
ਗੁਜਰਾਤ ਦੇ ਅਹਿਮਦਾਬਾਦ ਵਿਚ ਵੀਰਵਾਰ ਸਵੇਰੇ ਭਿਆਨਕ ਹਾਦਸਾ ਵਾਪਰਿਆ ਹੈ।
ਅਹਿਮਦਾਬਾਦ: ਗੁਜਰਾਤ ਦੇ ਅਹਿਮਦਾਬਾਦ ਵਿਚ ਵੀਰਵਾਰ ਸਵੇਰੇ ਭਿਆਨਕ ਹਾਦਸਾ ਵਾਪਰਿਆ ਹੈ। ਸ਼ਹਿਰ ਵਿਚ ਸਥਿਤ ਕੋਵਿਡ ਹਸਪਤਾਲ ਵਿਚ ਅੱਗ ਲੱਗ ਲਗੀ। ਇਹ ਅੱਗ ਆਈਸੀਯੂ ਵਿਚ ਲੱਗੀ, ਦੇਖਦੇ ਹੀ ਦੇਖਦੇ ਅੱਗ ਨੇ ਖਤਰਨਾਕ ਰੂਪ ਧਾਰਨ ਕਰ ਲਿਆ ਅਤੇ ਇਸ ਦੀ ਚਪੇਟ ਵਿਚ ਆ ਕੇ 8 ਮਰੀਜ਼ਾਂ ਦੀ ਮੌਤ ਹੋ ਗਈ, ਜਦਕਿ ਇਕ ਪੈਰਾ ਮੈਡੀਕਲ ਸਟਾਫ਼ ਜ਼ਖਮੀ ਹੋ ਗਿਆ।
Covid-19 Hospital
ਹਸਪਤਾਲ ਵਿਚ ਸਵੇਰੇ 3 ਵਜ ਕੇ 15 ਮਿੰਟ ‘ਤੇ ਅੱਗ ਲੱਗੀ। 3 ਵਜ ਕੇ 22 ਮਿੰਟ ‘ਤੇ ਫਾਇਰ ਵਿਭਾਗ ਦੀ ਟੀਮ ਹਸਪਤਾਲ ਪਹੁੰਚੀ। ਟੀਮ ਨੇ 4 ਵਜ ਕੇ 20 ਮਿੰਟ ‘ਤੇ ਅੱਗ ਨੂੰ ਕਾਬੂ ਕਰ ਲਿਆ। ਜਦੋਂ ਅੱਗ ਲੱਗੀ ਤਾਂ ਉਸ ਸਮੇਂ ਆਈਸੀਯੂ ਵਿਚ 10 ਕੋਰੋਨਾ ਮਰੀਜ਼ ਸਨ ਜਦਕਿ ਪੂਰੇ ਹਸਪਤਾਲ ਵਿਚ 49 ਕੋਰੋਨਾ ਮਰੀਜ਼ ਸਨ। ਇਹਨਾਂ ਵਿਚ ਅੱਠ ਲੋਕਾਂ ਦੀ ਮੌਤ ਹੋ ਗਈ ਹੈ।
Covid-19 Hospital
ਬਾਕੀ ਮਰੀਜ਼ਾਂ ਨੂੰ ਦੂਜੇ ਹਸਪਤਾਲ ਵਿਚ ਸ਼ਿਫ਼ਟ ਕੀਤਾ ਗਿਆ ਹੈ, ਇਸ ਦੇ ਨਾਲ ਹੀ ਜਾਂਚ ਲਈ ਫੋਰੈਂਸਿਕ ਵਿਭਾਗ ਦੀ ਟੀਮ ਪਹੁੰਚ ਗਈ ਹੈ। ਅੱਗ ਲੱਗਣ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਦੀ ਟੀਮ ਮੌਕੇ ‘ਤੇ ਹੀ ਹਸਪਤਾਲ ਪਹੁੰਚ ਗਈ। ਅੱਗ ਲੱਗਣ ਪਿੱਛੇ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਹਾਲਾਂਕਿ ਅਸਲ ਸੱਚਾਈ ਫੋਰੈਂਸਿਕ ਵਿਭਾਗ ਦੀ ਟੀਮ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ।
Covid-19 Patient
ਗੁਜਰਾਤ ਦੇ ਮੁੱਖ ਮੰਤਰੀ ਦਫ਼ਤਰ ਮੁਤਾਬਕ ਮੁੱਖ ਮੰਤਰੀ ਵਿਜੈ ਰੂਪਾਣੀ ਨੇ ਅਹਿਮਦਾਬਾਦ ਦੇ ਹਸਪਤਾਲ ਵਿਚ ਅੱਗ ਲੱਗਣ ਦੀ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ 3 ਦਿਨਾਂ ਅੰਦਰ ਰਿਪੋਰਟ ਦੇਣ ਦਾ ਆਦੇਸ਼ ਦਿੱਤਾ ਹੈ। ਪੀਐਮ ਮੋਦੀ ਨੇ ਪ੍ਰਧਾਨ ਮੰਤਰੀ ਰਾਹਤ ਫੰਡ ਵਿਚੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਉੱਥੇ ਹੀ ਹਾਦਸੇ ਵਿਚ ਜ਼ਖਮੀ ਲੋਕਾਂ ਨੂੰ 50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ।