
ਮੋਬਾਈਲ ਫ਼ੋਨ ਦਾ ਸਾਫ਼-ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ
ਚੰਡੀਗੜ੍ਹ : ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਦੁਨੀਆਂ ਭਰ ਅੰਦਰ ਤਰਥੱਲੀ ਮਚਾ ਰੱਖੀ ਹੈ। ਇਸ ਤੋਂ ਪੀੜਤਾਂ ਦੀ ਗਿਣਤੀ ਹਜ਼ਾਰਾਂ 'ਚ ਪਹੁੰਚ ਚੁੱਕੀ ਹੈ। ਵੱਡੀ ਗੱਲ ਇਹ ਹੈ ਕਿ ਵਿਗਿਆਨੀਆਂ ਦੀ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਇਸ ਦੀ ਰੋਕਥਾਮ ਅਤੇ ਇਲਾਜ ਲਈ ਅਜੇ ਤਕ ਕੋਈ ਪੁਖਤਾ ਦਵਾਈ ਤਿਆਰ ਨਹੀਂ ਕੀਤੀ ਜਾ ਸਕੀ। ਇਸ ਲਈ ਇਸ ਤੋਂ ਬਚਾਅ ਲਈ ਸਾਵਧਾਨੀਆਂ ਦਾ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੈ।
Photo
ਸਿਹਤ ਮਾਹਿਰਾਂ ਵਲੋਂ ਜਾਰੀ ਕੀਤੀਆਂ ਚਿਤਾਵਨੀਆਂ ਮੁਤਾਬਕ ਤੁਹਾਡਾ ਸਮਾਰਟਫ਼ੋਨ ਵੀ ਕੋਰੋਨਾ ਵਾਇਰਸ ਨੂੰ ਫ਼ੈਲਾਉਣ ਦਾ ਕਾਰਨ ਬਣ ਸਕਦਾ ਹੈ। ਮਾਹਿਰਾਂ ਅਨੁਸਾਰ ਸਮਾਰਟ ਫ਼ੋਨ ਕਿਸੇ ਟਾਇਲਟ ਸੀਟ ਤੋਂ ਵਧੇਰੇ ਗੰਦਾ ਹੋ ਸਕਦਾ ਹੈ। ਪਿਛਲੇ ਸਮੇਂ ਦੌਰਾਨ ਹੋਏ ਕਈ ਅਧਿਐਨ ਇਸ ਦੀ ਪੁਸ਼ਟੀ ਕਰ ਚੁੱਕੇ ਹਨ। ਮੋਬਾਈਲ ਵਿਚ ਹਾਨੀਕਾਰਕ ਬੈਕਟੀਰੀਆ ਹੋਣ ਦਾ ਸਭ ਤੋਂ ਵੱਡਾ ਕਾਰਨ ਇਸ ਦੀ ਹਰ ਜਗ੍ਹਾ ਪਹੁੰਚ ਹੁੰਦੀ ਹੈ। ਇੱਥੋਂ ਤਕ ਕਿ ਕਈ ਲੋਕ ਤਾਂ ਇਸ ਨੂੰ ਟਾਇਲਟ ਤਕ ਵੀ ਲੈ ਜਾਂਦੇ ਹਨ। ਪਰ ਇਸ ਦੀ ਸਾਫ਼-ਸਫ਼ਾਈ ਵਲੋਂ ਲੋਕ ਅਕਸਰ ਅਵੇਸਲੇ ਹੀ ਰਹਿੰਦੇ ਹਨ।
Photo
