
ਹਰਿਆਣਾ ਸਰਕਾਰ ਆਪਣੇ ਪੱਧਰ ’ਤੇ ਇਸ ਤੋਂ ਬਾਹਰਲੇ ਖੇਤਰ ਦਾ ਵਿਕਾਸ ਕਰੇਗੀ।
ਚੰਡੀਗੜ੍ਹ - ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਜਦੋਂ ਐੱਨਸੀਆਰ ਖੇਤਰ ਬਣਿਆ ਸੀ ਤਾਂ ਲੋਕਾਂ ਨੂੰ ਲੱਗਿਆ ਸੀ ਕਿ ਉਨ੍ਹਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਮਿਲਣਗੀਆਂ, ਪਰ ਸਹੂਲਤਾਂ ਉਨ੍ਹਾਂ ਦੀ ਉਮੀਦ ਮੁਤਾਬਕ ਨਹੀਂ ਸਨ। ਇਸ ਸਬੰਧੀ ਉਨ੍ਹਾਂ ਕੇਂਦਰ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਐਨਸੀਆਰ ਵਿਚ ਸਿਰਫ਼ 100 ਕਿਲੋਮੀਟਰ ਤੱਕ ਦਾ ਖੇਤਰ ਰੱਖਿਆ ਜਾਵੇ, ਹਰਿਆਣਾ ਸਰਕਾਰ ਆਪਣੇ ਪੱਧਰ ’ਤੇ ਇਸ ਤੋਂ ਬਾਹਰਲੇ ਖੇਤਰ ਦਾ ਵਿਕਾਸ ਕਰੇਗੀ।
Delhi-NCR
ਸੀਐਮ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਕੋਰੋਨਾ ਦੇ ਦੌਰ ਕਾਰਨ ਜਨਤਕ ਸੁਣਵਾਈ ਦੇ ਪ੍ਰੋਗਰਾਮ ਬੰਦ ਹੋ ਗਏ ਸਨ, ਹੁਣ ਉਹ ਦੁਬਾਰਾ ਸ਼ੁਰੂ ਹੋ ਗਏ ਹਨ। ਇਸ ਦੌਰਾਨ 700 ਦੇ ਕਰੀਬ ਲੋਕਾਂ ਨੇ 300 ਦੇ ਕਰੀਬ ਸਮੱਸਿਆਵਾਂ ਰੱਖੀਆਂ, ਜਿਨ੍ਹਾਂ ਵਿਚੋਂ ਬਹੁਤੀਆਂ ਦੇ ਹੱਲ ਲਈ ਮੌਕੇ 'ਤੇ ਹੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ। ਇਨ੍ਹਾਂ ਵਿਚੋਂ 20 ਤੋਂ 25 ਵਿਅਕਤੀ ਹੋਰ ਗੁਆਂਢੀ ਜ਼ਿਲ੍ਹਿਆਂ ਤੋਂ ਵੀ ਆਏ ਸਨ। ਉਨ੍ਹਾਂ ਕਿਹਾ ਕਿ ਕੁਝ ਸ਼ਿਕਾਇਤਾਂ ਰਾਜ ਪੱਧਰ 'ਤੇ ਨੀਤੀਗਤ ਮਾਮਲਿਆਂ ਨਾਲ ਸਬੰਧਤ ਸਨ, ਉਨ੍ਹਾਂ ਦਾ ਚੰਡੀਗੜ੍ਹ ਤੋਂ ਨਿਪਟਾਰਾ ਕੀਤਾ ਜਾਵੇਗਾ।
Manohar Lal Khattar
ਇੱਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਭਾਜਪਾ-ਜੇਜੇਪੀ ਗੱਠਜੋੜ ਸਰਕਾਰ ਮਜ਼ਬੂਤੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ਸਬੰਧੀ ਇੱਕ ਕਮੇਟੀ ਬਣਾ ਰਹੀ ਹੈ, ਜਿਸ ਵਿਚ ਕਿਸਾਨ, ਅਰਥ ਸ਼ਾਸਤਰੀ, ਖੇਤੀ ਵਿਗਿਆਨੀ, ਕੇਂਦਰ ਅਤੇ ਰਾਜ ਸਰਕਾਰਾਂ ਦੇ ਨੁਮਾਇੰਦੇ ਸ਼ਾਮਲ ਕੀਤੇ ਰਹਿਣਗੇ।
Delhi Air Pollution
ਦੱਸ ਦਈਏ ਕਿ ਐਨਸੀਆਰ 55,083 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚੋਂ 25,327 ਵਰਗ ਕਿਲੋਮੀਟਰ ਹਰਿਆਣਾ ਦੇ 15 ਜ਼ਿਲ੍ਹਿਆਂ ਨਾਲ ਸਬੰਧਤ ਹੈ। ਇਸ ਤੋਂ ਬਾਅਦ 14,826 ਵਰਗ ਕਿਲੋਮੀਟਰ ਉੱਤਰ ਪ੍ਰਦੇਸ਼ ਅਤੇ 13,447 ਵਰਗ ਕਿਲੋਮੀਟਰ ਰਾਜਸਥਾਨ ਦੇ ਜ਼ਿਲ੍ਹੇ ਆਉਂਦੇ ਹਨ। ਹਰਿਆਣਾ ਦੇ 15 ਜ਼ਿਲ੍ਹੇ ਜੋ ਐਨਸੀਆਰ ਖੇਤਰ ਦਾ ਹਿੱਸਾ ਹਨ, ਉਨ੍ਹਾਂ ਵਿੱਚ ਕਰਨਾਲ, ਜੀਂਦ, ਮਹਿੰਦਰਗੜ੍ਹ, ਚਰਖੀ ਦਾਦਰੀ, ਭਿਵਾਨੀ, ਪਲਵਲ, ਪਾਣੀਪਤ, ਗੁਰੂਗ੍ਰਾਮ, ਝੱਜਰ, ਰੇਵਾੜੀ, ਸੋਨੀਪਤ, ਰੋਹਤਕ, ਨੂਹ, ਗੁਰੂਗ੍ਰਾਮ ਅਤੇ ਫਰੀਦਾਬਾਦ ਸ਼ਾਮਲ ਹਨ।