
ਕੱਲ੍ਹ ਤਕ ਰਿਕਾਰਡ ਪੇਸ਼ ਕਰਨ ਦਾ ਹੁਕਮ
7 ਜੁਲਾਈ ਨੂੰ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ
ਨਵੀਂ ਦਿੱਲੀ : 1984 ਸਿੱਖ ਕਤਲੇਆਮ ਮਾਮਲੇ ਵਿਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵਿਰੁਧ ਦਾਖ਼ਲ ਚਾਰਜਸ਼ੀਟ 'ਤੇ ਨੋਟਿਸ ਲੈਣ ਦੇ ਮਾਮਲੇ ਵਿਚ ਅੱਜ ਸੁਣਵਾਈ ਟਲ ਗਈ ਹੈ। ਰਾਊਜ਼ ਐਵੇਨਿਊ ਕੋਰਟ ਵਿਚ ਚਲ ਰਹੇ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 7 ਜੁਲਾਈ ਨੂੰ ਤੈਅ ਕੀਤੀ ਗਈ ਹੈ।
ਇਸ ਦੇ ਨਾਲ ਹੀ ਅਦਾਲਤ ਨੇ ਕੜਕੜਡੂਮਾ ਕੋਰਟ ਦੇ ਰਿਕਾਰਡ ਇੰਚਾਰਜ ਨੂੰ ਨੋਟਿਸ ਜਾਰੀ ਕਰ ਕੇ ਕੱਲ ਤਕ ਸਾਰਾ ਰੀਕਾਰਡ ਪੇਸ਼ ਕਰਨ ਦਾ ਹੁਕਮ ਦਿਤਾ ਹੈ। ਅਦਾਲਤ ਵਿਚ ਪੇਸ਼ ਹੋਏ ਸਰਕਾਰੀ ਵਕੀਲ ਨੇ ਅਦਾਲਤ 'ਚ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦਸਿਆ ਕਿ ਐਫ਼.ਐਸ.ਐਲ. ਟੈਸਟ ਦੀ ਰੀਪੋਰਟ ਲਈ ਰੀਮਾਂਡਰ ਭੇਜਿਆ ਗਿਆ ਹੈ। ਦੱਸ ਦੇਈਏ ਕਿ ਕੋਰਟ ਵਿਚ ਹੋ ਰਹੀਆਂ ਇਨ੍ਹਾਂ ਸੁਣਵਾਈਆਂ ਦੌਰਾਨ ਜਗਦੀਸ਼ ਟਾਈਟਲਰ ਖੁਦ ਨਹੀਂ ਆ ਰਿਹਾ ਸਗੋਂ ਉਸ ਦੇ ਵਕੀਲ ਵਲੋਂ ਪੱਖ ਰਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਏ.ਆਈ.ਸੀ.ਸੀ. ਨੇ ਕਨ੍ਹਈਆ ਕੁਮਾਰ ਨੂੰ ਦਿਤੀ ਵੱਡੀ ਜ਼ਿੰਮੇਵਾਰੀ
ਸੀ.ਬੀ.ਆਈ. ਅਨੁਸਾਰ, 1 ਨਵੰਬਰ, 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹਤਿਆ ਤੋਂ ਇਕ ਦਿਨ ਬਾਅਦ,ਭੀੜ ਨੇ ਪੁਲ ਬੰਗਸ਼ ਇਲਾਕੇ ਵਿਚ ਇਕ ਗੁਰੂ ਘਰ ਨੂੰ ਅੱਗ ਲਗਾ ਦਿਤੀ ਸੀ, ਜਿਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਟਾਈਟਲਰ 'ਤੇ 39 ਸਾਲ ਪਹਿਲਾਂ ਆਪਣੇ ਭਾਸ਼ਣ 'ਚ ਭੀੜ ਨੂੰ ਭੜਕਾਉਣ ਦਾ ਦੋਸ਼ ਹੈ। ਇਸ ਵਿਚ ਤਿੰਨ ਸਿੱਖ ਠਾਕੁਰ ਸਿੰਘ, ਬਾਦਲ ਸਿੰਘ ਅਤੇ ਗੁਰੂ ਚਰਨ ਸਿੰਘ ਸ਼ਹੀਦ ਹੋ ਗਏ। ਸੀ.ਬੀ.ਆਈ. ਨੇ ਟਾਈਟਲਰ 'ਤੇ ਆਈ.ਪੀ.ਸੀ. ਦੀਆਂ ਧਾਰਾਵਾਂ 147 (ਦੰਗੇ), 109 (ਉਕਸਾਉਣਾ) ਅਤੇ 302 (ਕਤਲ) ਦੇ ਦੋਸ਼ ਲਾਏ ਸਨ।
ਸਿੱਖ ਕਤਲੇਆਮ ਦੇ ਇਸ ਮਾਮਲੇ ਵਿਚ ਸੀ.ਬੀ.ਆਈ. ਨੇ ਪਹਿਲਾਂ ਵੀ ਤਿੰਨ ਵਾਰ ਟਾਈਟਲਰ ਨੂੰ ਕਲੀਨ ਚਿੱਟ ਦਿਤੀ ਸੀ ਪਰ ਅਦਾਲਤ ਨੇ ਇਸ ਨੂੰ ਪੂਰੀ ਤਰ੍ਹਾਂ ਰੱਦ ਕਰ ਦਿਤਾ ਅਤੇ ਮੁੜ ਜਾਂਚ ਦੇ ਹੁਕਮ ਦਿਤੇ। ਇਸ ਮਾਮਲੇ ਦੀ ਸੁਣਵਾਈ ਦੌਰਾਨ ਹੁਣ ਅਦਾਲਤ ਨੇ ਐਫ਼.ਐਸ.ਐਲ. ਰੀਪੋਰਟ ਦੇ ਵੇਰਵੇ ਸਾਂਝੇ ਕਰਨ ਲਈ ਕਿਹਾ ਹੈ।