
ਕੋਵਿਡ-19 ਟੀਕਾਕਰਨ ਲੰਮੇ ਸਮੇਂ ਵਿਚ ਦਿਲ ਦੀਆਂ ਘਟਨਾਵਾਂ ਤੋਂ ਬਚਾਅ ਕਰਦਾ ਵਿਖਾਇਆ ਗਿਆ ਹੈ।
ਬੈਂਗਲੁਰੂ,: ਕਰਨਾਟਕ ’ਚ ਦਿਲ ਦੇ ਦੌਰੇ ਨਾਲ ਹੋਈਆਂ ਮੌਤਾਂ ਦੇ ਮਾਮਲਿਆਂ ਦੀ ਜਾਂਚ ਕਰਨ ਵਾਲੀ ਇਕ ਮਾਹਰ ਕਮੇਟੀ ਨੇ ਸਿੱਟਾ ਕਢਿਆ ਹੈ ਕਿ ਮਰੀਜ਼ ’ਚ ਦਿਲ ਦੀ ਬਿਮਾਰੀ ਅਤੇ ਕੋਵਿਡ-19 ਦੀ ਲਾਗ ਜਾਂ ਕੋਵਿਡ ਟੀਕਾਕਰਨ ਵਿਚਾਲੇ ਕੋਈ ਸਬੰਧ ਨਹੀਂ ਹੈ।
ਇਸ ਦੇ ਉਲਟ ਪੈਨਲ ਵਲੋਂ ਸੌਂਪੀ ਗਈ ਇਕ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਟੀਕਾਕਰਨ ਲੰਮੇ ਸਮੇਂ ਵਿਚ ਦਿਲ ਦੀਆਂ ਘਟਨਾਵਾਂ ਤੋਂ ਬਚਾਅ ਕਰਦਾ ਵਿਖਾਇਆ ਗਿਆ ਹੈ।
ਸੂਬਾ ਸਰਕਾਰ ਨੇ ਹਸਨ ਜ਼ਿਲ੍ਹੇ ਵਿਚ ਦਿਲ ਦਾ ਦੌਰਾ ਪੈਣ ਕਾਰਨ 20 ਤੋਂ ਵੱਧ ਲੋਕਾਂ ਦੀ ਮੌਤ ਦੀ ਜਾਂਚ ਲਈ ਜੈਦੇਵ ਇੰਸਟੀਚਿਊਟ ਆਫ ਕਾਰਡੀਓਵੈਸਕੁਲਰ ਸਾਇੰਸਜ਼ ਐਂਡ ਰੀਸਰਚ ਦੇ ਡਾਇਰੈਕਟਰ ਡਾ. ਰਵਿੰਦਰਨਾਥ ਦੀ ਅਗਵਾਈ ਵਿਚ ਇਕ ਮਾਹਰ ਕਮੇਟੀ ਦਾ ਗਠਨ ਕੀਤਾ ਸੀ।
2 ਜੁਲਾਈ ਨੂੰ ਸਰਕਾਰ ਨੂੰ ਸੌਂਪੀ ਗਈ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਮੌਜੂਦਾ ਅੰਕੜੇ ਇਸ ਵਿਸ਼ਵਾਸ ਦਾ ਸਮਰਥਨ ਨਹੀਂ ਕਰਦੇ ਕਿ ਨੌਜੁਆਨਾਂ ਵਿਚ ਅਚਾਨਕ ਦਿਲ ਦੀਆਂ ਘਟਨਾਵਾਂ ਵਿਚ ਵਾਧੇ ਲਈ ‘ਲੰਬਾ ਕੋਵਿਡ’ ਜ਼ਿੰਮੇਵਾਰ ਹੈ।
ਹਾਲ ਹੀ ਵਿਚ ਮੁੱਖ ਮੰਤਰੀ ਸਿਧਾਰਮਈਆ ਨੇ ਸੁਝਾਅ ਦਿਤਾ ਸੀ ਕਿ ਹਸਨ ਜ਼ਿਲ੍ਹੇ ਵਿਚ ਦਿਲ ਦਾ ਦੌਰਾ ਪੈਣ ਨਾਲ ਹੋਈਆਂ ਮੌਤਾਂ ਨੂੰ ਟੀਕਾਕਰਨ ਮੁਹਿੰਮ ਨਾਲ ਜੋੜਿਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਟੀਕਿਆਂ ਨੂੰ ਜਲਦਬਾਜ਼ੀ ਵਿਚ ਮਨਜ਼ੂਰੀ ਦਿਤੀ ਗਈ ਸੀ। ਉਨ੍ਹਾਂ ਦੇ ਇਸ ਬਿਆਨ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਬਾਇਓਕੌਨ ਦੀ ਸੰਸਥਾਪਕ ਕਿਰਨ ਮਜੂਮਦਾਰ ਸ਼ਾ ਵਰਗੇ ਲੋਕਾਂ ਨੇ ਤਿੱਖੀ ਆਲੋਚਨਾ ਕੀਤੀ ਸੀ।