
ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ ਵਾਲੇ ਪੈਨਲ ਨੇ ਮੰਗੇ ਸੁਝਾਅ
ਨਵੀਂ ਦਿੱਲੀ : ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ ਵਾਲੀ ‘ਇਕ ਰਾਸ਼ਟਰ, ਇਕ ਚੋਣ’ ਕਮੇਟੀ ਨੇ ਦੇਸ਼ ’ਚ ਇਕੋ ਸਮੇਂ ਚੋਣਾਂ ਕਰਵਾਉਣ ਲਈ ਮੌਜੂਦਾ ਕਾਨੂੰਨੀ/ਪ੍ਰਸ਼ਾਸਕੀ ਢਾਂਚੇ ’ਚ ਢੁਕਵੇਂ ਬਦਲਾਅ ਕਰਨ ਲਈ ਲੋਕਾਂ ਤੋਂ ਸੁਝਾਅ ਮੰਗੇ ਹਨ। ਉੱਚ ਪੱਧਰੀ ਕਮੇਟੀ ਨੇ ਜਨਤਕ ਨੋਟਿਸ ਜਾਰੀ ਕਰਦਿਆਂ ਕਿਹਾ ਕਿ 15 ਜਨਵਰੀ ਤਕ ਪ੍ਰਾਪਤ ਸੁਝਾਵਾਂ ’ਤੇ ਵਿਚਾਰ ਕੀਤਾ ਜਾਵੇਗਾ। ਨੋਟਿਸ ਵਿਚ ਕਿਹਾ ਗਿਆ ਹੈ ਕਿ ਸੁਝਾਅ ਕਮੇਟੀ ਦੀ ਵੈੱਬਸਾਈਟ ’ਤੇ ਦਿਤੇ ਜਾ ਸਕਦੇ ਹਨ ਜਾਂ ਈ-ਮੇਲ ਰਾਹੀਂ ਭੇਜੇ ਜਾ ਸਕਦੇ ਹਨ।
ਕਮੇਟੀ ਦਾ ਗਠਨ ਪਿਛਲੇ ਸਾਲ ਸਤੰਬਰ ’ਚ ਕੀਤਾ ਗਿਆ ਸੀ ਅਤੇ ਉਦੋਂ ਤੋਂ ਦੋ ਮੀਟਿੰਗਾਂ ਹੋ ਚੁਕੀਆਂ ਹਨ। ਇਸ ਨੇ ਹਾਲ ਹੀ ’ਚ ਸਿਆਸੀ ਪਾਰਟੀਆਂ ਨੂੰ ਚਿੱਠੀ ਲਿਖ ਕੇ ਦੇਸ਼ ’ਚ ਇਕੋ ਸਮੇਂ ਚੋਣਾਂ ਕਰਵਾਉਣ ਬਾਰੇ ਉਨ੍ਹਾਂ ਦੇ ਵਿਚਾਰ ਮੰਗੇ ਸਨ। ਇਹ ਚਿੱਠੀਆਂ ਛੇ ਕੌਮੀ ਪਾਰਟੀਆਂ, 22 ਸੂਬਾਈ ਪਾਰਟੀਆਂ ਅਤੇ ਸੱਤ ਰਜਿਸਟਰਡ ਗੈਰ-ਮਾਨਤਾ ਪ੍ਰਾਪਤ ਪਾਰਟੀਆਂ ਨੂੰ ਭੇਜੀਆਂ ਗਈਆਂ ਹਨ। ਕਮੇਟੀ ਨੇ ਇਕੋ ਸਮੇਂ ਚੋਣਾਂ ਕਰਵਾਉਣ ਬਾਰੇ ਕਾਨੂੰਨ ਕਮਿਸ਼ਨ ਦੇ ਵਿਚਾਰ ਵੀ ਸੁਣੇ। ਇਸ ਮੁੱਦੇ ’ਤੇ ਕਾਨੂੰਨ ਕਮਿਸ਼ਨ ਨੂੰ ਮੁੜ ਬੁਲਾਇਆ ਜਾ ਸਕਦਾ ਹੈ।
ਕਮੇਟੀ ਦਾ ਉਦੇਸ਼ ਭਾਰਤ ਦੇ ਸੰਵਿਧਾਨ ਅਤੇ ਹੋਰ ਕਾਨੂੰਨੀ ਵਿਵਸਥਾਵਾਂ ਦੇ ਤਹਿਤ ਮੌਜੂਦਾ ਢਾਂਚੇ ਨੂੰ ਧਿਆਨ ’ਚ ਰਖਦੇ ਹੋਏ ਲੋਕ ਸਭਾ, ਰਾਜ ਵਿਧਾਨ ਸਭਾਵਾਂ, ਨਗਰ ਨਿਗਮਾਂ ਅਤੇ ਪੰਚਾਇਤਾਂ ਦੀਆਂ ਚੋਣਾਂ ਇਕੋ ਸਮੇਂ ਕਰਵਾਉਣ ਲਈ ਸਿਫਾਰਸ਼ਾਂ ਕਰਨਾ ਹੈ ਅਤੇ ਇਸ ਉਦੇਸ਼ ਲਈ ਲੋਕ ਪ੍ਰਤੀਨਿਧਤਾ ਐਕਟ, 1950, ਲੋਕ ਪ੍ਰਤੀਨਿਧਤਾ ਐਕਟ, 1951 ਅਤੇ ਨਿਯਮਾਂ ਅਤੇ ਹੋਰ ਕਾਨੂੰਨਾਂ ’ਚ ਭਾਰਤ ਦੇ ਸੰਵਿਧਾਨ ’ਚ ਵਿਸ਼ੇਸ਼ ਸੋਧਾਂ ਦੀ ਸਿਫਾਰਸ਼ ਕਰਨਾ ਹੈ ਜੋ ਇਕੋ ਸਮੇਂ ਚੋਣਾਂ ਕਰਵਾਉਣ ਲਈ ਜ਼ਰੂਰੀ ਹੋ ਸਕਦੀਆਂ ਹਨ।
(For more news apart from Punjab News, stay tuned to Rozana Spokesman)