
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ 'ਤੇ ਰਾਫ਼ੇਲ ਮੁੱਦੇ ਸਬੰਧੀ ਉਸ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਸ ਬਹਾਨੇ ਕਾਂਗਰਸ ਰਾਹੁਲ ਗਾਂਧੀ
ਪ੍ਰਤਾਪਗੜ੍ਹ (ਉੱਤਰ ਪ੍ਰਦੇਸ਼) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ 'ਤੇ ਰਾਫ਼ੇਲ ਮੁੱਦੇ ਸਬੰਧੀ ਉਸ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਸ ਬਹਾਨੇ ਕਾਂਗਰਸ ਰਾਹੁਲ ਗਾਂਧੀ ਦੇ ਪਿਤਾ ਰਾਜੀਵ ਗਾਂਧੀ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ 'ਮਿਸਟਰ ਕਲੀਨ' ਦਾ ਜੀਵਨ ਕਾਲ 'ਭ੍ਰਿਸ਼ਟਾਚਾਰੀ ਨੰਬਰ ਵਨ' ਦੇ ਰੂਪ ਵਿਚ ਖ਼ਤਮ ਹੋਇਆ ਸੀ। ਮੋਦੀ ਨੇ ਪ੍ਰਤਾਪਗੜ੍ਹ, ਅਮੇਠੀ ਅਤੇ ਸੁਲਤਾਨਪੁਰ 'ਚ ਐਨਡੀਏ ਉਮੀਦਵਾਰਾਂ ਦੇ ਸਮਰਥਨ ਵਿਚ ਕੀਤੀ ਰੈਲੀ ਵਿਚ ਦਾਅਵਾ ਕੀਤਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇੰਟਰਵਿਊ ਵਿਚ ਮੰਨਿਆ ਸੀ
ਕਿ ਉਹ ਮੋਦੀ ਤੋਂ ਉਦੋਂ ਤਕ ਨਹੀਂ ਜਿੱਤ ਸਕਦੇ, ਜਦ ਤਕ ਮੋਦੀ ਦੀ ਮਿਹਨਤ, ਈਮਾਨਦਾਰੀ ਅਤੇ ਦੇਸ਼ਭਗਤੀ 'ਤੇ ਦਾਗ਼ ਨਹੀਂ ਲਗਦੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਲਈ ਰਾਫ਼ੇਲ ਨਾਂ ਦਾ 'ਝੂਠ ਦਾ ਪੁਲੰਦਾ' ਤਿਆਰ ਕੀਤਾ ਗਿਆ। ਕਲ ਹੀ ਨਾਮਦਾਰ (ਰਾਹੁਲ) ਨੇ ਫਿਰ ਮੰਨਿਆ ਹੈ ਕਿ ਇਸ ਪੂਰੀ ਮੁਹਿੰਮ ਦਾ ਇਕੋ ਹੀ ਮਕਸਦ ਮੋਦੀ ਦਾ ਅਕਸ ਵਿਗਾੜਨਾ ਹੈ। ਉਨ੍ਹਾਂ ਕਿਹਾ, ''ਮੋਦੀ ਪੰਜ ਦਹਾਕਿਆਂ ਤਕ ਬਿਨਾਂ ਰੁਕੇ- ਥੱਕੇ ਸਿਰਫ਼ ਅਤੇ ਸਿਰਫ਼ ਭਾਰਤ ਮਾਤਾ ਲਈ ਜੀਵਿਆ ਹੈ। ਟੀਵੀ ਸਕਰੀਨ 'ਤੇ ਗਾਲਾਂ ਕੱਢ ਕੇ 50 ਸਾਲ ਦੀ ਮੋਦੀ ਦੀ ਤਪੱਸਿਆ ਨੂੰ ਮਿੱਟੀ ਵਿਚ ਨਹੀਂ ਮਿਲਾ ਸਕਦੇ।''
ਮੋਦੀ ਨੇ ਰਾਜੀਵ ਗਾਂਧੀ ਦਾ ਨਾਂ ਲਏ ਬਗ਼ੈਰ ਰਾਹੁਲ ਨੂੰ ਕਿਹਾ, ''ਤੁਹਾਡੇ ਪਿਤਾ ਜੀ ਨੂੰ ਤੁਹਾਡੇ ਰਾਜ ਦਰਬਾਰੀਆਂ ਨੇ ਮਿਸਟਰ ਕਲੀਨ ਬਣਾ ਦਿਤਾ ਸੀ। ਪਰ ਵੇਖਦਿਆਂ ਹੀ ਵੇਖਦਿਆਂ ਭ੍ਰਿਸ਼ਟਾਚਾਰੀ ਨੰਬਰ ਇਕ ਵਜੋਂ ਉਨ੍ਹਾਂ ਦਾ ਜੀਵਨਕਾਲ ਖ਼ਤਮ ਹੋ ਗਿਆ। ਨਾਮਦਾਰ ਇਹ ਹੰਕਾਰ ਤੁਹਾਨੂੰ ਖਾ ਜਾਵੇਗਾ। ਇਹ ਦੇਸ਼ ਗ਼ਲਤੀਆਂ ਮਾਫ਼ ਕਰਦਾ ਹੈ ਪਰ ਧੋਖੇਬਾਜ਼ਾਂ ਨੂੰ ਕਦੇ ਵੀ ਮਾਫ਼ ਨਹੀਂ ਕਰਦਾ।'' ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਅਤੇ ਉਨ੍ਹਾਂ ਦੇ 'ਮਹਾਮਿਲਾਵਟੀ' ਸਾਥੀ ਉਨ੍ਹਾਂ ਦਾ ਅਕਸ ਖ਼ਰਾਬ ਕਰ ਕੇ ਦੇਸ਼ ਵਿਚ ਅਸਥਿਰ ਅਤੇ ਮਜਬੂਰ ਸਰਕਾਰ ਬਣਾਉਣਾ ਚਾਹੁੰਦੇ ਹਨ।
ਵੋਟਾਂ ਕਟਣਾ, ਦੇਸ਼ ਵੰਡਣਾ ਅਤੇ ਕੈਬਨਿਟ ਦਾ ਆਰਡੀਨੈਂਸ ਪਾੜਨਾ ਕਾਂਗਰਸ ਦੀ ਪਛਾਣ ਬਣ ਗਿਆ ਹੈ। ਉਨ੍ਹਾਂ ਕਾਂਗਰਸ ਪ੍ਰਧਾਨ 'ਤੇ ਅਮੇਠੀ ਵਿਚ ਕਿਸਾਨਾਂ ਦੀ ਜ਼ਮੀਨ ਹੜੱਪਣ ਦਾ ਵੀ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਨਾਮਦਾਰ ਕਿਸਾਨਾਂ ਦੀ ਜ਼ਮੀਨ ਟਰੱਸਟ ਦੇ ਨਾਂ 'ਤੇ ਕਬਜ਼ਾ ਲੈਂਦੇ ਹਨ। ਕਿਸਾਨਾ ਤੋਂ ਫ਼ੈਕਟਰੀ ਦੇ ਨਾਂ 'ਤੇ ਜ਼ਮੀਨ ਲੈ ਕੇ ਉਸ 'ਤੇ ਅਪਣੇ ਲਈ ਨੋਟਾਂ ਦੀ ਖੇਤੀ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਤਾਂ ਅਤਿਵਾਦੀ ਅਤੇ ਉਨ੍ਹਾਂ ਦੇ ਮਾਲਕ ਮੋਦੀ ਨੂੰ ਹਟਾਉਣ ਲਈ ਅਰਦਾਸਾਂ ਕਰ ਰਹੇ ਹਨ ਪਰ ਦੇਸ਼ ਕਹਿ ਰਿਹਾ ਹੈ ਕਿ 'ਫਿਰ ਇਕ ਵਾਰ ਮੋਦੀ ਸਰਕਾਰ।' (ਪੀਟੀਆਈ)