
ਘਟਨਾ ਗਲੀ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ।
ਨਵੀਂ ਦਿੱਲੀ: ਸੋਮਵਾਰ ਸਵੇਰੇ ਦਖਣੀ ਦਿੱਲੀ ਦੇ ਨੇਬਰਸਰਾਏ ਦੇ ਰਾਜੂ ਪਾਰਕ 'ਚ ਇਕ ਨੌਜਵਾਨ ਦਾ ਬਰਫ਼ ਤੋੜਨ ਵਾਲੇ ਸੂਏ ਅਤੇ ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆ। ਮ੍ਰਿਤਕ ਦੀ ਪਛਾਣ ਸਚਿਨ ਕੁਮਾਰ (23) ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਮੋਰਚਰੀ 'ਚ ਭੇਜ ਦਿਤਾ ਹੈ। ਪੁਲਿਸ ਵਲੋਂ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਘਟਨਾ ਗਲੀ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ। ਇਸ ਵਿਚ ਦੇਖਿਆ ਗਿਆ ਕਿ ਦੋ ਨੌਜਵਾਨ ਸਚਿਨ 'ਤੇ ਗੁੱਸੇ ਨਾਲ ਹਮਲਾ ਕਰਦੇ ਨਜ਼ਰ ਆ ਰਹੇ ਹਨ। ਮੁੱਢਲੀ ਜਾਂਚ ਤੋਂ ਬਾਅਦ ਪੁਲਿਸ ਨੂੰ ਸ਼ੱਕ ਹੈ ਕਿ ਘਟਨਾ ਨੂੰ ਅਪਣੀ ਰੰਜਿਸ਼ ਦੇ ਤਹਿਤ ਅੰਜਾਮ ਦਿਤਾ ਗਿਆ ਹੈ।
ਇਹ ਵੀ ਪੜ੍ਹੋ: ਅੱਜ ਦਾ ਹੁਕਮਨਾਮਾ (6 ਜੂਨ 2023)
ਦਸਿਆ ਜਾ ਰਿਹਾ ਹੈ ਕਿ ਸਚਿਨ ਪਰਿਵਾਰ ਨਾਲ ਸੀ-2/3, ਰਾਜੂ ਪਾਰਕ ਇਲਾਕੇ 'ਚ ਰਹਿੰਦਾ ਸੀ। ਉਸ ਦੇ ਪਰਿਵਾਰ ਵਿਚ ਪਿਤਾ ਵੈਦਿਆਨਾਥ, ਮਾਂ, ਵੱਡਾ ਭਰਾ ਸੰਜੂ ਅਤੇ ਇਕ ਛੋਟਾ ਭਰਾ ਦੀਪਕ ਹੈ। ਵੈਦਿਆਨਾਥ ਪਲੰਬਰ ਦਾ ਕੰਮ ਕਰਦਾ ਹੈ। ਰਾਜੂ ਫਿਲਹਾਲ 12ਵੀਂ ਪਾਸ ਕਰਨ ਤੋਂ ਬਾਅਦ ਬੇਰੁਜ਼ਗਾਰ ਸੀ। ਰਿਸ਼ਤੇਦਾਰ ਨੇ ਦਸਿਆ ਕਿ ਕੁੱਝ ਦਿਨ ਪਹਿਲਾਂ ਉਸ ਦਾ ਇਲਾਕੇ ਦੇ ਦੋ ਲੜਕਿਆਂ ਨਾਲ ਝਗੜਾ ਹੋ ਗਿਆ ਸੀ ਪਰ ਲੋਕਾਂ ਨੇ ਇਸ ਝਗੜੇ ਨੂੰ ਵਧਣ ਤੋਂ ਰੋਕ ਲਿਆ।
ਇਸ ਤੋਂ ਬਾਅਦ ਸਚਿਨ ਨੇ ਦੋਵਾਂ ਨਾਲ ਗੱਲ ਕਰਨੀ ਸ਼ੁਰੂ ਕਰ ਦਿਤੀ। ਸੋਮਵਾਰ ਸਵੇਰੇ ਕਰੀਬ 11.30 ਵਜੇ ਉਹ ਪਨੀਰ ਲੈਣ ਲਈ ਘਰੋਂ ਨਿਕਲਿਆ। ਇਸ ਦੌਰਾਨ ਦੋਵਾਂ ਲੜਕਿਆਂ ਨੇ ਗੱਲਬਾਤ ਦੇ ਬਹਾਨੇ ਉਸ ਨੂੰ ਮਸਜਿਦ ਵਾਲੀ ਗਲੀ ਵਿਚ ਰੋਕ ਲਿਆ। ਕੁੱਝ ਸਕਿੰਟਾਂ ਦੀ ਗੱਲਬਾਤ ਤੋਂ ਬਾਅਦ ਅਚਾਨਕ ਇਕ ਨੌਜਵਾਨ ਨੇ ਸੂਆ ਕੱਢ ਕੇ ਸਚਿਨ 'ਤੇ ਹਮਲਾ ਕਰ ਦਿਤਾ। ਦੂਜੇ ਲੜਕੇ ਨੇ ਉਸ ਦੇ ਢਿੱਡ, ਛਾਤੀ ਅਤੇ ਹੋਰ ਥਾਵਾਂ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿਤਾ। ਹਮਲਾ ਕਰਨ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਏ। ਸਚਿਨ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਦੁਪਹਿਰ ਵੇਲੇ ਸਚਿਨ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਸੱਤਾ ਵਿਹੂਣੇ ਭਾਊਆਂ ਦੀਆਂ ਜੱਫੀਆਂ ਸੱਤਾ ਲਈ ਤਰਲੇ ਮਾਰਨ ਵਾਸਤੇ ਨਾ ਕਿ ਪੰਜਾਬ ਦੇ ਮਸਲਿਆਂ ਵਾਸਤੇ
ਮ੍ਰਿਤਕ ਦੇ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਜਿਸ ਜਗ੍ਹਾ ਸਚਿਨ ਦੀ ਚਾਕੂ ਮਾਰ ਕੇ ਹਤਿਆ ਕੀਤੀ ਗਈ ਸੀ। ਅਕਸਰ ਇਥੇ ਮੁੰਡੇ ਘੁੰਮਦੇ ਰਹਿੰਦੇ ਹਨ। ਸਚਿਨ ’ਤੇ ਹਮਲਾ ਹੋਣ ਮਗਰੋਂ ਤੁਰਤ ਪੁਲਿਸ ਨੂੰ ਸੂਚਨਾ ਦਿਤੀ ਗਈ ਪਰ ਪੁਲਿਸ ਕਾਫ਼ੀ ਦੇਰ ਬਾਅਦ ਆਈ। ਮਾਮਲੇ ਦੀ ਪੁਸ਼ਟੀ ਕਰਦਿਆਂ ਡੀਸੀਪੀ ਦਖਣੀ ਚੰਦਨ ਚੌਧਰੀ ਨੇ ਦਸਿਆ ਕਿ ਮ੍ਰਿਤਕ ਰਾਜੂ ਪਾਰਕ ਦੇ ਸੀ ਬਲਾਕ ਦਾ ਵਸਨੀਕ ਸੀ। ਪੁਲਿਸ ਨੇ ਇਸ ਮਾਮਲੇ ਵਿਚ ਐਫ.ਆਈ.ਆਰ. ਦਰਜ ਕਰ ਲਈ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।