ਇਸ ਵਕਤ ਦੁਨੀਆਂ ਦੇ ਜ਼ਿਆਦਾਤਰ ਦੇਸ਼ ਕੋਰੋਨਾ ਵਾਇਰਸ ਦੀ ਸਮੱਸਿਆ ਨਾਲ ਜੂਝ ਰਹੇ ਹਨ। ਅਜਿਹੇ ਵਿਚ ਵੱਡੀ ਗਿਣਤੀ ਲੋਕਾਂ ਕੋਲ ਮੌਜੂਦ ਮੋਬਾਈਲ ਫ਼ੋਨਾਂ ਦੀ ਸਾਫ਼ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਅਮਰੀਕਾ ਦੇ ਸੈਂਟਰ ਫਾਰ ਡਿਜੀਟਲ ਕੰਟਰੋਲ ਐਂਡ ਪਰਿਵੈਂਸ਼ਨ ਅਨੁਸਾਰ ਕੋਰੋਨਾਵਾਇਰਸ ਸਰੀਰ ਤੋਂ ਬਾਹਰ ਕਿਸੇ ਵੀ ਸੱਤਾ 'ਤੇ 9 ਦਿਨਾਂ ਤਕ ਜਿਊਂਦਾ ਰਹਿ ਸਕਦਾ ਹੈ।
Photo
ਇਸੇ ਤਰ੍ਹਾਂ ਸੀ.ਐਨ.ਐਨ. ਦੀ ਇਕ ਰਿਪੋਰਟ ਵਿਚ ਵੀ ਮੈਟਲ ਅਤੇ ਪਲਾਸਟਿਕ 'ਤੇ ਕੋਰੋਨਾਵਾਇਰਸ ਦੇ 9 ਦਿਨਾਂ ਤਕ ਜਿਊਂਦਾ ਰਹਿਣ ਦਾ ਦਾਅਵਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਡਿਸਕਿਊਟ (4scout) ਵਲੋਂ ਕੀਤੇ ਅਧਿਐਨ ਮੁਤਾਬਕ ਇਕ ਇਨਸਾਨ ਪੂਰੇ ਦਿਨ 'ਚ ਕਰੀਬ 2600 ਵਾਰ ਫ਼ੋਨ ਵੇਖਦਾ ਹੈ ਜਦਕਿ 76 ਵਾਰ ਸਮਾਰਟਫ਼ੋਨ ਦੀ ਵਰਤੋਂ ਕਰਦਾ ਹੈ। ਅਜਿਹੇ ਵਿਚ ਕੋਰੋਨਾ ਵਾਇਰਸ ਦੇ ਮੋਬਾਈਲ ਫ਼ੋਨਾਂ ਰਾਹੀਂ ਫ਼ੈਲਣ ਦਾ ਖ਼ਤਰਾ ਵੀ ਬਹੁਤ ਜ਼ਿਆਦਾ ਵੱਧ ਜਾਂਦਾ ਹੈ।
Photo
ਮੋਬਾਈਲ ਫ਼ੋਨ ਸਾਫ਼ ਕਰਨ ਦੇ ਆਮ ਤਰੀਕੇ :
1. ਤੋਲੀਆ : ਤੋਲੀਆ ਤੁਹਾਡੇ ਸਮਾਰਟਫ਼ੋਨ ਤੋਂ ਭਾਵੇਂ ਬੈਕਟੀਰੀਆ ਨੂੰ ਮਾਰ ਤਾਂ ਨਹੀਂ ਸਕਦਾ ਪਰ ਇਨ੍ਹਾਂ ਨੂੰ ਮੋਬਾਈਲ ਤੋਂ ਪਰ੍ਹਾ ਹਟਾ ਸਕਦਾ ਹੈ। ਸੋ ਮੋਬਾਈਲ ਨੂੰ ਸਾਫ਼ ਕਰਨ ਲਈ ਤੋਲੀਏ ਦੀ ਵਰਤੋਂ ਕੀਤੀ ਜਾ ਸਕਦੀ ਹੈ।
2. ਟੈਕਨਾਲੋਜੀ ਕਲੀਨਰ : ਤੌਲੀਏ ਤੋਂ ਇਲਾਵਾ ਇਲੈਕਟ੍ਰੋਨਿਕ ਪ੍ਰੋਡਕਟ ਕਲੀਨਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਪ੍ਰੋਡਕਟ ਤੁਹਾਨੂੰ ਬਾਜ਼ਾਰ ਵਿਚੋਂ ਆਸਾਨੀ ਨਾਲ ਮਿਲ ਸਕਦਾ ਹੈ।
