
ਜੰਮੂ-ਕਸ਼ਮੀਰ 'ਚ ਪੱਥਰਬਾਜ਼ਾਂ ਵਲੋਂ ਸੀ.ਆਰ.ਪੀ.ਐਫ਼. 'ਤੇ ਹਮਲੇ ਦਾ ਵੀਡੀਉ ਦੇਖ ਕੇ ਭੜਕੇ ਕ੍ਰਿਕਟਰ ਗੌਤਮ ਗੰਭੀਰ ਦੀ ਹੁਣ ਕਸ਼ਮੀਰ ਦੇ ਇਕ ਨੇਤਾ ਨਾਲ ਤਿੱਖੀ...
ਨਵੀਂ ਦਿੱਲੀ, ਜੰਮੂ-ਕਸ਼ਮੀਰ 'ਚ ਪੱਥਰਬਾਜ਼ਾਂ ਵਲੋਂ ਸੀ.ਆਰ.ਪੀ.ਐਫ਼. 'ਤੇ ਹਮਲੇ ਦਾ ਵੀਡੀਉ ਦੇਖ ਕੇ ਭੜਕੇ ਕ੍ਰਿਕਟਰ ਗੌਤਮ ਗੰਭੀਰ ਦੀ ਹੁਣ ਕਸ਼ਮੀਰ ਦੇ ਇਕ ਨੇਤਾ ਨਾਲ ਤਿੱਖੀ ਬਹਿਸ ਹੋ ਗਈ ਹੈ। ਨੇਤਾਵਾਂ ਨੂੰ ਕਸ਼ਮੀਰ 'ਚ ਰਹਿ ਕੇ ਆਉਣ ਦੀ ਸਲਾਹ ਦੇਣ 'ਤੇ ਨੈਸ਼ਨਲ ਕਾਨਫ਼ਰੰਸ ਦੇ ਕਸ਼ਮੀਰੀ ਨੇਤਾ ਤਨਵੀਰ ਸਾਦਿਕ ਨੇ ਗੰਭੀਰ ਨੂੰ ਹੀ ਕਸ਼ਮੀਰ 'ਚ ਰਹਿਣ ਦੀ ਸਲਾਹ ਦੇ ਦਿਤੀ, ਜਿਸ 'ਤੇ ਗੰਭੀਰ ਨੂੰ ਗੁੱਸਾ ਆ ਗਿਆ ਤੇ ਉਸ ਨੇ ਵੀ ਤਨਵੀਰ ਨੂੰ ਜਨਤਾ ਦੇ ਪੈਸਿਆਂ 'ਤੇ ਮੌਜਾਂ ਕਰਨ ਵਾਲਾ ਕਹਿ ਦਿਤਾ।
ਦਰਅਸਲ, ਬੀਤੀ ਰਾਤ ਗੰਭੀਰ ਨੇ ਇਕ ਵੀਡੀਉ ਸਾਂਝਾ ਕੀਤਾ ਸੀ, ਜਿਸ 'ਚ ਜਵਾਨਾਂ ਦੀ ਗੱਡੀ 'ਤੇ ਪੱਥਰ ਮਾਰੇ ਜਾ ਰਹੇ ਸਨ। ਵੀਡੀਉ ਸ਼ੇਅਰ ਕਰਦਿਆਂ ਗੰਭੀਰ ਨੇ ਲਿਖਿਆ ਸੀ ਕਿ ਮੈਂ ਬਹੁਤ ਦੁਖੀ ਹਾਂ, ਸੋਚਦਾਂ ਹਾਂ ਕਿ ਕੀ ਭਾਰਤ ਹੁਣ ਵੀ ਇਹੀ ਸੋਚਦਾ ਹੈ ਕਿ ਪੱਥਰਬਾਜ਼ਾਂ ਨਾਲ ਕਮਰੇ 'ਚ ਬੈਠ ਕੇ ਗੱਲਬਾਤ ਕੀਤੀ ਜਾਣੀ ਚਾਹੀਦੀ ਹੈ। ਰਾਜਨੇਤਾਵਾਂ ਨੂੰ ਚਾਹੀਦਾ ਹੈ ਕਿ ਉਹ ਸੁਰਖਿਆ ਦਸਤਿਆਂ ਨੂੰ ਮੌਕਾ ਦੇਣ ਤਾਂ ਕਿ ਸੀ.ਆਰ.ਪੀ.ਐਫ਼. ਉਨ੍ਹਾਂ ਨੂੰ ਨਤੀਜਾ ਦਿਖਾਵੇ।
