ਭਾਜਪਾ ਨੂੰ ਸਪੱਸ਼ਟ ਬਹੁਮਤ ਨਾ ਮਿਲਦਾ ਵੇਖ ਕੇ ਸ਼ੇਅਰ ਬਾਜ਼ਾਰ ਮੂਧੇ ਮੂੰਹ ਡਿੱਗਿਆ, ਸੈਂਸੈਕਸ ਤੇ ਨਿਫਟੀ ’ਚ 6 ਫੀ ਸਦੀ  ਦੀ ਗਿਰਾਵਟ
Published : Jun 4, 2024, 5:15 pm IST
Updated : Jun 4, 2024, 7:00 pm IST
SHARE ARTICLE
Sensex
Sensex

ਪਿਛਲੇ ਚਾਰ ਸਾਲਾਂ ’ਚ ਇਕ  ਦਿਨ ’ਚ ਸੱਭ ਤੋਂ ਵੱਡੀ ਗਿਰਾਵਟ

ਮੁੰਬਈ, 4 ਜੂਨ: ਆਮ ਚੋਣਾਂ ਦੇ ਰੁਝਾਨਾਂ ’ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਬਹੁਮਤ ਤੋਂ ਦੂਰ ਰਹਿਣ ਦੇ ਸੰਕੇਤ ਮਿਲਣ ਤੋਂ ਬਾਅਦ ਮੰਗਲਵਾਰ ਨੂੰ ਸ਼ੇਅਰ ਬਾਜ਼ਾਰਾਂ ’ਚ ਭਾਰੀ ਗਿਰਾਵਟ ਆਈ। ਇਸ ਸਮੇਂ ਦੌਰਾਨ ਪ੍ਰਮੁੱਖ ਸਟਾਕ ਸੂਚਕਾਂਕ ਸੈਂਸੈਕਸ ਅਤੇ ਨਿਫਟੀ ’ਚ ਲਗਭਗ 6 ਫ਼ੀ ਸਦੀ  ਦੀ ਗਿਰਾਵਟ ਆਈ। ਇਹ ਪਿਛਲੇ ਚਾਰ ਸਾਲਾਂ ’ਚ ਇਕ  ਦਿਨ ’ਚ ਸੱਭ ਤੋਂ ਵੱਡੀ ਗਿਰਾਵਟ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਤਿੰਨ ਫ਼ੀ ਸਦੀ ਤੋਂ ਵੱਧ ਦੇ ਤੇਜ਼ ਵਾਧੇ ਤੋਂ ਬਾਅਦ ਮੰਗਲਵਾਰ ਨੂੰ 30 ਸ਼ੇਅਰਾਂ ਵਾਲਾ ਬੀ.ਐਸ.ਈ. ਸੈਂਸੈਕਸ 4,389.73 ਅੰਕ ਜਾਂ 5.74 ਫ਼ੀ ਸਦੀ ਫਿਸਲ ਕੇ ਦੋ ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ 72,079.05 ਅੰਕ ’ਤੇ  ਬੰਦ ਹੋਇਆ। 

ਦਿਨ ’ਚ ਕਾਰੋਬਾਰ ਦੌਰਾਨ ਸੈਂਸੈਕਸ 6,234.35 ਅੰਕ ਯਾਨੀ 8.15 ਫੀ ਸਦੀ ਡਿੱਗ ਕੇ ਪੰਜ ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ 70,234.43 ਅੰਕ ’ਤੇ ਆ ਗਿਆ ਸੀ। ਇਸ ਦੌਰਾਨ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 1,982.45 ਅੰਕ ਯਾਨੀ 8.52 ਫੀ ਸਦੀ  ਡਿੱਗ ਕੇ 21,281.45 ਅੰਕ ’ਤੇ  ਬੰਦ ਹੋਇਆ। ਬਾਅਦ ’ਚ ਇਹ 1,379.40 ਅੰਕ ਯਾਨੀ 5.93 ਫੀ ਸਦੀ  ਦੀ ਤੇਜ਼ੀ ਨਾਲ 21,884.50 ਅੰਕ ’ਤੇ  ਬੰਦ ਹੋਇਆ। 

ਇਸ ਤੋਂ ਪਹਿਲਾਂ ਸ਼ੇਅਰ ਬਾਜ਼ਾਰ ’ਚ ਏਨੀ ਵੱਡੀ ਗਿਰਾਵਟ 23 ਮਾਰਚ 2020 ਨੂੰ ਆਈ ਸੀ ਜਦੋਂ ਕੋਵਿਡ-19 ਮਹਾਮਾਰੀ ਕਾਰਨ ਲੌਕਡਾਊਨ ਲਗਾਇਆ ਗਿਆ ਸੀ। ਉਦੋਂ ਸੈਂਸੈਕਸ ਅਤੇ ਨਿਫਟੀ ’ਚ ਕਰੀਬ 13 ਫੀ ਸਦੀ  ਦੀ ਗਿਰਾਵਟ ਆਈ ਸੀ।  ਅੱਜ ਜਨਤਕ ਖੇਤਰ ਦੇ ਅਦਾਰਿਆਂ, ਬੈਂਕਾਂ, ਬਿਜਲੀ, ਊਰਜਾ, ਤੇਲ ਅਤੇ ਗੈਸ ਅਤੇ ਪੂੰਜੀਗਤ ਵਸਤੂਆਂ ਦੇ ਸ਼ੇਅਰਾਂ ’ਚ ਭਾਰੀ ਮੁਨਾਫਾ ਬੁਕਿੰਗ ਵੇਖਣ  ਨੂੰ ਮਿਲੀ।  

ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਰੀਸਰਚ ਮੁਖੀ ਵਿਨੋਦ ਨਾਇਰ ਨੇ ਕਿਹਾ, ‘‘ਆਮ ਚੋਣਾਂ ਦੇ ਅਣਕਿਆਸੇ ਨਤੀਜਿਆਂ ਨੇ ਘਰੇਲੂ ਬਾਜ਼ਾਰ ’ਚ ਡਰ ਪੈਦਾ ਕਰ ਦਿਤਾ ਹੈ। ਇਸ ਕਾਰਨ, ਹਾਲ ਹੀ ’ਚ ਆਈ ਭਾਰੀ ਤੇਜ਼ੀ ਉਲਟ ਗਈ। ਇਸ ਦੇ ਬਾਵਜੂਦ ਬਾਜ਼ਾਰ ਨੇ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ’ਚ ਸਥਿਰਤਾ ਦੀ ਉਮੀਦ ਬਣਾਈ ਰੱਖੀ।’’ 

ਉਨ੍ਹਾਂ ਕਿਹਾ ਕਿ ਇਸ ਨਾਲ ਸਮਾਜਕ ਅਰਥਸ਼ਾਸਤਰ ’ਤੇ  ਧਿਆਨ ਕੇਂਦਰਿਤ ਕਰਨ ਵਾਲੀ ਰਾਜਨੀਤੀ ’ਚ ਇਕ  ਮਿਸਾਲੀ ਤਬਦੀਲੀ ਆਵੇਗੀ, ਜਿਸ ਦਾ ਪੇਂਡੂ ਆਰਥਕਤਾ ’ਤੇ  ਸਕਾਰਾਤਮਕ ਪ੍ਰਭਾਵ ਪਵੇਗਾ। ਜ਼ਿਕਰਯੋਗ ਹੈ ਕਿ 16 ਮਈ 2014 ਨੂੰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਸੱਤਾ ’ਚ ਆਉਣ ਤੋਂ ਬਾਅਦ ਸੈਂਸੈਕਸ 261.14 ਅੰਕ ਯਾਨੀ 0.90 ਫੀ ਸਦੀ  ਦੀ ਤੇਜ਼ੀ ਨਾਲ 24,121.74 ਅੰਕ ’ਤੇ  ਬੰਦ ਹੋਇਆ ਸੀ। ਇਸ ਦਿਨ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 79.85 ਅੰਕ ਯਾਨੀ 1.12 ਫੀ ਸਦੀ  ਦੇ ਵਾਧੇ ਨਾਲ 7,203 ਦੇ ਪੱਧਰ ’ਤੇ  ਬੰਦ ਹੋਇਆ ਸੀ।  