3. ਫ਼ੋਨ ਸੋਪ : ਅਪਣੇ ਮੋਬਾਈਲ ਨੂੰ ਬੈਕਟੀਰੀਆ ਮੁਕਤ ਕਰਨ ਲਈ ਤੁਸੀਂ ਫ਼ੋਨ ਸੋਪ ਦੀ ਮਦਦ ਵੀ ਲੈ ਸਕਦੇ ਹੋ। ਫੋਨ ਸੋਪ ਅਲਟ੍ਰਾਵਾਇਲੇਟ ਲਾਈਟ ਨਾਲ ਬੈਕਟੀਰੀਆ ਨੂੰ ਮਾਰਨ ਦੇ ਸਮਰੱਥ ਹੁੰਦਾ ਹੈ।
4. ਐਂਟੀ ਬੈਕਟੀਰੀਅਲ ਪੇਪਰ : ਬਾਜ਼ਾਰ 'ਚ ਤੁਹਾਨੂੰ ਐਂਟੀ ਬੈਕਟੀਰੀਅਲ ਟਿਸ਼ੂ ਪੇਪਰ ਮਿਲ ਜਾਣਗੇ ਜਿਨ੍ਹਾਂ ਨਾਲ ਤੁਸੀਂ ਅਪਣੇ ਸਮਾਰਟਫ਼ੋਨ ਨੂੰ ਸਾਫ਼ ਕਰ ਸਕਦੇ ਹੋ।
Photo
ਮੋਬਾਈਲ ਫ਼ੋਨ ਸਾਫ਼ ਕਰਨ ਲਈ ਨਾ ਕਰੋ ਇਹ ਗ਼ਲਤੀ :
1. ਵਿੰਡੋ ਕਲੀਨਿੰਗ ਸਪਰੇਅ ਦੀ ਵਰਤੋਂ ਤੋਂ ਬਚੋ : ਮੋਬਾਈਲ ਸਾਫ਼ ਕਰਨ ਲਈ ਭੁੱਲ ਕੇ ਵੀ ਵਿੰਡੋ ਕਲੀਨਿੰਗ ਸਪਰੇਅ ਦੀ ਵਰਤੋਂ ਨਾ ਕਰੋ। ਇਸ ਦੀ ਵਰਤੋਂ ਨਾਲ ਤੁਹਾਡੇ ਮੋਬਾਈਲ ਫ਼ੋਨ ਦੀ ਸਕਰੀਨ 'ਤੇ ਸਕਰੈਚ ਪੈ ਸਕਦੇ ਹਨ।
2. ਪੇਪਰ : ਮੋਬਾਈਲ ਦੀ ਸਕਰੀਨ ਸਾਫ਼ ਕਰਨ ਲਈ ਪੇਪਰ ਦੀ ਵਰਤੋਂ ਤੋਂ ਵੀ ਗੁਰੇਜ਼ ਹੀ ਕਰਨਾ ਚਾਹੀਦਾ ਹੈ। ਪੇਪਰ ਦੀ ਵਰਤੋਂ ਨਾਲ ਤੁਹਾਡੇ ਮੋਬਾਈਲ ਦੀ ਸਕਰੀਨ ਖ਼ਰਾਬ ਹੋ ਸਕਦੀ ਹੈ।
3. ਅਲਕੋਹਲ ਜਾਂ ਸਪਰਿਟ : ਅਲਕੋਹਲ ਜਾਂ ਸਪਰਿਟ ਵਾਲੇ ਕਿਸੇ ਵੀ ਸਪਰੇਅ ਦੀ ਵਰਤੋਂ ਕਰਨ ਨਾਲ ਵੀ ਤੁਹਾਡੇ ਮੋਬਾਈਲ ਦੇ ਖ਼ਰਾਬ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਕੈਮੀਕਲ ਸਪਰੇਅ ਦੀ ਵਰਤੋਂ ਨਾਲ ਵੀ ਮੋਬਾਈਲ ਨੂੰ ਸਾਫ਼ ਕਰਨ ਤੋਂ ਬਚਣਾ ਚਾਹੀਦਾ ਹੈ।