
ਇੰਡੀਆ ਗਠਜੋੜ ਵੀ 30-35 ਸੀਟਾਂ ਹੋਰ ਜਿੱਤ ਲੈਂਦਾ ਤਾਂ ਸਰਕਾਰ ਉਨ੍ਹਾਂ ਦੀ ਬਣ ਸਕਦੀ ਸੀ
Lok Sabha Election 2024 Result: ਲੋਕ ਸਭਾ ਚੋਣਾਂ ’ਚ 370 ਸੀਟਾਂ ਜਿੱਤਣ ਦਾ ਸੁਪਨਾ ਵੇਖਣ ਵਾਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਵੱਡਾ ਝਟਦਾ ਲੱਗਾ ਹੈ ਅਤੇ ਉਹ 2019 ਵਾਂਗ ਬਹੁਮਤ ਦਾ ਅੰਕੜਾ ਵੀ ਨਹੀਂ ਛੂਹ ਸਕੀ। ਦੇਰ ਰਾਤ ਤਕ ਆਏ ਨਤੀਜਿਆਂ ਅਨੁਸਾਰ ਭਾਜਪਾ ਨੂੰ 239 ਸੀਟਾਂ ਹੀ ਮਿਲੀਆਂ ਹਨ। ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਵਰਗੇ ਪ੍ਰਮੁੱਖ ਹਿੰਦੀ ਭਾਸ਼ੀ ਸੂਬਿਆਂ ’ਚ ਭਾਜਪਾ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਦੇ ਬਾਵਜੂਦ ਭਾਜਪਾ ਦੀ ਅਗਵਾਈ ਵਾਲੇ ਰਾਸ਼ਟਰੀ ਲੋਕਤੰਤਰੀ ਗਠਜੋੜ (ਐਨ.ਡੀ.ਏ.) ਨੇ 291 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ ਅਤੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ ਅਤੇ ਜੇਕਰ ਸਭ ਕੁਝ ਠੀਕ ਰਿਹਾ ਤਾਂ ਉਸ ਦੀ ਸਰਕਾਰ ਬਣਨ ਦਾ ਰਾਹ ਸਾਫ਼ ਹੋ ਗਿਆ ਹੈ। ਹਾਲਾਂਕਿ 234 ਸੀਟਾਂ ’ਤੇ ਜਿੱਤ ਦਰਜ ਕਰਨ ਵਾਲੀ ਵਿਰੋਧੀ ਧਿਰ ‘ਇੰਡੀਆ’ ਗੱਠਜੋੜ ਵਲੋਂ ਬਿਹਾਰ ’ਚ ਜਨਤਾ ਦਲ (ਯੂ) (12 ਸੀਟਾਂ) ਅਤੇ ਆਂਧਰ ਪ੍ਰਦੇਸ਼ ਦੀ ਤੇਲਗੂ ਦੇਸ਼ਮ ਪਾਰਟੀ (ਟੀ.ਡੀ.ਪੀ.) (16 ਸੀਟਾਂ) ਨਾਲ ਸੰਪਰਕ ਕਰਨ ਦੀਆਂ ਖ਼ਬਰਾਂ ’ਤੇ ਧਿਆਨ ਦਿਤਾ ਜਾਵੇ ਤਾਂ ਹੋ ਸਕਦਾ ਹੈ ਕਿ ਨਤੀਜਾ ਕੁਝ ਵਖਰਾ ਹੋਵੇ।
ਓਡੀਸ਼ਾ, ਤੇਲੰਗਾਨਾ ਅਤੇ ਕੇਰਲ ’ਚ ਮਹੱਤਵਪੂਰਨ ਜਿੱਤ ਦੇ ਬਾਵਜੂਦ ਭਾਜਪਾ ਅਪਣੇ ਦਮ ’ਤੇ ਬਹੁਮਤ ਦੇ ਅੰਕੜੇ ਤੋਂ ਦੂਰ ਰਹਿ ਗਈ। ਪਿਛਲੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਦਾ ਗੜ੍ਹ ਬਣੇ ਹਿੰਦੀ ਪੱਟੀ ਦੇ ਸੂਬਿਆਂ ’ਚ ਅਣਕਿਆਸੀ ਹਾਰ ਤੋਂ ਇਲਾਵਾ ਓਡੀਸ਼ਾ, ਤੇਲੰਗਾਨਾ ਅਤੇ ਕੇਰਲ ’ਚ ਪਾਰਟੀ ਨੂੰ ਕੁੱਝ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਚੋਣਾਂ ਦੇ ਨਤੀਜਿਆਂ ਨੇ ਐਗਜ਼ਿਟ ਪੋਲ ਦੇ ਅਨੁਮਾਨਾਂ ਨੂੰ ਵੀ ਪੂਰੀ ਤਰ੍ਹਾਂ ਰੱਦ ਕਰ ਦਿਤਾ ਹੈ।
ਕਾਂਗਰਸ ਨੇ ਕਿਹਾ ਕਿ ਇਸ ਚੋਣ ਦਾ ਸੰਦੇਸ਼ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਅਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਰਮੇਸ਼ ਨੇ ਕਿਹਾ, ‘‘ਹੁਣ ਸਾਰੀਆਂ 543 ਸੀਟਾਂ ’ਤੇ ਰੁਝਾਨ ਆ ਗਏ ਹਨ। ਦੋ ਗੱਲਾਂ ਬਹੁਤ ਸਪੱਸ਼ਟ ਹਨ। ਸੱਭ ਤੋਂ ਪਹਿਲਾਂ, ਇਹ ਨਰਿੰਦਰ ਮੋਦੀ ਲਈ ਇਕ ਹੈਰਾਨ ਕਰਨ ਵਾਲੀ ਸਿਆਸੀ ਅਤੇ ਨਿਰਣਾਇਕ ਨੈਤਿਕ ਹਾਰ ਹੋਵੇਗੀ।’’
ਭਾਜਪਾ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਉੱਤਰ ਪ੍ਰਦੇਸ਼ ’ਚ ਹੋਇਆ ਜਿਥੇ ਸਮਾਜਵਾਦੀ ਪਾਰਟੀ-ਕਾਂਗਰਸ ਗੱਠਜੋੜ ਨੇ 44 ਸੀਟਾਂ ਹਾਸਲ ਕੀਤੀਆਂ। ਪਿਛਲੀ ਵਾਰ ਭਾਜਪਾ ਨੇ ਸੂਬੇ ’ਚ 62 ਸੀਟਾਂ ਜਿੱਤੀਆਂ ਸਨ, ਜਦਕਿ ਇਸ ਵਾਰ ਇਹ ਸਿਰਫ ਆਖ਼ਰੀ ਰੁਝਾਨਾਂ ਤਕ 32 ਸੀਟਾਂ ਮਿਲਦੀਆਂ ਦਿਸ ਰਹੀਆਂ ਹਨ।
ਰਾਹੁਲ ਗਾਂਧੀ ਨੇ ਰਾਏਬਰੇਲੀ ਤੋਂ 390030 ਵੋਟਾਂ ਨਾਲ ਜਿੱਤ ਦਰਜ ਕੀਤੀ। ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਸਮ੍ਰਿਤੀ ਇਰਾਨੀ ਅਮੇਠੀ ਤੋਂ 167196 ਵੋਟਾਂ ਨਾਲ ਹਾਰੇ।
