
ਪੁਲਿਸ ਵਾਲਿਆਂ ਨੇ ਵਕੀਲਾਂ ਵਿਰੁੱਧ ਕੀਤੀ ਨਾਅਰੇਬਾਜ਼ੀ, ਵਕੀਲਾਂ ਵਿਰੁੱਧ ਕਾਰਵਾਈ ਕਰਨ ਦੀ ਕੀਤੀ ਮੰਗ
ਨਵੀਂ ਦਿੱਲੀ- ਦਿੱਲੀ ਪੁਲਿਸ ਅਤੇ ਵਕੀਲਾਂ ਵਿਚਕਾਰ ਪੈਦਾ ਹੋਇਆ ਤਕਰਾਰ ਅਤੇ ਤਣਾਅ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਜਿਸ ਦੇ ਚਲਦਿਆਂ ਹੁਣ ਦਿੱਲੀ ਪੁਲਿਸ ਦੇ ਜਵਾਨ ਵਕੀਲਾਂ ਵਿਰੁੱਧ ਸੜਕਾਂ 'ਤੇ ਉੱਤਰ ਆਏ ਹਨ। ਇਕ ਦਿਨ ਪਹਿਲਾਂ ਸੋਮਵਾਰ ਨੂੰ ਵਕੀਲਾਂ ਦੀ ਹੜਤਾਲ ਤੋਂ ਬਾਅਦ ਮੰਗਲਵਾਰ ਸਵੇਰੇ ਭਾਰੀ ਗਿਣਤੀ ਵਿਚ ਦਿੱਲੀ ਪੁਲਿਸ ਦੇ ਜਵਾਨਾਂ ਨੇ ਦਿੱਲੀ ਪੁਲਿਸ ਹੈੱਡਕੁਆਰਟਰਜ਼ ਦੇ ਬਾਹਰ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ।
ਪੁਲਿਸ ਦੇ ਜਵਾਨਾਂ ਨੇ ਆਪਣੀਆਂ ਬਾਹਾਂ 'ਤੇ ਕਾਲ਼ੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ ਤੇ ਵਕੀਲਾਂ ਵੱਲੋਂ ਕੀਤੀ ਗਈ ਕੁੱਟਮਾਰ ਦੇ ਵਿਰੋਧ ਵਿਚ ਇਨਸਾਫ਼ ਦੀ ਅਪੀਲ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਪੁਲਿਸ ਮੁਲਾਜ਼ਮਾਂ ਨੂੰ ਸ਼ਾਂਤ ਕਰਨ ਲਈ ਪੁਲਿਸ ਦੇ ਕਈ ਵੱਡੇ ਅਧਿਕਾਰੀ ਵੀ ਪੁੱਜੇ, ਜਿਨ੍ਹਾਂ ਨੇ ਪੁਲਿਸ ਦੇ ਜਵਾਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਦਿੱਲੀ ਪੁਲਿਸ ਨੇ ਹਮੇਸ਼ਾਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ। ਉਨ੍ਹਾਂ ਦੀਆਂ ਮੁਸ਼ਕਲਾਂ ਜ਼ਰੂਰ ਸੁਣੀਆਂ ਜਾਣਗੀਆਂ।
ਦਰਅਸਲ ਸ਼ਨੀਵਾਰ ਨੂੰ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਦੇ ਬਾਹਰ ਪੁਲਿਸ ਤੇ ਵਕੀਲਾਂ ਵਿਚਾਲੇ ਹਿੰਸਕ ਝੜਪ ਹੋ ਗਈ ਸੀ। ਉਸ ਤੋਂ ਬਾਅਦ ਫਿਰ ਕੱਲ੍ਹ ਵੀ ਕੁੱਝ ਵਕੀਲਾਂ ਵੱਲੋਂ ਕੜਕੜਡੂਮਾ ਅਦਾਲਤ ਦੇ ਬਾਹਰ ਇੱਕ ਪੁਲਿਸ ਮੁਲਾਜ਼ਮ ਨਾਲ ਕੁੱਟਮਾਰ ਕੀਤੇ ਜਾਣ ਦਾ ਵੀਡੀਓ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਪੁਲਿਸ ਵਾਲਿਆਂ ਦਾ ਗੁੱਸਾ ਹੋਰ ਜ਼ਿਆਦਾ ਭੜਕ ਗਿਆ। ਸ਼ਨੀਵਾਰ ਵਾਲੇ ਦਿਨ ਵਕੀਲਾਂ ਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਹਿੰਸਕ ਝੜਪਾਂ ਇੰਨੀਆਂ ਜ਼ਿਆਦਾ ਵਧ ਗਈਆਂ ਸਨ ਕਿ ਪੁਲਿਸ ਨੂੰ ਫ਼ਾਇਰਿੰਗ ਕਰਨੀ ਪਈ। ਜਿਸ ਤੋਂ ਬਾਅਦ ਵਕੀਲਾਂ ਨੇ ਪੁਲਿਸ ਦੀ ਜੀਪ ਸਮੇਤ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ ਸੀ ਤੇ ਤੋੜਭੰਨ ਕੀਤੀ ਸੀ।
ਦਰਅਸਲ ਪੁਲਿਸ ਦੇ ਕੁੱਝ ਜਵਾਨਾਂ ਨੇ ਇਕ ਵਕੀਲ ਨੂੰ ਤੀਸ ਹਜ਼ਾਰੀ ਕੋਰਟ ਦੇ ਲਾੱਕਅਪ ਵਿਚ ਜਾਣ ਤੋਂ ਵਰਜਿਆ ਸੀ, ਜਿਸ ਤੋਂ ਬਾਅਦ ਦੋਵੇਂ ਧਿਰਾਂ ਵਿਚਾਲੇ ਬਹਿਸਬਾਜ਼ੀ ਹੋ ਗਈ ਤੇ ਦੋਵੇਂ ਧਿਰਾਂ ਆਹਮੋ–ਸਾਹਮਣੇ ਆ ਗਈਆਂ। ਉਸ ਤੋਂ ਬਾਅਦ ਇਹ ਮਾਮਲਾ ਲਗਾਤਾਰ ਹਿੰਸਕ ਰੂਪ ਅਖ਼ਤਿਆਰ ਕਰਦਾ ਜਾ ਰਿਹਾ ਹੈ। ਕੱਲ੍ਹ ਦਿੱਲੀ ਦੀਆਂ ਸੜਕਾਂ 'ਤੇ ਵਕੀਲ ਹੀ ਵਕੀਲ ਨਜ਼ਰ ਆ ਰਹੇ ਸਨ ਅਤੇ ਸਾਰੀਆਂ ਸੜਕਾਂ 'ਤੇ ਪੁਲਿਸ ਵਾਲੇ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਹਨ। ਇਸ ਘਟਨਾ ਦੇ ਚਲਦਿਆਂ ਬਾਰ ਐਸੋਸੀਏਸ਼ਨਾਂ ਨੇ 24 ਘੰਟਿਆਂ ਦੀ ਹੜਤਾਲ ਦਾ ਸੱਦਾ ਦਿੱਤਾ ਸੀ,
ਜਿਸ ਤੋਂ ਬਾਅਦ ਦਿੱਲੀ ਹਾਈਕੋਰਟ ਅਤੇ ਕਿਸੇ ਹੇਠਲੀ ਅਦਾਲਤ ਦੇ ਵਕੀਲਾਂ ਨੇ ਕੰਮ ਨਹੀਂ ਕੀਤਾ। ਦਿੱਲੀ ਤੋਂ ਇਲਾਵਾ ਦੇਸ਼ ਦੇ ਕਈ ਹੋਰ ਸ਼ਹਿਰਾਂ ਵਿਚ ਵੀ ਇਸ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਫਿਲਹਾਲ ਉਚ ਅਧਿਕਾਰੀਆਂ ਵੱਲੋਂ ਇਸ ਮਾਮਲੇ ਨੂੰ ਅਜਿਹੇ ਤਰੀਕੇ ਨਾਲ ਠੰਡਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਜਿਸ ਨਾਲ ਦੋਵੇਂ ਧਿਰਾਂ ਸੰਤੁਸ਼ਟ ਹੋਣ, ਹੁਣ ਦੇਖਣਾ ਹੋਵੇਗਾ ਕਿ ਕਦੋਂ ਇਸ ਮਾਮਲੇ ਦਾ ਹੱਲ ਨਿਕਲਦਾ ਹੈ। ਪੁਲਿਸ ਅਤੇ ਵਕੀਲਾਂ ਵਿਚਕਾਰ ਪੈਦਾ ਹੋਇਆ ਤਣਾਅ ਖ਼ਤਮ ਹੋਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।