ਇਸ ਦੇ ਨਾਲ ਹੀ ਗੰਭੀਰ ਨੇ ਇਹ ਵੀ ਸਲਾਹ ਦਿਤੀ ਸੀ ਕਿ 2019 'ਚ ਜੋ ਵੀ ਨੇਤਾ ਚੋਣਾਂ ਲੜਨਾ ਚਾਹੁੰਦਾ ਹੈ, ਉਸ ਨੂੰ ਟਿਕਟ ਦੇਣ ਤੋਂ ਪਹਿਲਾਂ ਇਕ ਹਫ਼ਤਾ ਕਸ਼ਮੀਰ 'ਚ ਅਪਣੇ ਪਰਵਾਰ ਨਾਲ ਬਿਨਾਂ ਸੁਰਖਿਆ ਭੇਜਿਆ ਜਾਣਾ ਜ਼ਰੂਰੀ ਕੀਤਾ ਜਾਵੇ।ਗੰਭੀਰ ਦੇ ਇਸ ਸੁਝਾਅ ਤੋਂ ਬਾਅਦ ਤਨਵੀਰ ਨੇ ਗੰਭੀਰ ਨੂੰ ਹੀ ਕਸ਼ਮੀਰ ਚਲੇ ਜਾਣ ਲਈ ਕਿਹਾ। ਇਸ ਦਾ ਜਵਾਬ ਦਿੰਦਿਆਂ ਗੰਭੀਰ ਨੇ ਲਿਖਿਆ ਕਿ ਇੰਨੇ ਸਾਲਾਂ 'ਚ ਤੁਸੀਂ ਲੋਕਾਂ ਨੇ ਕਸ਼ਮੀਰੀ ਲੋਕਾਂ ਲਈ ਕੀ ਕੀਤਾ ਹੈ। ਤੁਸੀਂ ਸਿਰਫ਼ ਲੋਕਾਂ ਦੇ ਪੈਸੇ 'ਤੇ ਮੌਜ ਕੀਤੀ ਹੈ
ਅਤੇ ਮਾਸੂਮ ਕਸ਼ਮੀਰੀ ਲੋਕਾਂ ਨੂੰ ਮੂਰਖ ਬਣਾਇਆ ਹੈ। ਇਸ ਦਾ ਜਵਾਬ ਦਿੰਦਿਆਂ ਤਨਵੀਰ ਨੇ ਲਿਖਿਆ ਕਿ ਉਨ੍ਹਾਂ ਨੇ ਲੋਕਾਂ ਲਈ ਬਹੁਤ ਕੁਝ ਕੀਤਾ ਹੈ ਅਤੇ ਜੇਕਰ ਕਦੇ ਗੰਭੀਰ ਕਸ਼ਮੀਰ ਆਵੇ ਤਾਂ ਉਸ ਨੂੰ ਦਿਖ ਵੀ ਜਾਵੇਗਾ ਅਤੇ ਪਤਾ ਚੱਲੇਗਾ ਕਿ ਕਿਵੇਂ ਮਾਸੂਮ ਲੋਕਾਂ ਨੂੰ ਫਸਾਇਆ ਜਾਂਦਾ ਹੈ। ਉਸ ਨੇ ਗੰਭੀਰ 'ਤੇ ਕਾਲਾਧਨ ਜਮ੍ਹਾ ਕਰਨ ਦਾ ਵੀ ਦੋਸ਼ ਲਗਾਇਆ। ਇਸ ਸੱਭ ਦਰਮਿਆਨ ਜ਼ਿਆਦਾਤਰ ਲੋਕ ਗੰਭੀਰ ਦਾ ਪੱਖ ਲੈਂਦੇ ਦਿਖਾਈ ਦੇ ਰਹੇ ਹਨ। (ਏਜੰਸੀ)