
ਦਿੱਲੀ ਦੇ ਵੱਖ-ਵੱਖ ਥਾਣਿਆਂ 'ਚ 10 ਤੋਂ ਵੱਧ ਮਾਮਲੇ ਹਨ ਦਰਜ
ਨਵੀਂ ਦਿੱਲੀ : ਗੈਂਗਸਟਰ ਦੀਪਕ ਬਾਕਸਰ ਨੂੰ ਦਿੱਲੀ ਪੁਲਿਸ ਅੱਜ ਸਵੇਰੇ ਭਾਰਤ ਲੈ ਕੇ ਆਈ ਹੈ। ਦੀਪਕ ਬਾਕਸਰ ਨੂੰ ਪੁਲਿਸ ਨੇ ਮੈਕਸੀਕੋ ਤੋਂ ਗ੍ਰਿਫ਼ਤਾਰ ਕੀਤਾ ਸੀ। ਇਹ ਪਹਿਲਾ ਮੌਕਾ ਹੈ ਜਦੋਂ ਗ੍ਰਹਿ ਮੰਤਰਾਲੇ ਦੇ ਨਿਰਦੇਸ਼ 'ਤੇ ਦਿੱਲੀ ਪੁਲਿਸ ਨੇ ਦੇਸ਼ ਤੋਂ ਬਾਹਰ ਜਾ ਕੇ ਕਿਸੇ ਵੱਡੇ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ ਹੋਵੇ।
ਦੀਪਕ ਬਾਕਸਰ ਗੈਂਗਸਟਰ ਜਤਿੰਦਰ ਗੋਗੀ ਦੀ ਹੱਤਿਆ ਤੋਂ ਬਾਅਦ ਉਸਦੀ ਗੈਂਗ ਦੀ ਕਮਾਨ ਸੰਭਾਲ ਰਿਹਾ ਸੀ। ਜਾਣਕਾਰੀ ਮੁਤਾਬਕ ਦੀਪਕ ਬਾਕਸਰ ਫਰਜ਼ੀ ਪਾਸਪੋਰਟ ਬਣਾ ਕੇ ਵਿਦੇਸ਼ ਭੱਜ ਗਿਆ ਸੀ। ਉਸ 'ਤੇ ਦਿੱਲੀ ਪੁਲਿਸ ਨੇ 3 ਲੱਖ ਦਾ ਇਨਾਮ ਰੱਖਿਆ ਹੋਇਆ ਸੀ
ਵਿਸ਼ੇਸ਼ ਪੁਲਸ ਕਮਿਸ਼ਨਰ (ਸਪੈਸ਼ਲ ਸੈੱਲ) ਐੱਚ.ਜੀ.ਐੱਸ. ਧਾਲੀਵਾਲ ਨੇ ਦੱਸਿਆ ਕਿ ਗੈਂਗਸਟਰ ਨੇ ਮੈਕਸੀਕੋ ਪਹੁੰਚਣ ਲਈ ਕਈ ਰਸਤੇ ਅਪਣਾਏ ਪਰ ਦਿੱਲੀ ਸਥਿਤ ਅਮਰੀਕੀ ਦੂਤਘਰ ਦੇ ਕਾਨੂੰਨੀ ਅਧਿਕਾਰੀ ਦੇ ਦਫ਼ਤਰ ਦੀ ਮਦਦ ਨਾਲ ਉਹ ਪੁਲਿਸ ਦੇ ਜਾਲ ਵਿਚ ਫਸ ਗਿਆ। ਉਨ੍ਹਾਂ ਦੱਸਿਆ ਕਿ ਇਹ ਪਹਿਲੀ ਵਾਰ ਹੈ, ਜਦੋਂ ਦਿੱਲੀ ਪੁਲਸ ਨੇ ਦੇਸ਼ ਤੋਂ ਬਾਹਰ ਕਿਸੇ ਅਪਰੇਸ਼ਨ ਦੌਰਾਨ ਕਿਸੇ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੀਪਕ ਦੀ ਗ੍ਰਿਫ਼ਤਾਰੀ 'ਚ ਮਦਦ ਕਰਨ ਵਾਲੀ ਸੂਚਨਾ ਦੇਣ 'ਤੇ 3 ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ ਸੀ। ਉਹ 'ਗੋਗੀ ਗੈਂਗ' ਚਲਾ ਰਿਹਾ ਸੀ ਜਿਸ ਦੇ ਕਥਿਤ ਤੌਰ 'ਤੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧ ਹਨ।