
ਫਾਰਚੂਨਰ ਗੱਡੀ ਵਿਚ ਆਏ ਸਨ ਚਾਰ ਅਣਪਛਾਤੇ, ਰਾਵਣ ਦਾ ਪੁਤਲਾ ਸਾੜਨ ਦੀ ਵੀ ਕੀਤੀ ਕੋਸ਼ਿਸ਼
ਚੰਡੀਗੜ੍ਹ: ਨੇਕੀ ਉਤੇ ਬਦੀ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਅੱਜ ਪੂਰੇ ਦੇਸ਼ ਵਿਚ ਮਨਾਇਆ ਜਾ ਰਿਹਾ ਹੈ। ਇਸ ਤਰ੍ਹਾਂ ਹੀ ਚੰਡੀਗੜ੍ਹ 'ਚ ਵੀ ਵੱਖ-ਵੱਖ ਥਾਵਾਂ 'ਤੇ ਦੁਸਹਿਰਾ ਮਨਾਇਆ ਜਾ ਰਿਹਾ ਹੈ ਅਤੇ ਇਸ ਲਈ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਲਗਾਏ ਗਏ ਸਨ ਜੋ ਮਿੱਥੇ ਸਮੇਂ 'ਤੇ ਸਾੜੇ ਜਾਣੇ ਸਨ ਪਰ ਚੰਡੀਗੜ੍ਹ ਦੇ ਸੈਕਟਰ 46 ਸਥਿਤ ਦੁਸਹਿਰਾ ਗਰਾਉਂਡ ਵਿਚ ਉਸ ਸਮੇਂ ਭੱਜਦੌੜ ਮੱਚ ਗਈ ਜਦੋਂ ਮੇਘਨਾਥ ਦੇ ਪੁਤਲੇ ਨੂੰ ਅਚਾਨਕ ਹੀ ਅੱਗ ਲੱਗ ਗਈ। ਸ
ਥਾਨਕ ਵਾਸੀਆਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿਤੀ ਜਿਸ ਤੋਂ ਬਾਅਦ ਵਿਭਾਗ ਵਲੋਂ ਕਾਰਵਾਈ ਕਰਦਿਆਂ ਅੱਗ 'ਤੇ ਕਾਬੂ ਪਾਇਆ ਗਿਆ। ਹਾਲਾਂਕਿ ਜ਼ਿਆਦਾ ਨੁਕਸਾਨ ਨਹੀਂ ਹੋਇਆ ਪਰ ਪੁਤਲੇ ਦਾ ਕਾਫੀ ਹਿੱਸਾ ਸੜ ਕੇ ਸਵਾਹ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਸੈਕਟਰ 46 ਸਥਿਤ ਦੁਸਹਿਰਾ ਗਰਾਉਂਡ ਵਿਚ ਲੱਗਿਆ ਰਾਵਣ ਦਾ ਪੁਤਲਾ ਸਭ ਤੋਂ ਵੱਡਾ ਹੈ।
ਇਸ ਮੌਕੇ ਗਲਬਾਤ ਕਰਦਿਆਂ ਸਨਾਤਨ ਧਰਮ ਦੁਸਹਿਰਾ ਕਮੇਟੀ ਦੇ ਪ੍ਰਧਾਨ ਐਨ.ਕੇ.ਭਾਟੀਆ ਨੇ ਦੱਸਿਆ ਕਿ ਜਦੋਂ ਇਹ ਹਾਦਸਾ ਹੋਇਆ ਤਾਂ ਸਾਨੂੰ ਲੱਗਾ ਕੇ ਸ਼ਰਤ ਸਰਕਟ ਹੋਇਆ ਹੈ ਪਰ ਸਾਢੇ ਤਿੰਨ ਵਜੇ ਦੇ ਕਰੀਬ ਚਾਰ ਲੋਕ ਦੁਬਾਰਾ ਆਏ ਜਿਨ੍ਹਾਂ ਨੇ ਸਾੜੇ ਸਾਹਮਣੇ ਹੀ ਹਵਾਈ ਰਾਕਟ ਛੱਡਣ ਦੀ ਕੋਸ਼ਿਸ਼ ਕੀਤੀ ਜੋ ਗਰਾਉਂਡ ਦੇ ਚਾਰ ਚੁਫੇਰੇ ਲੱਗੇ ਟੀਨ ਨਾਲ ਲਗ ਕੇ ਵਾਪਸ ਮੁੜ ਗਈ।
ਉਨ੍ਹਾਂ ਦੱਸਿਆ ਕਿ ਇਸ ਵਾਰ ਉਨ੍ਹਾਂ ਨੇ ਰਾਵਣ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ ਪਰ ਅਸੀਂ ਸਾਰਿਆਂ ਨੇ ਚੌਕਸੀ ਵਰਤੀ ਅਤੇ ਉਹ ਆਪਣੀ ਫਾਰਚੂਨਰ ਗੱਡੀ ਵਿਚ ਸੈਕਟਰ 45 ਵੱਲ ਭੱਜ ਗਏ। ਉਨ੍ਹਾਂ ਕਿਹਾ ਕਿ ਇਹ ਕਿਸੇ ਸ਼ਰਾਰਤੀ ਅਨਸਰਾਂ ਦਾ ਕੰਮ ਹੈ ਜੋ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਉਕਤ ਗੱਡੀ ਫਰੀਦਾਬਾਦ ਦੀ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।