ਮੋਦੀ ਸਰਕਾਰ ਦੇ 23 ਮਈ 2019 ਨੂੰ ਦੂਜੀ ਵਾਰ ਸੱਤਾ ’ਚ ਆਉਣ ਤੋਂ ਬਾਅਦ ਸੈਂਸੈਕਸ 298.82 ਅੰਕ ਯਾਨੀ 0.76 ਫੀ ਸਦੀ  ਡਿੱਗ ਕੇ 38,811.39 ਅੰਕ ’ਤੇ  ਬੰਦ ਹੋਇਆ ਸੀ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 80.85 ਅੰਕ ਯਾਨੀ 0.69 ਫੀ ਸਦੀ  ਡਿੱਗ ਕੇ 11,657.05 ਅੰਕ ’ਤੇ  ਬੰਦ ਹੋਇਆ।  ਸੈਂਸੈਕਸ ’ਚ ਐਨ.ਟੀ.ਪੀ.ਸੀ. ਦਾ ਸ਼ੇਅਰ ਸੱਭ ਤੋਂ ਜ਼ਿਆਦਾ 15 ਫੀ ਸਦੀ  ਡਿੱਗਿਆ। ਇਸ ਤੋਂ ਇਲਾਵਾ ਐਸ.ਬੀ.ਆਈ. ’ਚ 14 ਫ਼ੀ ਸਦੀ, ਐਲ ਐਂਡ ਟੀ ’ਚ 12 ਫ਼ੀ ਸਦੀ  ਅਤੇ ਪਾਵਰ ਗ੍ਰਿਡ ’ਚ 12 ਫ਼ੀ ਸਦੀ  ਤੋਂ ਵੱਧ ਦੀ ਗਿਰਾਵਟ ਆਈ। 

ਟਾਟਾ ਸਟੀਲ, ਇੰਡਸਇੰਡ ਬੈਂਕ, ਭਾਰਤੀ ਏਅਰਟੈੱਲ, ਆਈ.ਸੀ.ਆਈ.ਸੀ.ਆਈ. ਬੈਂਕ, ਐਕਸਿਸ ਬੈਂਕ, ਰਿਲਾਇੰਸ ਇੰਡਸਟਰੀਜ਼ ਅਤੇ ਜੇਐਸਡਬਲਯੂ ਸਟੀਲ ਦੇ ਸ਼ੇਅਰਾਂ ’ਚ ਵੀ ਭਾਰੀ ਗਿਰਾਵਟ ਆਈ।  ਦੂਜੇ ਪਾਸੇ ਹਿੰਦੁਸਤਾਨ ਯੂਨੀਲੀਵਰ ਦਾ ਸ਼ੇਅਰ 6 ਫੀ ਸਦੀ  ਅਤੇ ਨੈਸਲੇ ਦਾ ਸ਼ੇਅਰ 3 ਫੀ ਸਦੀ  ਵਧਿਆ। ਟਾਟਾ ਕੰਸਲਟੈਂਸੀ ਸਰਵਿਸਿਜ਼, ਏਸ਼ੀਅਨ ਪੇਂਟਸ ਅਤੇ ਸਨ ਫਾਰਮਾ ਦੇ ਸ਼ੇਅਰਾਂ ’ਚ ਵਾਧਾ ਦਰਜ ਕੀਤਾ ਗਿਆ। ਐਫ.ਐਮ.ਸੀ.ਜੀ. ਨੂੰ ਛੱਡ ਕੇ ਸਾਰੇ ਖੇਤਰੀ ਸੂਚਕਾਂਕ ਘਾਟੇ ਨਾਲ ਬੰਦ ਹੋਏ।  

ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਸੋਮਵਾਰ ਨੂੰ 6,850.76 ਕਰੋੜ ਰੁਪਏ ਦੇ ਸ਼ੇਅਰ ਖਰੀਦੇ।  ਗਲੋਬਲ ਤੇਲ ਬੈਂਚਮਾਰਕ ਬ੍ਰੈਂਟ ਕਰੂਡ 1.88 ਫੀ ਸਦੀ  ਦੀ ਗਿਰਾਵਟ ਨਾਲ 76.89 ਡਾਲਰ ਪ੍ਰਤੀ ਬੈਰਲ ’ਤੇ  ਕਾਰੋਬਾਰ ਕਰ ਰਿਹਾ ਸੀ। (ਪੀਟੀਆਈ)

ਡਾਲਰ ਦੇ ਮੁਕਾਬਲੇ ਰੁਪਿਆ 45 ਪੈਸੇ ਡਿੱਗ ਕੇ 83.59 ਦੇ ਪੱਧਰ ’ਤੇ  ਬੰਦ 

ਮੁੰਬਈ: ਲੋਕ ਸਭਾ ਚੋਣਾਂ ’ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਅਪਣੇ  ਦਮ ’ਤੇ  ਬਹੁਮਤ ਹਾਸਲ ਕਰਨ ਦੀ ਸੰਭਾਵਨਾ ਨਾ ਹੋਣ ਕਾਰਨ ਸ਼ੇਅਰ ਬਾਜ਼ਾਰ ’ਚ ਹਫੜਾ-ਦਫੜੀ ਦੇ ਵਿਚਕਾਰ ਮੰਗਲਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 45 ਪੈਸੇ ਡਿੱਗ ਕੇ 83.59 ਦੇ ਪੱਧਰ ’ਤੇ  ਆ ਗਿਆ। ਵਿਦੇਸ਼ੀ ਮੁਦਰਾ ਵਪਾਰੀਆਂ ਨੇ ਕਿਹਾ ਕਿ ਘਰੇਲੂ ਸ਼ੇਅਰ ਬਾਜ਼ਾਰ ਵਿਚ ਭਾਰੀ ਵਿਕਰੀ ਅਤੇ ਪ੍ਰਮੁੱਖ ਵਿਦੇਸ਼ੀ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੀ ਮਜ਼ਬੂਤੀ ਨੇ ਨਿਰਾਸ਼ਾ ਨੂੰ ਹੋਰ ਵਧਾ ਦਿਤਾ। 

ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ’ਚ ਰੁਪਿਆ ਕਮਜ਼ੋਰ ਹੋ ਕੇ 83.25 ਦੇ ਪੱਧਰ ’ਤੇ  ਖੁੱਲ੍ਹਿਆ ਅਤੇ ਕਾਰੋਬਾਰ ਦੇ ਦੌਰਾਨ ਅਮਰੀਕੀ ਡਾਲਰ ਦੇ ਮੁਕਾਬਲੇ 83.23 ਦੇ ਉੱਚ ਪੱਧਰ ਅਤੇ 83.59 ਦੇ ਹੇਠਲੇ ਪੱਧਰ ਦੇ ਵਿਚਕਾਰ ਰਿਹਾ। ਕਾਰੋਬਾਰ ਦੇ ਅੰਤ ’ਚ ਡਾਲਰ ਦੇ ਮੁਕਾਬਲੇ ਰੁਪਿਆ 83.59 (ਅਸਥਾਈ) ਦੇ ਪੱਧਰ ’ਤੇ  ਬੰਦ ਹੋਇਆ, ਜੋ ਪਿਛਲੇ ਬੰਦ ਦੇ ਮੁਕਾਬਲੇ 45 ਪੈਸੇ ਦੀ ਵੱਡੀ ਗਿਰਾਵਟ ਹੈ। ਸੋਮਵਾਰ ਨੂੰ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 83.14 ਦੇ ਪੱਧਰ ’ਤੇ  ਬੰਦ ਹੋਇਆ ਸੀ। 

ਹਾਲ ਹੀ ’ਚ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜੇ ਮੰਗਲਵਾਰ ਨੂੰ ਵੋਟਾਂ ਦੀ ਗਿਣਤੀ ’ਚ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਲਈ ਇੰਨੇ ਉਤਸ਼ਾਹਜਨਕ ਨਹੀਂ ਰਹੇ। ਇਸ ਤੋਂ ਇਲਾਵਾ ਭਾਜਪਾ ਨੂੰ ਅਪਣੇ  ਦਮ ’ਤੇ  ਸਪੱਸ਼ਟ ਬਹੁਮਤ ਮਿਲਣ ਦੀ ਸੰਭਾਵਨਾ ਵੀ ਬਹੁਤ ਘੱਟ ਹੈ। ਇਸ ਦਾ ਅਸਰ ਸ਼ੇਅਰ ਬਾਜ਼ਾਰ ਅਤੇ ਵਿਦੇਸ਼ੀ ਮੁਦਰਾ ਬਾਜ਼ਾਰ ਦੋਹਾਂ  ’ਤੇ  ਵੇਖਣ  ਨੂੰ ਮਿਲਿਆ। 

ਬੀ.ਐਨ.ਪੀ. ਪਰੀਬਾਸ ਵਲੋਂ ਸ਼ੇਅਰਖਾਨ ਦੇ ਖੋਜ ਵਿਸ਼ਲੇਸ਼ਕ ਅਨੁਜ ਚੌਧਰੀ ਨੇ ਕਿਹਾ, ‘‘ਚੋਣ ਨਤੀਜਿਆਂ ਨੂੰ ਲੈ ਕੇ ਅਨਿਸ਼ਚਿਤਤਾ ਦੇ ਵਿਚਕਾਰ ਘਰੇਲੂ ਬਾਜ਼ਾਰਾਂ ’ਚ ਭਾਰੀ ਗਿਰਾਵਟ ਕਾਰਨ ਰੁਪਏ ’ਚ ਤੇਜ਼ੀ ਨਾਲ ਗਿਰਾਵਟ ਆਈ ਹੈ। ਇਸ ਕਾਰਨ ਵਿਦੇਸ਼ੀ ਨਿਵੇਸ਼ਕਾਂ ਨੇ ਵੀ ਕੁੱਝ  ਨਾ ਕੁੱਝ  ਵੇਚ ਦਿਤਾ। ਰੁਜ਼ਗਾਰ ਦੇ ਨਿਰਾਸ਼ਾਜਨਕ ਅੰਕੜਿਆਂ ਕਾਰਨ ਇਕ ਦਿਨ ਪਹਿਲਾਂ ਹੋਏ ਨੁਕਸਾਨ ਤੋਂ ਅਮਰੀਕੀ ਡਾਲਰ ਉਭਰਿਆ।’’ ਡਾਲਰ ਇੰਡੈਕਸ 0.17 ਫੀ ਸਦੀ  ਦੀ ਤੇਜ਼ੀ ਨਾਲ 104.25 ਦੇ ਪੱਧਰ ’ਤੇ  ਪਹੁੰਚ ਗਿਆ। ਇਸ ਦੌਰਾਨ ਗਲੋਬਲ ਤੇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 1.88 ਫੀ ਸਦੀ  ਡਿੱਗ ਕੇ 76.89 ਡਾਲਰ ਪ੍ਰਤੀ ਬੈਰਲ ’ਤੇ  ਆ ਗਿਆ।

ਅਡਾਨੀ ਸਮੂਹ ਦੀਆਂ ਜ਼ਿਆਦਾਤਰ ਕੰਪਨੀਆਂ ਦੇ ਸ਼ੇਅਰਾਂ ’ਚ ਗਿਰਾਵਟਠ ਬਾਜ਼ਾਰ ਪੂੰਜੀਕਰਨ ’ਚ 3.64 ਲੱਖ ਕਰੋੜ ਰੁਪਏ ਦੀ ਗਿਰਾਵਟ 

ਨਵੀਂ ਦਿੱਲੀ: ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਮੰਗਲਵਾਰ ਨੂੰ ਭਾਰੀ ਗਿਰਾਵਟ ਦਰਜ ਕੀਤੀ ਗਈ। ਵੋਟਾਂ ਦੀ ਗਿਣਤੀ ਦੇ ਰੁਝਾਨਾਂ ਤੋਂ ਪਤਾ ਲਗਦਾ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਲੋਕ ਸਭਾ ’ਚ ਸਪੱਸ਼ਟ ਬਹੁਮਤ ਤੋਂ ਪਿੱਛੇ ਰਹਿ ਸਕਦੀ ਹੈ। ਇਸ ਨਾਲ ਸ਼ੇਅਰ ਬਾਜ਼ਾਰ ’ਚ ਵੱਡੀ ਗਿਰਾਵਟ ਆਈ। ਸਮੂਹ ਦੀਆਂ 10 ਸੂਚੀਬੱਧ ਕੰਪਨੀਆਂ ਦੇ ਬਾਜ਼ਾਰ ਪੂੰਜੀਕਰਨ ’ਚ 3.64 ਲੱਖ ਕਰੋੜ ਰੁਪਏ ਦੀ ਗਿਰਾਵਟ ਆਈ ਹੈ। ਕਾਰੋਬਾਰ ਦੀ ਸਮਾਪਤੀ ’ਤੇ ਅਡਾਨੀ ਪੋਰਟਸ ਦੇ ਸ਼ੇਅਰ 21.26 ਫੀ ਸਦੀ, ਅਡਾਨੀ ਐਨਰਜੀ ਸਾਲਿਊਸ਼ਨਜ਼ 20 ਫੀ ਸਦੀ, ਗਰੁੱਪ ਲੀਡਰ ਅਡਾਨੀ ਐਂਟਰਪ੍ਰਾਈਜ਼ਜ਼ 19.35 ਫੀ ਸਦੀ, ਅਡਾਨੀ ਗ੍ਰੀਨ ਐਨਰਜੀ ਦੇ ਸ਼ੇਅਰ 19.20 ਫੀ ਸਦੀ ਡਿੱਗੇ। 

ਅਡਾਨੀ ਟੋਟਲ ਗੈਸ 18.88 ਫੀ ਸਦੀ, ਐਨ.ਡੀ.ਟੀ.ਵੀ. 18.52 ਫੀ ਸਦੀ, ਅਡਾਨੀ ਪਾਵਰ 17.27 ਫੀ ਸਦੀ ਅਤੇ ਅੰਬੂਜਾ ਸੀਮੈਂਟ 16.88 ਫੀ ਸਦੀ ਡਿੱਗੀ। ਏ.ਸੀ.ਸੀ. ਦੇ ਸ਼ੇਅਰ 14.71 ਫ਼ੀ ਸਦੀ ਅਤੇ ਅਡਾਨੀ ਵਿਲਮਰ 9.98 ਫ਼ੀ ਸਦੀ ਡਿੱਗ ਗਏ। ਕਾਰੋਬਾਰ ਦੌਰਾਨ ਸਮੂਹ ਦੀਆਂ 10 ਕੰਪਨੀਆਂ ’ਚੋਂ ਅੱਠ ਹੇਠਲੇ ਸਰਕਟ ’ਤੇ ਪਹੁੰਚ ਗਈਆਂ ਸਨ। ਅਡਾਨੀ ਐਂਟਰਪ੍ਰਾਈਜ਼ਜ਼ ਨੇ ਕਾਰੋਬਾਰ ਦੌਰਾਨ 25 ਫ਼ੀ ਸਦੀ ਦੇ ਹੇਠਲੇ ਸਰਕਟ ਨੂੰ ਛੂਹਿਆ ਸੀ। ਅਡਾਨੀ ਪੋਰਟਸ 25 ਫ਼ੀ ਸਦੀ ਅਤੇ ਅੰਬੂਜਾ ਸੀਮੈਂਟਸ 22.5 ਫ਼ੀ ਸਦੀ ਡਿੱਗ ਕੇ ਸਰਕਟ ਦੇ ਹੇਠਾਂ ਆ ਗਏ। 

