
ਪੀੜਤਾ ਨੇ ਦੱਸਿਆ ਕਿ ਕਥਿਤ ਦੋਸ਼ੀ ਨੇ ਕਈ ਵਾਰ ਉਸ ਨਾਲ ਬਿਨਾਂ ਰਜ਼ਾਮੰਦੀ ਦੇ ਸਰੀਰਕ ਸਬੰਧ ਬਣਾਏ ਅਤੇ ਸਿੱਟੇ ਵਜੋਂ ਉਹ ਗਰਭਵਤੀ ਹੋ ਗਈ।
ਨਵੀਂ ਦਿੱਲੀ: ਵਿਆਹ ਦੇ ਬਹਾਨੇ ਕਈ ਵਾਰ ਮੰਗੇਤਰ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਦੇ ਹੋਏ ਦਿੱਲੀ ਹਾਈ ਕੋਰਟ ਨੇ ਅਹਿਮ ਟਿੱਪਣੀ ਕੀਤੀ ਹੈ। ਹਾਈ ਕੋਰਟ ਨੇ ਕਿਹਾ ਕਿ ਸਿਰਫ਼ ਮੰਗਣੀ ਦਾ ਮਤਲਬ ਇਹ ਨਹੀਂ ਹੈ ਕਿ ਦੋਸ਼ੀ ਨੂੰ ਜਿਨਸੀ ਸ਼ੋਸ਼ਣ, ਹਮਲਾ ਕਰਨ ਜਾਂ ਧਮਕੀ ਦੇਣ ਦੀ ਇਜਾਜ਼ਤ ਹੈ। ਦਿੱਲੀ ਹਾਈ ਕੋਰਟ ਦੀ ਜਸਟਿਸ ਸਵਰਨ ਕਾਂਤਾ ਸ਼ਰਮਾ ਦੀ ਬੈਂਚ ਨੇ ਮੁਲਜ਼ਮ ਦੀ ਉਸ ਦਲੀਲ ਨੂੰ ਵੀ ਰੱਦ ਕਰ ਦਿੱਤਾ ਜਿਸ ਵਿਚ ਕਿਹਾ ਗਿਆ ਸੀ ਕਿ ਦੋਵਾਂ ਦੀ ਮੰਗਣੀ ਹੋਈ ਸੀ, ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਵਿਆਹ ਦਾ ਝੂਠਾ ਵਾਅਦਾ ਕੀਤਾ ਗਿਆ ਸੀ।
ਅਦਾਲਤ ਨੇ ਇਹ ਵੀ ਨੋਟ ਕੀਤਾ ਕਿ ਪੀੜਤਾ ਦੇ ਬਿਆਨ ਅਨੁਸਾਰ ਪਹਿਲੀ ਵਾਰ ਸਰੀਰਕ ਸਬੰਧ ਵੀ ਵਿਆਹ ਦੇ ਬਹਾਨੇ ਬਣਾਏ ਗਏ ਸਨ। ਦਿੱਲੀ ਪੁਲਿਸ ਨੇ 16 ਜੁਲਾਈ ਨੂੰ ਬਲਾਤਕਾਰ ਸਮੇਤ ਹੋਰ ਧਾਰਾਵਾਂ ਤਹਿਤ ਦਰਜ ਮਾਮਲੇ ਵਿਚ ਚਾਰਜਸ਼ੀਟ ਦਾਖ਼ਲ ਕੀਤੀ ਸੀ। ਪੀੜਤਾ ਨੇ ਸ਼ਿਕਾਇਤ 'ਚ ਦੋਸ਼ ਲਾਇਆ ਕਿ ਮੰਗਣੀ ਤੋਂ ਚਾਰ ਦਿਨ ਬਾਅਦ ਮੁਲਜ਼ਮ ਨੇ ਉਸ ਨਾਲ ਇਹ ਕਹਿ ਕੇ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਕਿ ਉਹਨਾਂ ਦੀ ਮੰਗਣੀ ਹੋ ਗਈ ਹੈ ਅਤੇ ਜਲਦੀ ਹੀ ਵਿਆਹ ਕਰਵਾ ਲਿਆ ਜਾਵੇਗਾ। ਇਸ ਦੇ ਨਾਲ ਹੀ ਪੀੜਤਾ ਨੇ ਨਸ਼ੇ ਦੀ ਹਾਲਤ 'ਚ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਵੀ ਦੋਸ਼ ਲਗਾਇਆ ਹੈ।
ਪੀੜਤਾ ਨੇ ਦੱਸਿਆ ਕਿ ਕਥਿਤ ਦੋਸ਼ੀ ਨੇ ਕਈ ਵਾਰ ਉਸ ਨਾਲ ਬਿਨਾਂ ਰਜ਼ਾਮੰਦੀ ਦੇ ਸਰੀਰਕ ਸਬੰਧ ਬਣਾਏ ਅਤੇ ਸਿੱਟੇ ਵਜੋਂ ਉਹ ਗਰਭਵਤੀ ਹੋ ਗਈ। ਇਸ 'ਤੇ ਦੋਸ਼ੀ ਨੇ ਫਰਵਰੀ 2022 'ਚ ਉਸ ਨੂੰ ਗਰਭਪਾਤ ਦੀਆਂ ਗੋਲੀਆਂ ਦਿੱਤੀਆਂ ਸਨ। ਐੱਫਆਈਆਰ 'ਚ ਪੀੜਤਾ ਨੇ ਦੋਸ਼ ਲਗਾਇਆ ਹੈ ਕਿ ਜਦੋਂ ਪੀੜਤਾ 9 ਜੁਲਾਈ ਨੂੰ ਦੋਸ਼ੀ ਦੇ ਘਰ ਗਈ ਤਾਂ ਉਸ ਨੇ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਇਹੀ ਕਾਰਨ ਸੀ ਕਿ ਉਹਨਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ। ਬੈਂਚ ਨੇ ਗੋਲੀਆਂ ਰਾਹੀਂ ਗਰਭਪਾਤ ਦੇ ਦੋਸ਼ ਨੂੰ ਬਹੁਤ ਗੰਭੀਰ ਕਰਾਰ ਦਿੱਤਾ।
ਪੀੜਤ ਦੇ ਬਿਆਨ ਅਤੇ ਕੋਡ ਆਫ ਕ੍ਰਿਮੀਨਲ ਪ੍ਰੋਸੀਜ਼ਰ (ਸੀਆਰਪੀਸੀ) ਦੀ ਧਾਰਾ 161 ਅਤੇ 164 ਦੇ ਤਹਿਤ ਦਰਜ ਚਾਰਜਸ਼ੀਟ 'ਤੇ ਵਿਚਾਰ ਕਰਦੇ ਹੋਏ ਅਦਾਲਤ ਨੇ ਪਾਇਆ ਕਿ ਸਰਕਾਰੀ ਵਕੀਲ ਦੁਆਰਾ ਲਗਾਏ ਗਏ ਦੋਸ਼ ਗੰਭੀਰ ਹਨ। ਪੀੜਤਾ ਨਾਲ ਵਿਆਹ ਦਾ ਝਾਂਸਾ ਦੇ ਕੇ ਜਬਰ ਜ਼ਨਾਹ ਕੀਤਾ ਗਿਆ। ਅਜੇ ਤੱਕ ਮਾਮਲੇ 'ਚ ਦੋਸ਼ ਤੈਅ ਨਹੀਂ ਹੋਏ ਹਨ, ਇਸ ਲਈ ਦੋਸ਼ੀ ਦੀ ਜ਼ਮਾਨਤ ਅਰਜ਼ੀ ਖਾਰਜ ਕੀਤੀ ਜਾਂਦੀ ਹੈ।