ਵਾਰਾਣਸੀ ’ਚ ਮੋਦੀ ਭਾਵੇਂ ਡੇਢ ਲੱਖ ਵੋਟਾਂ ਨਾਲ ਜਿੱਤ ਪਏ ਪਰ ਪਿਛਲੀ ਵਾਰੀ ਵਾਂਗ ਚਾਰ ਲੱਖ ਤੋਂ ਜ਼ਿਆਦਾ ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕਰਨ ਨੂੰ ਦੁਹਰਾ ਨਹੀਂ ਸਕੇ। ਕਨੌਜ ’ਚ ਸਮਾਜਵਾਦੀ ਪਾਰਟੀ ਦੇ ਨੇਤਾ ਅਖਿਲੇਸ਼ ਯਾਦਵ ਨੇ ਜਿੱਤ ਦਰਜ ਕੀਤੀ। ਭਾਜਪਾ ਅਯੋਧਿਆ ’ਚ ਵੀ ਜਿੱਤ ਨਹੀਂ ਸਕੀ, ਜਿੱਥੇ ਸਮਾਜਵਾਦੀ ਪਾਰਟੀ ਦੇ ਆਗੂ ਅਵਧੇਸ਼ ਪ੍ਰਸਾਦ ਨੇ ਜਿੱਤ ਪ੍ਰਾਪਤ ਕੀਤੀ। ਅਯੋਧਿਆ ਸ਼ਹਿਰ ਫ਼ੈਜ਼ਾਬਾਦ ਲੋਕ ਸਭਾ ਹਲਕੇ ’ਚ ਪੈਂਦਾ ਹੈ।
ਲੋਕ ਸਭਾ ਵੋਟਾਂ ਦੇ ਨਤੀਜੇ ਦਰਸਾਉਂਦੇ ਹਨ ਕਿ ਖਾਸ ਕਰ ਕੇ ਹਿੰਦੀ ਪੱਟੀ ਦੇ ਵੋਟਰਾਂ ਨੇ ਵੋਟਿੰਗ ਰਾਹੀਂ ਰੋਜ਼ੀ-ਰੋਟੀ ਬਾਰੇ ਅਪਣੀ ਚਿੰਤਾ ਜ਼ਾਹਰ ਕੀਤੀ ਹੈ। ਅਜਿਹਾ ਲਗਦਾ ਹੈ ਕਿ ਵਿਰੋਧੀ ‘ਇੰਡੀਆ’ ਗੱਠਜੋੜ ਬੇਰੁਜ਼ਗਾਰੀ ਅਤੇ ਮਹਿੰਗਾਈ ਦੇ ਮੁੱਦਿਆਂ ’ਤੇ ਜਨਤਾ ਦੀ ਰਾਏ ਜੁਟਾਉਣ ’ਚ ਕਾਮਯਾਬ ਰਿਹਾ ਹੈ।
ਹਾਲਾਂਕਿ ਭਾਜਪਾ ਨੇ ਖ਼ਬਰ ਲਿਖੇ ਜਾਣ ਤਕ ਹਿਮਾਚਲ ਪ੍ਰਦੇਸ਼ (4), ਉੱਤਰਾਖੰਡ (5), ਮੱਧ ਪ੍ਰਦੇਸ਼ (29) ’ਚ ਸਾਰੀਆਂ ਦੀਆਂ ਸਾਰੀਆਂ ਸੀਟਾਂ ਜਿੱਤ ਲਈਆਂ ਸਨ। ਹਰਿਆਣਾ ’ਚ ਭਾਜਪਾ ਅਤੇ ਕਾਂਗਰਸ ਨੂੰ 5-5 ਸੀਟਾਂ ਮਿਲੀਆਂ। ਤੇਲੰਗਾਨਾ ’ਚ ਕਾਂਗਰਸ ਅਤੇ ਭਾਜਪਾ ਨੂੰ 8-8 ਸੀਟਾਂ ਮਿਲੀਆਂ ਜਦਕਿ ਏ.ਆਈ.ਐਮ.ਆਈ.ਐਮ. ਦੇ ਅਸਦਉਦਦੀਨ ਨੂੰ ਇਕ ਸੀਟ ਮਿਲੀ।
ਪ੍ਰਮੁੱਖ ਚਿਹਰੇ ਜੋ ਹਾਰੇ
- ਸਮ੍ਰਿਤੀ ਇਰਾਨੀ ਅਮੇਠੀ ਤੋਂ ਕਾਂਗਰਸ ਆਗੂ ਕਿਸ਼ੋਰ ਲਾਲ ਸ਼ਰਮਾ ਤੋਂ 67 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਾਰੀ।
