
ਬੀਤੀ ਰਾਤ ਮੂੰਹ ਢੱਕੇ ਕੁੱਝ ਲੋਕਾਂ ਨੇ ਕੈਂਪਸ ਵਿਚ ਦਾਖਲ ਹੋ ਕੇ ਕੀਤਾ ਸੀ ਹਮਲਾ
ਨਵੀਂ ਦਿੱਲੀ : ਬੀਤੀ ਰਾਤ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿਚ ਹੋਈ ਹਿੰਸਾ ਤੋਂ ਬਾਅਦ ਰਾਜਨੀਤੀ ਵੀ ਗਰਮਾ ਗਈ ਹੈ। ਸ਼ਿਵਸੈਨਾ ਨੇ ਇਸ ਮੁੱਦੇ ਦੇ ਬਹਾਨੇ ਮੋਦੀ ਸਰਕਾਰ ਨੂੰ ਘੇਰਿਆ ਹੈ ਅਤੇ ਕਿਹਾ ਹੈ ਕਿ ਆਪਣੇ ਹੀ ਦੇਸ਼ ਵਿਚ ਵਿਦਿਆਰਥੀ ਸੁਰੱਖਿਅਤ ਨਹੀਂ ਹਨ ਅਤੇ ਸਰਕਾਰ ਨਾਗਰਿਕਤਾ ਸੋਧ ਕਾਨੂੰਨ ਵਿਚ ਵਿਅਸਤ ਹੈ।
File Photo
ਮੋਦੀ ਸਰਕਾਰ 'ਤੇ ਹਮਲਾਵਰ ਰਹਿਣ ਵਾਲੇ ਅਤੇ ਸ਼ਿਵਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਕਿਹਾ ਹੈ ਕਿ ''ਰਾਜਧਾਨੀ ਦਿੱਲੀ ਵਿਚ ਕਦੇ ਪੁਲਿਸ ਯੂਨੀਵਰਸਿਟੀ ਅੰਦਰ ਦਾਖਲ ਹੋ ਜਾਂਦੀ ਹੈ, ਫਾਈਰਿੰਗ ਹੋ ਜਾਂਦੀ ਹੈ ਅਤੇ ਨਾਕਾਬਪੋਸ਼ ਲੋਕ ਯੂਨੀਵਰਸਿਟੀ ਵਿਚ ਦਾਖਲ ਹੋ ਕੇ ਵਿਦਿਆਰਥੀਆਂ 'ਤੇ ਹਮਲਾ ਕਰਦੇ ਹਨ। ਇਹ ਪੂਰੀ ਤਰ੍ਹਾਂ ਕਾਨੂੰਨ ਦੇ ਵਿਰੁੱਧ ਹੈ ਜੋ ਠੀਕ ਨਹੀਂ ਹੈ''।
File Photo
ਰਾਊਤ ਨੇ ਮੋਦੀ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆ ਕਿਹਾ ਕਿ ''ਸਰਕਾਰ ਦੇ ਲੋਕ ਸੀਏਏ ਵਿਚ ਵਿਅਸਤ ਹਨ ਪਰ ਦੇਸ਼ ਵਿਚ ਵਿਦਿਆਰਥੀ ਹੀ ਸੁਰੱਖਿਅਤ ਨਹੀਂ ਹਨ''। ਉਨ੍ਹਾਂ ਨੇ ਕਿਹਾ ''ਗ੍ਰਹਿ ਮੰਤਰੀ ਨੇ ਜਾਂਚ ਬੈਠਾਉਣ ਦੀ ਗੱਲ ਕੀਤੀ ਹੈ ਪਰ ਹਮਲਾ ਕਰਨ ਵਾਲੇ ਕੋਣ ਹਨ ਅਤੇ ਹਿੰਸਾ ਦੇ ਪਿੱਛੇ ਕੀ ਕਾਰਨ ਹੈ ਇਹ ਜਾਂਚਣਾ ਹੋਵੇਗਾ''। ਸੰਜੇ ਰਾਉਤ ਨੇ ਅੱਗੇ ਕਿਹਾ ਕਿ ''ਜੇਐਨਯੂ ਨੂੰ ਪਿਛਲੇ ਪੰਜ ਸਾਲਾਂ ਤੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜੇਐਨਯੂ ਨੇ ਸਾਨੂੰ ਨੋਬੇਲ ਪ੍ਰਾਇਜ਼ ਵਿਨਰ ਦਿੱਤੇ ਹਨ ਅਤੇ ਕਈ ਅਜਿਹੇ ਵੱਡੇ ਸਕੋਲਰ ਇੱਥੋਂ ਨਿਕਲੇ ਹਨ''।
File Photo
ਦੱਸ ਦਈਏ ਕਿ ਬੀਤੇ ਐਤਵਾਰ ਦੀ ਰਾਤ ਨੂੰ ਜੇਐਨਯੂ ਵਿਚ ਜਮ ਕੇ ਹਿੰਸਾ ਹੋਈ ਸੀ ਕਈ ਮੂੰਹ ਢੱਕੇ ਹੋਏ ਲੋਕਾਂ ਨੇ ਕੈਂਪਸ ਵਿਚ ਵੜ ਕੇ ਤੋੜ-ਫੋੜ ਕੀਤੀ। ਇਸ ਦੌਰਾਨ ਕਈ ਵਿਦਿਆਰਥੀਆਂ ਅਤੇ ਅਧਿਆਪਕਾਂ 'ਤੇ ਹਮਲਾ ਕੀਤਾ ਗਿਆ ਸੀ। ਇਸ ਹਿੰਸਾ ਵਿਚ 30 ਤੋਂ ਜਿਆਦਾ ਵਿਦਿਆਰਥੀ ਜ਼ਖਮੀ ਹੋ ਗਏ ਸਨ। ਖੱਬੇ ਅਤੇ ਸੱਜੀ ਪੱਖੀ ਧੀਰਾਂ ਇਸ ਹਮਲੇ ਨੂੰ ਲੈ ਕੇ ਇਕ ਦੂਜੇ 'ਤੇ ਆਰੋਪ ਲਗਾ ਰਹੀਆਂ ਹਨ।