ਅਡਾਨੀ ਪਾਵਰ 20 ਫ਼ੀ ਸਦੀ ਅਤੇ ਅਡਾਨੀ ਐਨਰਜੀ 20 ਫ਼ੀ ਸਦੀ ਡਿੱਗ ਕੇ ਹੇਠਲੇ ਸਰਕਟ ਸੀਮਾ ਤਕ ਪਹੁੰਚ ਗਈ। ਅਡਾਨੀ ਗ੍ਰੀਨ ਦਾ ਸ਼ੇਅਰ 20 ਫੀ ਸਦੀ ਅਤੇ ਅਡਾਨੀ ਟੋਟਲ ਗੈਸ ਦਾ ਸ਼ੇਅਰ 19.89 ਫੀ ਸਦੀ ਡਿੱਗਿਆ। ਐਨਡੀਟੀਵੀ 19.98 ਫ਼ੀ ਸਦੀ ਅਤੇ ਏਸੀਸੀ 19.69 ਫ਼ੀ ਸਦੀ ਡਿੱਗ ਕੇ ਸਰਕਟ ਦੇ ਹੇਠਲੇ ਪੱਧਰ ’ਤੇ ਆ ਗਿਆ। ਅਡਾਨੀ ਵਿਲਮਰ ਦੇ ਸ਼ੇਅਰ ਵੀ 10 ਫ਼ੀ ਸਦੀ ਡਿੱਗ ਕੇ ਸਰਕਟ ਹੇਠਲੇ ਪੱਧਰ ’ਤੇ ਆ ਗਏ। ਸਮੂਹ ਦੀਆਂ 10 ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 3,64,366.12 ਕਰੋੜ ਰੁਪਏ ਘਟ ਕੇ 15,78,346.79 ਕਰੋੜ ਰੁਪਏ ਰਹਿ ਗਿਆ। ਸੋਮਵਾਰ ਨੂੰ ਸਮੂਹ ਦੀਆਂ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 19,42,712.91 ਕਰੋੜ ਰੁਪਏ ਸੀ।

Tags: share market

SHARE ARTICLE

ਏਜੰਸੀ

Advertisement

Jathedar ਨੂੰ ਹਟਾਉਣ ਤੇ CM Mann ਦਾ ਪਹਿਲਾ ਬਿਆਨ SGPC ਨੂੰ ਕਿਹਾ, 'ਪਹਿਲਾਂ ਆਪ ਤਾਂ ਵੈਲਿਡ ਹੋ ਜਾਓ'

08 Mar 2025 2:06 PM

ਹੁਣ Punjab ਦੇ ਇਸ Pind 'ਚ ਚੱਲਿਆ Bulldozer, ਕੁੱਝ ਹੀ ਸਕਿੰਟਾਂ 'ਚ ਕਰਤਾ Drug Trafficker ਦਾ ਘਰ ਤਬਾਹ

08 Mar 2025 2:03 PM

SGPC ਦਾ ਅਗਲਾ ਪ੍ਰਧਾਨ ਕੌਣ, ਕਿਵੇਂ ਚੁਣਿਆ ਜਾਵੇਗਾ ਨਵਾਂ ਪ੍ਰਧਾਨ, ਪੰਥਕ ਸਿਆਸਤ 'ਚ ਹਲਚਲ ਲਈ ਕੌਣ ਜ਼ਿੰਮੇਵਾਰ ?

07 Mar 2025 12:43 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

07 Mar 2025 12:40 PM

Tehsildara ਨੂੰ ਦਿੱਤਾ ਅਲਟੀਮੇਟਮ ਖ਼ਤਮ, ਪੰਜਾਬ ਸਰਕਾਰ ਦੀ ਚਿਤਾਵਨੀ ਦਾ ਅਸਰ, ਦੇਖੋ ਕਿੱਥੇ-ਕਿੱਥੇ ਡਿਊਟੀ 'ਤੇ ਪਰਤੇ..

05 Mar 2025 12:19 PM
Advertisement