- ਕਾਂਗਰਸ ਦੇ ਕਨ੍ਹਈਆ ਕੁਮਾਰ ਪੂਰਬੀ ਦਿੱਲੀ ਸੀਟ ਤੋਂ ਭਾਜਪਾ ਦੇ ਮਨੋਜ ਤਿਵਾਰੀ ਤੋਂ ਹਾਰੇ।
- ਜਿਨਸੀ ਸੋਸ਼ਣ ਦੇ ਦੋਸ਼ਾਂ ’ਚ ਫਸੇ ਜਨਤਾ ਦਲ (ਸੈਕੂਲਰ) ਉਮੀਦਵਾਰ ਪ੍ਰਜਵਲ ਰੇਵੰਨਾ ਹਾਸਨ ਸੀਟ ਤੋਂ ਹਾਰੇ।
- ਭਾਜਪਾ ਉਮੀਦਵਾਰ ਸਾਕਸ਼ੀ ਮਹਾਰਾਜ ਸਮਾਜਵਾਦੀ ਪਾਰਟੀ ਦੇ ਅਨੂ ਟੰਡਨ ਤੋਂ 35 ਹਜ਼ਾਰ ਵੋਟਾਂ ਨਾਲ ਹਾਰੇ।
- ਲਖੀਮਪੁਰ ਖੀਰੀ ਤੋਂ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੇਨੀ ਸਮਾਜਵਾਦੀ ਪਾਰਟੀ ਦੇ ਉਤਕਰਸ਼ ਵਰਮਾ ਤੋਂ ਹਾਰੇ।
ਪ੍ਰਮੁੱਖ ਚਿਹਰੇ ਜੋ ਜਿੱਤੇ
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਣਸੀ ਸੀਟ ਤੋਂ ਜਿੱਤੇ।
- ਅਮਿਤ ਸ਼ਾਹ ਗਾਂਧੀਨਗਰ ਸੀਟ ਤੋਂ 7 ਲੱਖ ਤੋਂ ਜ਼ਿਆਦਾ ਵੋਟਾਂ ਨਾਲ ਜਿੱਤੇ।
- ਰਾਹੁਲ ਗਾਂਧੀ ਨੇ ਰਾਏਬਰੇਲੀ ਅਤੇ ਵਾਏਨਾਡ ਸੀਟ ਜਿੱਤੀ।
- ਅਸਦਉਦਦੀਨ ਓਵੈਸੀ ਨੇ ਹੈਦਰਾਬਾਦ ਸੀਟ ਲਗਾਤਾਰ ਪੰਜਵੀਂ ਵਾਰੀ ਜਿੱਤੀ।
- ਫ਼ਿਲਮੀ ਅਦਾਦਾਰ ਸ਼ਤਰੂਘਨ ਸਿਨਹਾ ਪਛਮੀ ਬੰਗਾਲ ਦੀ ਆਸਨਸੋਲ ਸੀਟ ਤੋਂ ਜਿੱਤੇ।
- ਕ੍ਰਿਕੇਟਰ ਤੋਂ ਸਿਆਸਤਦਾਨ ਬਣੇ ਕੀਰਤੀ ਆਜ਼ਾਦ ਬਰਧਮਾਨ-ਦੁਰਗਾਪੁਰ ਸੀਟ ਤੋਂ ਜਿੱਤੇ।
- ਓਮ ਬਿਰਲਾ 20 ਸਾਲਾਂ ’ਚ ਮੁੜ ਸੰਸਦ ਮੈਂਬਰ ਚੁਣੇ ਜਾਣ ਵਾਲੇ ਪਹਿਲੇ ਲੋਕ ਸਭਾ ਸਪੀਕਰ ਬਣੇ।
- ਤ੍ਰਿਸ਼ੂਰ ਤੋਂ ਸੁਰੇਸ਼ ਗੋਪੀ ਨੇ ਜਿੱਤ ਦੇ ਕੇਰਲ ਸੂਬੇ ਤੋਂ ਪਹਿਲੀ ਵਾਰੀ ਕੋਈ ਸੰਸਦੀ ਸੀਟ ਭਾਜਪਾ ਦੀ ਝੋਲੀ ’ਚ ਪਾਈ।
- ਭਾਜਪਾ ਦੇ ਅਰੁਣ ਗੋਵਿਲ (ਟੀ.ਵੀ. ਸੀਰੀਅਲ ‘ਰਾਮਾਇਣ’ ਦੇ ਰਾਮ) ਮੇਰਠ ਸੀਟ ’ਤੇ ਜਿੱਤੇ।