
27 ਜਨਵਰੀ, 2022 ਨੂੰ ਹਾਈ ਕੋਰਟ ਨੇ ਐੱਸ.ਆਈ.ਟੀ. ਨੂੰ ਪਟੀਸ਼ਨ ’ਤੇ ਸਥਿਤੀ ਰੀਪੋਰਟ ਦਾਇਰ ਕਰਨ ਲਈ ਕਿਹਾ ਸੀ
ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ 1984 ਦੇ ਸਿੱਖ ਕਤਲੇਆਮ ਨਾਲ ਜੁੜੇ ਇਕ ਮਾਮਲੇ ’ਚ ਕਥਿਤ ਸ਼ਮੂਲੀਅਤ ਦੇ ਦੋਸ਼ ’ਚ ਕਾਂਗਰਸ ਨੇਤਾ ਕਮਲਨਾਥ ਵਿਰੁਧ ਕਾਰਵਾਈ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਨੂੰ ਸਥਿਤੀ ਰੀਪੋਰਟ ਦਾਇਰ ਕਰਨ ਲਈ ਹੋਰ ਸਮਾਂ ਦਿਤਾ ਹੈ ਅਤੇ ਮਾਮਲੇ ਦੀ ਅਗਲੀ ਸੁਣਵਾਈ 23 ਅਪ੍ਰੈਲ ਲਈ ਤੈਅ ਕੀਤੀ।
ਜਸਟਿਸ ਸਵਰਨ ਕਾਂਤਾ ਸ਼ਰਮਾ ਨੂੰ ਦਸਿਆ ਗਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਗਠਿਤ ਵਿਸ਼ੇਸ਼ ਜਾਂਚ ਟੀਮ ਨੇ ਭਾਜਪਾ ਦੇ ਮਨਜਿੰਦਰ ਸਿੰਘ ਸਿਰਸਾ ਵਲੋਂ ਦਾਇਰ ਪਟੀਸ਼ਨ ’ਤੇ ਅਜੇ ਤਕ ਅਪਣੀ ਸਟੇਟਸ ਰੀਪੋਰਟ ਦਾਇਰ ਨਹੀਂ ਕੀਤੀ ਹੈ। 27 ਜਨਵਰੀ, 2022 ਨੂੰ ਹਾਈ ਕੋਰਟ ਨੇ ਐੱਸ.ਆਈ.ਟੀ. ਨੂੰ ਪਟੀਸ਼ਨ ’ਤੇ ਸਥਿਤੀ ਰੀਪੋਰਟ ਦਾਇਰ ਕਰਨ ਲਈ ਕਿਹਾ ਸੀ।
ਮੰਗਲਵਾਰ ਨੂੰ ਐੱਸ.ਆਈ.ਟੀ. ਦੇ ਵਕੀਲ ਨੇ ਰੀਕਾਰਡਾਂ ਦਾ ਪ੍ਰਗਟਾਵਾ ਕਰਨ ਦਾ ਹਵਾਲਾ ਦਿੰਦੇ ਹੋਏ ਰੀਪੋਰਟ ਦਾਇਰ ਕਰਨ ਲਈ ਅਦਾਲਤ ਤੋਂ ਹੋਰ ਸਮਾਂ ਮੰਗਿਆ। ਇਹ ਮਾਮਲਾ ਦਿੱਲੀ ਦੇ ਗੁਰਦੁਆਰਾ ਰਕਾਬ ਗੰਜ ਸਾਹਿਬ ’ਤੇ ਹਮਲਾ ਕਰਨ ਵਾਲੀ ਭੀੜ ਨਾਲ ਸਬੰਧਤ ਹੈ। ਕਾਂਗਰਸ ਨੇਤਾ ਕਮਲਨਾਥ ਨੇ ਅਪਣੇ ’ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਸਿਰਸਾ ਨੇ 1984 ’ਚ ਸੰਸਦ ਸਟਰੀਟ ਥਾਣੇ ’ਚ ਦਰਜ ਐਫ.ਆਈ.ਆਰ. ਦੇ ਸਬੰਧ ’ਚ ਕਮਲਨਾਥ ਵਿਰੁਧ ਕਾਰਵਾਈ ਕਰਨ ਲਈ ਐੱਸ.ਆਈ.ਟੀ. ਨੂੰ ਹੁਕਮ ਦੇਣ ਦੀ ਮੰਗ ਕੀਤੀ ਹੈ। ਇਸ ਮਾਮਲੇ ’ਚ ਪੰਜ ਵਿਅਕਤੀਆਂ ਨੂੰ ਦੋਸ਼ੀ ਬਣਾਇਆ ਗਿਆ ਸੀ ਅਤੇ ਉਹ ਕਥਿਤ ਤੌਰ ’ਤੇ ਕਮਲਨਾਥ ਦੇ ਘਰ ਰਹਿ ਰਹੇ ਸਨ।