
ਇਸੇ ਸਕੁਐਡਰਨ ਦੇ ਮਿਰਾਜ–2000 ਜੰਗੀ ਜੈੱਟ ਜਹਾਜ਼ ਨੇ ਜੈਸ਼–ਏ–ਮੁਹੰਮਦ ਦੇ ਟਿਕਾਣੇ ਢਹਿ–ਢੇਰੀ ਕਰ ਦਿੱਤੇ ਸਨ।
ਨਵੀਂ ਦਿੱਲੀ- ਭਾਰਤੀ ਹਵਾਈ ਫ਼ੌਜ ਨੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਦੇ 51 ਸਕੁਐਡਰਨ ਨੂੰ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਸਨਮਾਨ ਹਵਾਈ ਫ਼ੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਰਾਕੇਸ਼ ਕੁਮਾਰ ਭਦੌਰੀਆ ਵੱਲੋਂ ਕੀਤਾ ਜਾਵੇਗਾ। ਇਸੇ ਵਰ੍ਹੇ 27 ਫ਼ਰਵਰੀ ਨੂੰ ਪਾਕਿਸਤਾਨ ਦੇ ਹਵਾਈ ਹਮਲੇ ਦੌਰਾਨ ਹਵਾਈ ਫ਼ੌਜ ਦੇ 51 ਸਕੁਐਡਰਨ ਨੇ ਹੀ ਮੋਰਚਾ ਸੰਭਾਲਦਿਆਂ ਗੁਆਂਢੀ ਮੁਲਕ ਦੇ ਐੱਫ਼–16 ਜੰਗੀ ਹਵਾਈ ਜਹਾਜ਼ ਨੂੰ ਤਬਾਹ ਕਰ ਦਿੱਤਾ ਸੀ।
ਸਕੁਐਡਰਨ ਵੱਲੋਂ ਇਹ ਸਨਮਾਨ ਕਮਾਂਡਿੰਗ ਆਫ਼ੀਸਰ ਗਰੁੱਪ ਕੈਪਟਨ ਸਤੀਸ਼ ਪਵਾਰ ਹਾਸਲ ਕਰਨਗੇ। ਇਸ ਦੇ ਨਾਲ ਹੀ ਬਾਲਾਕੋਟ ਸਥਿਤ ਜੈਸ਼ ਅੱਤਵਾਦੀ ਕੈਂਪ ਉੱਤੇ ਹਵਾਈ ਹਮਲੇ ’ਚ ਸ਼ਾਮਲ 9 ਸਕੁਐਡਰਨ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਇਸੇ ਸਕੁਐਡਰਨ ਦੇ ਮਿਰਾਜ–2000 ਜੰਗੀ ਜੈੱਟ ਜਹਾਜ਼ ਨੇ ਜੈਸ਼–ਏ–ਮੁਹੰਮਦ ਦੇ ਟਿਕਾਣੇ ਢਹਿ–ਢੇਰੀ ਕਰ ਦਿੱਤੇ ਸਨ।
ਬਾਲਾਕੋਟ ਹਵਾਈ ਹਮਲਾ ਤੇ ਫਿਰ ਉਸ ਤੋਂ ਅਗਲੇ ਦਿਨ ਪਾਕਿਸਤਾਨ ਨਾਲ ਹਵਾਈ ਜੰਗ ਵਿਚ ਅਹਿਮ ਭੂਮਿਕਾ ਨਿਭਾਉਣ ਲਈ ਸਕੁਐਡਰਨ ਲੀਡਰ ਮਿਰਤੀ ਅਗਰਵਾਲ ਦੀ 601 ਸਿਗਨਲ ਯੂਨਿਟ ਨੂੰ ਵੀ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸੇ ਸਾਲ 14 ਫ਼ਰਵਰੀ ਨੂੰ ਭਾਰਤੀ ਹਵਾਈ ਫ਼ੌਜ ਨੇ ਪੁਲਵਾਮਾ ’ਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਬੀਤੀ 26 ਫ਼ਰਵਰੀ ਨੂੰ ਬਾਲਾਕੋਟ ਵਿਖੇ ਸਥਿਤ ਜੈਸ਼–ਏ–ਮੁਹੰਮਦ ਦੇ ਸਿਖਲਾਈ ਕੈਂਪ ਉੱਤੇ ਹਵਾਈ ਹਮਲਾ ਕੀਤਾ ਸੀ।
ਜੰਮੂ–ਕਸ਼ਮੀਰ ਦੇ ਪੁਲਵਾਮਾ ’ਚ 14 ਫ਼ਰਵਰੀ ਨੂੰ ਹੋਏ ਆਤਮਘਾਤੀ ਬੰਬ ਦੇ ਹਮਲੇ ਵਿਚ ਸੀਆਰਪੀਐੱਫ਼ ਦੇ 40 ਜਵਾਨਾਂ ਦੀ ਸ਼ਹਾਦਤ ਨੇ ਸਮੁੱਚੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਹਾਦਸੇ ਦੀ ਜ਼ਿੰਮੇਵਾਰੀ ਪਾਕਿਸਤਾਨ ਸਥਿਤ ਅਤਿਵਾਦੀ ਜੱਥੇਬੰਦੀ ਜੈਸ਼–ਏ–ਮੁਹੰਮਦ ਨੇ ਲਈ ਸੀ। ਉਸ ਤੋਂ ਬਾਅਦ 26 ਫ਼ਰਵਰੀ ਨੂੰ ਭਾਰਤੀ ਹਵਾਈ ਫ਼ੌਜ ਨੇ ਪਾਕਿਸਤਾਨ ਦੇ ਵਾਯੂਮੰਡਲ ਵਿਚ ਜਾ ਕੇ ਉਸ ਦੇ ਖ਼ੈਬਰ ਪਖ਼ਤੂਨਖ਼ਵਾ ਸਥਿਤ ਬਾਲਾਕੋਟ ’ਚ ਅਤਿਵਾਦੀ ਕੈਂਪ ਨੂੰ ਤਬਾਹ ਕਰ ਦਿੱਤਾ ਸੀ।