
Rajasthan News: ਵਿਦਾਇਗੀ ਸਮਾਰੋਹ ਨੂੰ ‘ਜਸ਼ਨ-ਏ-ਅਲਵਿਦਾ’ ਲਿਖਣ ’ਤੇ ਦਿਤੇ ਜਾਂਚ ਦੇ ਹੁਕਮ
Rajasthan News: ਰਾਜਸਥਾਨ ਦੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਬਾਰਾਨ ਜ਼ਿਲ੍ਹੇ ਦੇ ਇੱਕ ਸਕੂਲ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਉਰਦੂ ਦੇ ਨਾਂ ਵਾਲੇ ਸਕੂਲ ਦੇ ਸਮਾਗਮ ਦੀ ਜਾਂਚ ਕੀਤੀ। ਬਾਰਾਨ ਦੇ ਸ਼ਾਹਬਾਦ ਇਲਾਕੇ ਦੇ ਮਹਾਤਮਾ ਗਾਂਧੀ ਸਰਕਾਰੀ ਸਕੂਲ ਵਿੱਚ 28 ਫ਼ਰਵਰੀ ਨੂੰ ਹੋਣ ਵਾਲੇ ਸਮਾਗਮ ਲਈ ਸੱਦਾ ਪੱਤਰ ਭੇਜੇ ਗਏ ਸਨ, ਜਿਨ੍ਹਾਂ ਉੱਤੇ ਹਿੰਦੀ ਵਿੱਚ ‘ਜਸ਼ਨ-ਏ-ਅਲਵਿਦਾ’ ਜਾਂ ‘ਵਿਦਾਈ ਸਮਾਰੋਹ’ ਲਿਖਿਆ ਹੋਇਆ ਸੀ। ਸੱਦਾ ਪੱਤਰ ’ਤੇ ਦੇਵੀ ਸਰਸਵਤੀ ਦੀ ਤਸਵੀਰ ਵੀ ਸੀ। ਕਾਰਡ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਦਫ਼ਤਰ ਬਾਰਨ ਨੇ ਜਾਂਚ ਲਈ ਤਿੰਨ ਮੈਂਬਰੀ ਟੀਮ ਦਾ ਗਠਨ ਕੀਤਾ ਹੈ। ਦਫ਼ਤਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਸੱਦਾ ਪੱਤਰ ’ਤੇ ‘ਜਸ਼ਨ-ਏ-ਅਲਵਿਦਾ’ ਲਿਖਿਆ ਜਾਣਾ ‘ਵਿਭਾਗੀ ਦਿਸ਼ਾ-ਨਿਰਦੇਸ਼ਾਂ ਦੇ ਉਲਟ’ ਹੈ।
ਜਾਂਚ ਕਮੇਟੀ ਦੀ ਅਗਵਾਈ ਕਿਸ਼ਨਗੰਜ ਦੇ ਮੁੱਖ ਬਲਾਕ ਸਿੱਖਿਆ ਅਧਿਕਾਰੀ ਦੇਵੇਂਦਰ ਸਿੰਘ ਕਰ ਰਹੇ ਹਨ ਅਤੇ ਦੋ ਹੋਰ ਸਕੂਲਾਂ ਦੇ ਪ੍ਰਿੰਸੀਪਲ ਵੀ ਮੈਂਬਰ ਹਨ। ਉਨ੍ਹਾਂ ਮੰਗਲਵਾਰ ਨੂੰ ਸਕੂਲ ਦਾ ਦੌਰਾ ਕੀਤਾ। ਦਵਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਅਤੇ ਜਲਦੀ ਪੇਸ਼ ਕਰ ਦਿੱਤੀ ਜਾਵੇਗੀ। ਸਕੂਲ ਦੇ ਪ੍ਰਿੰਸੀਪਲ ਵਿਕੇਸ਼ ਕੁਮਾਰ ਨੇ ਦੱਸਿਆ ਕਿ ਇਹ ਸਮਾਗਮ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਦੇਣ ਲਈ ਸੀ।
ਕੁਮਾਰ ਨੇ ਕਿਹਾ, ‘‘ਸਕੂਲ ਵਿੱਚ ਕੁਝ ਮੁਸਲਿਮ ਵਿਦਿਆਰਥੀ ਹਨ ਅਤੇ ਉਨ੍ਹਾਂ ਨੇ ਹੀ ਪ੍ਰੋਗਰਾਮ ਲਈ ਸੁਝਾਅ ਦਿੱਤਾ ਅਤੇ ਇਹ ਨਾਂ ਦਿੱਤਾ। ਫਿਰ ਸਕੂਲ ਵਿਕਾਸ ਪ੍ਰਬੰਧਨ ਕਮੇਟੀਦੀ ਮੀਟਿੰਗ ਵਿੱਚ, ਮਾਪੇ ਵੀ ਇਸ ਨਾਮ ਲਈ ਸਹਿਮਤ ਹੋਏ।’’ ਹਾਲਾਂਕਿ, ਸੱਦਾ ਪੱਤਰ ਛਾਪੇ ਜਾਣ ਤੋਂ ਬਾਅਦ, ਕੁਮਾਰ ਨੇ ਕਿਹਾ ਕਿ ਇਹ ਮਹਿਸੂਸ ਕੀਤਾ ਗਿਆ ਸੀ ਕਿ ਇਹ ਨਾਮ ਸਰਕਾਰੀ ਭਾਸ਼ਾ ਦੇ ਅਨੁਸਾਰ ਨਹੀਂ ਹੈ। ਅਸੀਂ ਕਾਰਡ ਵਾਪਸ ਲੈ ਲਏ, ਪਰ ਕੁਝ ਕਾਰਡ ਵਿਦਿਆਰਥੀਆਂ ਕੋਲ ਰਹਿ ਗਏ ਜਿਨ੍ਹਾਂ ਨੇ ਉਨ੍ਹਾਂ ਨੂੰ ਵਾਇਰਲ ਕਰ ਦਿੱਤਾ। ਪ੍ਰਿੰਸੀਪਲ ਨੇ ਕਿਹਾ ਕਿ ਮੀਡੀਆ ਨੇ ਵੀ ਇਸ ਮੁੱਦੇ ਨੂੰ ਚੁੱਕਿਆ।
(For more news apart from Rajasthan Latest News, stay tuned to Rozana Spokesman)