
Bangladesh Violence News: ਚਾਚੇ ਦਾ ਘਰ ਵੀ ਬੁਲਡੋਜ਼ਰ ਨਾਲ ਢਾਹਿਆ
ਬੰਗਲਾਦੇਸ਼ 'ਚ ਇਕ ਵਾਰ ਫਿਰ ਹਿੰਸਾ ਭੜਕ ਗਈ ਹੈ। ਬੁਧਵਾਰ ਅੱਧੀ ਰਾਤ ਨੂੰ ਹਿੰਸਕ ਭੀੜ ਨੇ ਬੰਗਲਾਦੇਸ਼ ਦੇ ਸੰਸਥਾਪਕ ਸ਼ੇਖ ਮੁਜੀਬੁਰ ਰਹਿਮਾਨ ਦੇ ਘਰ ਦੀ ਭੰਨਤੋੜ ਕੀਤੀ ਅਤੇ ਅੱਗ ਲਗਾ ਦਿੱਤੀ। ਇਹ ਘਟਨਾ ਉਦੋਂ ਵਾਪਰੀ ਜਦੋਂ ਬੰਗਲਾਦੇਸ਼ ਦੀ ਬਰਖ਼ਾਸਤ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਆਨਲਾਈਨ ਆਪਣਾ ਭਾਸ਼ਣ ਦੇਣ ਜਾ ਰਹੀ ਸੀ। ਸ਼ੇਖ ਮੁਜੀਬੁਰ ਰਹਿਮਾਨ ਦੇ ਘਰ ਨੂੰ ਅੱਗ ਲਾਉਣ ਦਾ ਵੀਡੀਓ ਵੀ ਸਾਹਮਣੇ ਆਇਆ ਹੈ।
ਢਾਕਾ ਟ੍ਰਿਬਿਊਨ ਦੀ ਰਿਪੋਰਟ ਦੇ ਅਨੁਸਾਰ, ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ 'ਤੇ ਕਥਿਤ ਤੌਰ 'ਤੇ ਪਾਬੰਦੀ ਲਗਾਉਣ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਪਹਿਲਾਂ ਸ਼ੇਖ ਹਸੀਨਾ ਦੇ ਪਿਤਾ ਮੁਜੀਬੁਰ ਰਹਿਮਾਨ ਦੀ ਰਿਹਾਇਸ਼ ਦਾ ਗੇਟ ਤੋੜਿਆ ਅਤੇ ਫਿਰ ਕੰਪਲੈਕਸ ਵਿਚ ਦਾਖ਼ਲ ਹੋ ਕੇ ਕਾਫੀ ਭੰਨਤੋੜ ਕੀਤੀ ਅਤੇ ਫਿਰ ਘਰ ਨੂੰ ਅੱਗ ਲਗਾ ਦਿੱਤੀ।
ਰਿਪੋਰਟ ਮੁਤਾਬਕ ਹਿੰਸਾ ਭੜਕਣ ਤੋਂ ਪਹਿਲਾਂ ਸੋਸ਼ਲ ਮੀਡੀਆ ਪੋਸਟ 'ਤੇ ਕਿਹਾ ਗਿਆ ਸੀ ਕਿ ਜੇਕਰ ਸ਼ੇਖ ਹਸੀਨਾ ਭਾਸ਼ਣ ਦਿੰਦੀ ਹੈ ਤਾਂ ਢਾਕਾ ਦੇ ਧਨਮੰਡੀ-32 ਸਥਿਤ ਸ਼ੇਖ ਮੁਜੀਬੁਰ ਰਹਿਮਾਨ ਦੀ ਰਿਹਾਇਸ਼ ਵੱਲ ਬੁਲਡੋਜ਼ਰ ਜਲੂਸ ਕੱਢਿਆ ਜਾਵੇਗਾ। ਇਸ ਦੇ ਮੁਤਾਬਕ ਬੁੱਧਵਾਰ ਰਾਤ 10.45 ਵਜੇ (ਸਥਾਨਕ ਸਮੇਂ ਅਨੁਸਾਰ) ਸ਼ੇਖ ਹਸੀਨਾ ਦੇ ਪਿਤਾ ਅਤੇ ਬੰਗਲਾਦੇਸ਼ ਦੇ ਸੰਸਥਾਪਕ ਸ਼ੇਖ ਮੁਜੀਬੁਰ ਰਹਿਮਾਨ ਦੇ ਘਰ ਨੂੰ ਢਾਹੁਣ ਲਈ ਖੁਦਾਈ ਮਸ਼ੀਨ ਲਿਆਂਦੀ ਗਈ। ਇਸ ਤੋਂ ਪਹਿਲਾਂ ਰਾਤ 8 ਵਜੇ ਦੇ ਕਰੀਬ ਪ੍ਰਦਰਸ਼ਨਕਾਰੀਆਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ।