
ਗ਼ਲਤ ਲੋਕਾਂ ਪਛਾਣ ਲਈ ਕਿਸਾਨਾਂ ਦੀ 5 ਫ਼ੀ ਸਦੀ ਸਰੀਰਕ ਤਸਦੀਕ ਜ਼ਰੂਰੀ ਕੀਤੀ
ਨਵੀਂ ਦਿੱਲੀ : ਕੇਂਦਰ ਸਰਕਾਰ ਵਲੋਂ ਕਿਸਾਨਾਂ ਲਈ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਦੇਸ਼ ਦੇ ਵੱਡੀ ਗਿਣਤੀ ਕਿਸਾਨਾਂ ਨੂੰ ਪਹੁੰਚ ਰਿਹਾ ਹੈ। ਇਸੇ ਦਰਮਿਆਨ ਇਸ ਯੋਜਨਾ ਤਹਿਤ ਕਈ ਲੋਕਾਂ ਵਲੋਂ ਗ਼ਲਤ ਜਾਣਕਾਰੀਆਂ ਦੇ ਅਧਾਰ 'ਤੇ ਲਾਭ ਹਾਸਲ ਕਰਨ ਦਾ ਮੁੱਦਾ ਵੀ ਉਠਦਾ ਰਿਹਾ ਹੈ। ਇਸ ਤੋਂ ਬਾਅਦ ਸਰਕਾਰ ਨੇ ਇਸ ਯੋਜਨਾ ਵਿਚ ਪਾਰਦਰਸ਼ਤਾ ਲਿਆਉਣ ਲਈ ਕਦਮ ਚੁੱਕਣੇ ਸ਼ੁਰੂ ਕਰ ਦਿਤੇ ਹਨ।
Money
ਇਸ ਯੋਜਨਾ ਤਹਿਤ ਗ਼ਲਤ ਜਾਣਕਾਰੀਆਂ ਦੇ ਅਧਾਰ 'ਤੇ ਪੈਸੇ ਹਾਸਲ ਕਰਨ ਵਾਲੇ ਲੋਕਾਂ ਤੋਂ ਪੈਸਾ ਵਾਪਸ ਲੈਣ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ। ਸਰਕਾਰ ਅਸਲ ਹੱਕਦਾਰਾਂ ਤਕ ਪੈਸਾ ਪਹੁੰਚਾਉਣ ਲਈ ਵਿਸ਼ੇਸ਼ ਪ੍ਰਬੰਧ ਕਰਨ ਜਾ ਰਹੀ ਹੈ। ਹੁਣ ਲਾਭਪਾਤਰੀਆਂ ਦੀ ਯੋਗਤਾ ਦੀ ਪੁਸ਼ਟੀ ਲਈ ਕਿਸਾਨਾਂ ਦੀ 5 ਪ੍ਰਤੀਸ਼ਤ ਸਰੀਰਕ ਤਸਦੀਕ ਲਾਜ਼ਮੀ ਕਰ ਦਿਤੀ ਗਈ ਹੈ। ਖੇਤੀਬਾੜੀ ਮੰਤਰਾਲੇ ਮੁਤਾਬਕ ਤਸਦੀਕ ਦੀ ਪ੍ਰਕਿਰਿਆ ਜ਼ਿਲ੍ਹਾ ਕੁਲੈਕਟਰ ਦੀ ਅਗਵਾਈ ਹੇਠ ਹੀ ਕੀਤੀ ਜਾਵੇਗੀ।
Money
ਸਰਕਾਰ ਦੀ ਸਕੀਮ ਕਾਮਯਾਬ ਹੋਣ ਦੀ ਸੂਰਤ ਵਿਚ ਇਸ ਸਕੀਮ ਤਹਿਤ ਲਾਭ ਲੈਣ ਵਾਲੇ ਅਯੋਗ ਵਿਅਕਤੀਆਂ ਨੂੰ ਲੈਣੇ ਦੇ ਦੇਣੇ ਪੈ ਸਕਦੇ ਹਨ। ਅਯੋਗ ਲਾਭਪਾਤਰ ਜਾਂ ਤਾਂ 5 ਫ਼ੀ ਸਦੀ ਸਰੀਰਕ ਤਸਦੀਕ ਵਿਚ ਫਸ ਸਕਦੇ ਹਨ ਜਾਂ ਫਿਰ ਉਨ੍ਹਾਂ ਦੇ ਖਾਤੇ 'ਚੋਂ ਪੈਸੇ ਵਾਪਸ ਵੀ ਲਏ ਜਾ ਸਕਦੇ ਹਨ। ਸਰਕਾਰ ਸਿਰਫ਼ ਯੋਗ ਵਿਅਕਤੀਆਂ ਤਕ ਲਾਭ ਪਹੁੰਚਾਉਣ ਲਈ ਤਤਪਰ ਹੈ।
Money
ਇਸ ਸਮੇਂ ਤਸਦੀਕ ਲਈ ਜ਼ਿਲ੍ਹਾ ਪੱਧਰ 'ਤੇ ਇਕ ਪ੍ਰਣਾਲੀ ਮੌਜੂਦ ਹੈ। ਮਹਿਕਮੇ ਦੀ ਮਨਸ਼ਾ ਹੈ ਕਿ ਸੂਬੇ ਵਿਚ ਇਸ ਯੋਜਨਾ ਦੇ ਅਧਿਕਾਰੀ ਨਿਯਮਤ ਤੌਰ 'ਤੇ ਪੜਤਾਲ ਪ੍ਰਕਿਰਿਆ 'ਤੇ ਨਜ਼ਰ ਰੱਖਣ। ਮਹਿਕਮੇ ਮੁਤਾਬਕ ਜੇਕਰ ਜ਼ਰੂਰਤ ਪਈ ਤਾਂ ਇਸ ਮਕਸਦ ਦੀ ਪੂਰਤੀ ਲਈ ਕਿਸੇ ਬਾਹਰੀ ਏਜੰਸੀ ਦੀਆਂ ਸੇਵਾਵਾਂ ਵੀ ਲਈਆਂ ਜਾ ਸਕਦੀਆਂ ਹਨ।
Money
ਇੰਨਾ ਹੀ ਨਹੀਂ, ਸਰਕਾਰ ਬਹੁਤ ਸਾਰੇ ਅਯੋਗ ਵਿਅਕਤੀਆਂ ਤੋਂ ਪੈਸਾ ਵਾਪਸ ਵੀ ਲੈ ਚੁੱਕੀ ਹੈ। ਦਸੰਬਰ 2019 ਤਕ ਅੱਠ ਸੂਬਿਆਂ ਵਿਚੋਂ ਸਰਕਾਰ 1,19,743 ਲਾਭਪਾਤਰੀਆਂ ਦੇ ਖਾਤਿਆਂ ਵਿਚੋਂ ਪੈਸਾ ਵਾਪਸ ਮੰਗਵਾ ਚੁੱਕੀ ਹੈ। ਇਨ੍ਹਾਂ ਲਾਭਪਾਤਰੀਆਂ ਦੇ ਨਾਮ ਅਤੇ ਉਨ੍ਹਾਂ ਵਲੋਂ ਦਿਤੇ ਗਏ ਕਾਗ਼ਜ਼ਾਤ ਮੇਲ ਨਹੀਂ ਸੀ ਖਾ ਰਹੇ। ਇਸ ਯੋਜਨਾ 'ਚ ਜਾਅਲਸਾਜ਼ੀ ਦੀਆਂ ਸੰਭਾਵਨਾਵਾਂ ਨੂੰ ਬਿਲਕੁਲ ਮਨਫ਼ੀ ਕਰਨ ਦੇ ਮਕਸਦ ਨਾਲ ਇਸ ਯੋਜਨਾ ਤਹਿਤ ਪੈਸੇ ਦੇ ਹੋਣ ਵਾਲੇ ਲੈਣ-ਦੇਣ ਦੀ ਪ੍ਰਕਿਰਿਆ ਨੂੰ ਸੋਧ ਕੇ ਹੋਰ ਮੁਸ਼ਕਲ ਬਣਾਇਆ ਜਾ ਰਿਹਾ ਹੈ। ਇਸ ਯੋਜਨਾ 'ਚ ਤਸਦੀਕ ਦੀ ਪ੍ਰਕਿਰਿਆ ਨੂੰ ਵੀ ਇਸੇ ਮਕਸਦ ਲਈ ਸ਼ਾਮਲ ਕੀਤਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ ।