
35 ਥਾਂਵਾਂ 'ਤੇ ਭਾਰੀ ਗਿਣਤੀ ਨੌਜਵਾਨਾਂ ਤੇ ਔਰਤਾਂ ਦੇ ਵੱਡੇ ਇਕੱਠ ਕਰ ਕੇ ਹਾਈਵੇਅ ਜਾਮ ਕੀਤੇ ਜਾਣਗੇ
ਚੰਡੀਗੜ੍ਹ (ਨੀਲ ਭਲਿੰਦਰ) : ਕੇਂਦਰ ਸਰਕਾਰ ਵਲੋਂ ਬਦਲਾਖੋਰ ਕਾਰਵਾਈਆਂ ਰਾਹੀਂ ਮੜੇ ਜਾ ਰਹੇ ਕਾਲੇ ਖੇਤੀ ਕਾਨੂੰਨਾਂ ਵਿਰੁਧ ਭਲਕੇ ਦੇਸ਼ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਵਲੋਂ 12 ਤੋਂ 4 ਵਜੇ ਤਕ ਕੀਤੇ ਜਾ ਰਹੇ ਦੇਸ਼ਵਿਆਪੀ ਹਾਈਵੇਅ ਜਾਮ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪੰਜਾਬ ਦੇ 14 ਜ਼ਿਲ੍ਹਿਆਂ ਵਿਚ 35 ਥਾਂਵਾਂ 'ਤੇ ਭਾਰੀ ਗਿਣਤੀ ਨੌਜਵਾਨਾਂ ਤੇ ਔਰਤਾਂ ਦੇ ਵੱਡੇ ਇਕੱਠ ਕਰ ਕੇ ਹਾਈਵੇਅ ਜਾਮ ਕੀਤੇ ਜਾਣਗੇ।
Farmer Protest
ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵਲੋਂ ਜਾਰੀ ਕੀਤੇ ਸਾਂਝੇ ਬਿਆਨ ਰਾਹੀਂ ਇਹ ਜਾਣਕਾਰੀ ਦਿੰਦਿਆਂ ਦੋਸ਼ ਲਾਇਆ ਗਿਆ ਹੈ ਕਿ ਸਾਮਰਾਜੀ ਕਾਰਪੋਰੇਟਾਂ ਦੀ ਹੱਥਠੋਕਾ ਬਣ ਚੁੱਕੀ ਭਾਜਪਾ ਮੋਦੀ ਹਕੂਮਤ ਵਲੋਂ ਕਿਸਾਨਾਂ ਦੁਆਰਾ ਰੇਲਵੇ ਟ੍ਰੈਕ ਰੋਕਣ ਦਾ ਸਰਾਸਰ ਝੂਠਾ ਬਹਾਨਾ ਬਣਾ ਕੇ ਪੰਜਾਬ ਦੀਆਂ ਰੇਲਾਂ ਰੱਦ ਕਰਨ ਦਾ ਫ਼ੈਸਲਾ ਅਸਲ ਵਿਚ ਲਾਮਿਸਾਲ ਪਰ ਸ਼ਾਂਤਮਈ ਇਕੱਠਾਂ ਦੇ ਜ਼ੋਰ ਭਾਜਪਾ ਦੀਆਂ ਸਿਆਸੀ ਜੜ੍ਹਾਂ ਨੂੰ ਦਾਤੀ ਪਾਈ ਬੈਠੇ ਪੰਜਾਬ ਦੇ ਸੰਘਰਸ਼ਸ਼ੀਲ ਕਿਸਾਨਾਂ ਅਤੇ ਉਨ੍ਹਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਖੇਤ ਮਜ਼ਦੂਰਾਂ ਤੇ ਹੋਰ ਵਰਗਾਂ ਦੇ ਕਿਰਤੀ ਲੋਕਾਂ ਨੂੰ ਸਜ਼ਾ ਦੇਣ ਵਾਲੀ ਬੁਖਲਾਹਟ ਭਰੀ ਕਾਰਵਾਈ ਹੈ। ਜਿਸ ਦੇ ਨਤੀਜੇ ਵਜੋਂ ਪੰਜਾਬ ਤੇ ਜੰਮੂ ਕਸ਼ਮੀਰ ਦੀ ਖੇਤੀ ਸਮੇਤ ਸਾਰੀ ਆਰਥਕਤਾ ਲੜਖੜਾ ਰਹੀ ਹੈ।
BKU
ਇਸੇ ਸੰਬੰਧੀ ਪੰਜਾਬ ਸਰਕਾਰ ਵਲੋਂ ਦੂਜੀ ਵਾਰ ਚੰਡੀਗੜ੍ਹ ਵਿਖੇ ਸੱਦੀ ਗਈ ਮੀਟਿੰਗ ਵਿਚ ਵੀ ਜਥੇਬੰਦੀ ਨੇ ਸਪਸ਼ਟ ਕੀਤਾ ਹੈ ਕਿ ਦੋ ਨਿਜੀ ਥਰਮਲਾਂ ਦੀਆਂ ਸਿਰਫ਼ ਅੰਦਰੂਨੀ ਨਿਜੀ ਸਪਲਾਈ ਲਾਈਨਾਂ ਤੋਂ ਇਲਾਵਾ ਕੋਈ ਰੇਲਵੇ ਟ੍ਰੈਕ ਨਹੀਂ ਰੋਕਿਆ ਹੋਇਆ। ਸਮੁੱਚੇ ਕਿਸਾਨ ਸੰਘਰਸ਼ ਦਾ ਚੋਟ ਨਿਸ਼ਾਨਾ ਤਾਨਾਸ਼ਾਹ ਮੋਦੀ ਹਕੂਮਤ ਦੇ ਬਰਾਬਰ ਹੀ ਉਸ ਦੇ ਚਹੇਤੇ ਦਿਓਕੱਦ ਕਾਰਪੋਰੇਟਾਂ ਦੇ ਕਾਰੋਬਾਰ ਵੀ ਹਨ।
Farmer Protest
ਇਸ ਲਈ ਨਿਜੀ ਥਰਮਲਾਂ ਦਾ ਸਰਕਾਰੀਕਰਨ ਕੀਤੇ ਜਾਣ ਅਤੇ ਬਠਿੰਡਾ ਸਮੇਤ ਸਾਰੇ ਸਰਕਾਰੀ ਥਰਮਲ ਪੂਰੀ ਸਮਰੱਥਾ ਵਿਚ ਚਾਲੂ ਕੀਤੇ ਜਾਣ ਸਮੇਤ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਗ਼ੈਰ ਲੁਟੇਰੇ ਕਾਰਪੋਰੇਟ ਕਾਰੋਬਾਰਾਂ ਦੇ ਘਿਰਾਉ ਖ਼ਤਮ ਨਹੀਂ ਕੀਤੇ ਜਾ ਸਕਦੇ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਸੱਭ ਵਰਗਾਂ ਦੇ ਪੰਜਾਬ ਵਾਸੀਆਂ ਦੀ ਹਮਾਇਤ ਨਾਲ 35 ਹਾਈਵੇਅ ਜਾਮ ਵੀ ਲਾਮਿਸਾਲ ਹੋਣਗੇ ਅਤੇ 36 ਦਿਨਾਂ ਤੋਂ 65 ਥਾਂਈਂ ਚੱਲ ਰਹੇ ਅਣਮਿਥੇ ਸਮੇਂ ਦੇ ਧਰਨੇ ਵੀ ਬਾਕੀ ਥਾਵਾਂ 'ਤੇ ਬਾਦਸਤੂਰ ਜਾਰੀ ਰਹਿਣਗੇ।
Farmer Protest
ਉਨ੍ਹਾਂ ਵਲੋਂ ਪੰਜਾਬ ਦੇ ਸਮੂਹ ਕਿਰਤੀ ਵਰਗਾਂ ਸਮੇਤ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਇਸ ਹੱਕੀ ਸੰਘਰਸ਼ ਵਿਚ ਪਰਵਾਰਾਂ ਸਮੇਤ ਕੁੱਦਣ ਦਾ ਸੱਦਾ ਦਿਤਾ ਗਿਆ ਹੈ।
ਕਿਸਾਨ ਆਗੂਆਂ ਨੇ ਹੋਰ ਦੋਸ਼ ਲਾਇਆ ਹੈ ਕਿ ਭਾਰੀ ਕਰਜਿਆਂ ਹੇਠ ਦੱਬੇ ਕਿਸਾਨ ਕਿਸਾਨ ਮਜ਼ਦੂਰ ਨਵੇਂ ਆਰਥਕ ਹੱਲਿਆਂ ਕਾਰਨ ਹੋਰ ਵੀ ਵਧੇਰੇ ਮਾਨਸਿਕ ਤਣਾਵਾਂ ਦੇ ਸ਼ਿਕਾਰ ਹੋ ਕੇ ਧਰਨਿਆਂ ਵਿਚ ਵੀ ਅਚਨਚੇਤੀ ਮੌਤਾਂ ਦਾ ਸ਼ਿਕਾਰ ਲਗਾਤਾਰ ਬਣ ਰਹੇ ਰਹੇ ਹਨ। ਮੋਗਾ ਜ਼ਿਲ੍ਹੇ ਦੇ ਚੰਦਪੁਰਾਣਾ ਟੌਲ ਪਲਾਜਾ ਧਰਨੇ ਵਿੱਚ ਬੀਤੇ ਦਿਨ ਹੋਈ ਨੌਜਵਾਨ ਜਗਰੂਪ ਸਿੰਘ ਡੇਮਰੂ ਕਲਾਂ ਦੀ ਮੌਤ ਇਸ ਦੀ ਇਕ ਹੋਰ ਦੁੱਖਦਾਈ ਮਿਸਾਲ ਹੈ। ਇਸ ਨੌਜਵਾਨ ਦੇ ਵਾਰਸਾਂ ਨੂੰ ਵੀ ਸੰਗਰੂਰ ਮਾਨਸਾ ਦੀ ਤਰਜ 'ਤੇ ਮੁਆਵਜ਼ਾ ਦੇਣ ਦੀ ਮੰਗ ਕਿਸਾਨ ਆਗੂਆਂ ਵਲੋਂ ਕੀਤੀ ਗਈ ਹੈ।