂ ਨੂੰ ਅਜੇ ਵੀ ਕੋਈ ਕਦਮ ਚੁੱਕਣ ਤੋਂ ਪਹਿਲਾਂ ਆਗੂਆਂ ਦੀ ਸਲਾਹ ਲੈਣ ਦੀ ਲੋੜ ਹੈ।
Farmers Protest
ਇਸ ਦੌਰਾਨ ਅਦਾਕਾਰਾ ਸੋਨੀਆ ਮਾਨ ਨੇ ਵੀ ਕਿਸਾਨਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਕਿਸਾਨਾਂ ਲਈ ਕਰੀਅਰ ਦੀ ਵੀ ਪ੍ਰਵਾਹ ਨਹੀਂ। ਸੋਸ਼ਲ ਮੀਡੀਆ ਦੀਆਂ ਅਫਵਾਹਾਂ ਦਾ ਜਵਾਬ ਦਿੰਦਿਆ ਸੋਨੀਆ ਮਾਨ ਨੇ ਕਿਹਾ ਕਿ ਇਨ੍ਹਾਂ ਨੇ ਮੇਰੇ ਪਿਤਾ ਦਾ ਮਜ਼ਾਕ ਉਡਾਇਆ। ਸੱਚ ਬੋਲਣ ਦੀ ਸੋਸ਼ਲ ਮੀਡੀਆ 'ਤੇ ਸਜ਼ਾ ਮਿਲੀ ਪਰ ਸਟੇਜਾਂ 'ਤੇ ਕਦੇ ਧਰਮ ਦੀ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਅੱਜ ਅੰਦੋਲਨ ਨੂੰ ਧਰਮ ਦੇ ਨਾਂ 'ਤੇ ਵੰਡਣ ਦੀ ਕੋਸ਼ਿਸ਼ ਹੋ ਰਹੀ ਹੈ ਪਰ ਸਾਡੀ ਲੜਾਈ ਖੇਤੀ ਕਾਨੂੰਨਾਂ ਖਿਲਾਫ ਹੈ ਜੋ ਜਿੱਤ ਤਕ ਜਾਰੀ ਰਹੇਗੀ।