
ਬੈਂਕਾਂ ਨੂੰ ਆਨਲਾਈਨ ਪੈਸਿਆਂ ਦੇ ਲੈਣ-ਦੇਣ ’ਤੇ ਨਜ਼ਰ ਰੱਖਣ ਲਈ ਕਿਹਾ ਗਿਆ
ਹੈਦਰਾਬਾਦ: ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.) ਰਾਜੀਵ ਕੁਮਾਰ ਨੇ ਕਿਹਾ ਕਿ ਚੋਣ ਕਮਿਸ਼ਨ ਆਜ਼ਾਦ, ਨਿਰਪੱਖ, ਪਾਰਦਰਸ਼ੀ ਅਤੇ ਲਾਲਚ-ਮੁਕਤ ਚੋਣਾਂ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸੀਈਸੀ ਦੀ ਅਗਵਾਈ ਵਿਚ ਇਕ 17 ਮੈਂਬਰੀ ਟੀਮ ਤੇਲੰਗਾਨਾ ਵਿਚ ਚੋਣ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਹੈਦਰਾਬਾਦ ਵਿਚ ਹੈ। ਇਸ ਦੌਰਾਨ ਰਾਜੀਵ ਕੁਮਾਰ ਨੇ ਰਾਜਨੀਤਕ ਪਾਰਟੀਆਂ, ਰਾਜ ਅਤੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਅਤੇ ਇਨਫ਼ੋਰਸਮੈਂਟ ਏਜੰਸੀਆਂ ਵਰਗੇ ਵੱਖ-ਵੱਖ ਪੱਖਕਾਰਾਂ ਨਾਲ ਮੀਟਿੰਗਾਂ ਕੀਤੀਆਂ।
ਰਾਜੀਵ ਕੁਮਾਰ ਨੇ ਪੱਤਰਕਾਰਾਂ ਨੂੰ ਚੋਣ ਦਲ ਦੀਆਂ ਪਿਛਲੇ ਤਿੰਨ ਦਿਨਾਂ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਚੋਣਾਂ ਦੌਰਾਨ ਪੈਸੇ ਦੀ ਤਾਕਤ ਦੀ ਵਰਤੋਂ ਕਰਨ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕਰਨ ਲਈ ਇਨਫ਼ੋਰਸਮੈਂਟ ਏਜੰਸੀਆਂ ਨੂੰ ਸਪੱਸ਼ਟ ਸੰਦੇਸ਼ ਦਿਤਾ ਗਿਆ ਹੈ। ਉਨ੍ਹਾਂ ਕਿਹਾ, “ਪੈਸੇ ਦੀ ਤਾਕਤ ਅਤੇ ਮੁਫ਼ਤ ਦੀਆਂ ਰਿਉੜੀਆਂ ਖ਼ਾਸ ਤੌਰ ’ਤੇ ਸਾਡੇ ਰਾਡਾਰ ’ਤੇ ਹੋਣਗੀਆਂ। ਜੇਕਰ ਉਹ (ਇਨਫ਼ੋਰਸਮੈਂਟ ਏਜੰਸੀਆਂ) ਕਾਰਵਾਈ ਨਹੀਂ ਕਰਦੇ ਹਨ ਤਾਂ ਅਸੀਂ ਕਾਰਵਾਈ ਯਕੀਨੀ ਬਣਾਵਾਂਗੇ। ਸਮਾਂ ਨੇੜੇ ਆਉਣ ’ਤੇ ਅਸੀਂ ਮੁਲਾਂਕਣ ਕਰਾਂਗੇ ਅਤੇ ਯਕੀਨੀ ਬਣਾਵਾਂਗੇ ਕਿ ਉਹ ਇਨ੍ਹਾਂ ਸਾਰੀਆਂ ਚੀਜ਼ਾਂ ’ਤੇ ਕਾਰਵਾਈ ਕਰਨ।’’
ਉਨ੍ਹਾਂ ਪੱਤਰਕਾਰਾਂ ਨੂੰ ਦਸਿਆ ਕਿ ਇਸ ਸਬੰਧੀ ਬੈਂਕਾਂ ਨੂੰ ਆਨਲਾਈਨ ਪੈਸਿਆਂ ਦੇ ਲੈਣ-ਦੇਣ ’ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਕੁਮਾਰ ਨੇ ਕਿਹਾ ਕਿ ਰਾਜਨੀਤਕ ਪਾਰਟੀਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਇਹ ਯਕੀਨੀ ਕਰਨ ਲਈ ਬੇਨਤੀ ਕੀਤੀ ਕਿ ਤੇਲੰਗਾਨਾ ਵਿਚ ਚੋਣ ਲਾਲਚ ਮੁਕਤ ਹੋਵੇ। ਉਨ੍ਹਾਂ ਕਿਹਾ ਕਿ ਤੇਲੰਗਾਨਾ ਵਿਚ ਕੁਲ ਵੋਟਰਾਂ ਦੀ ਗਿਣਤੀ 3.17 ਕਰੋੜ ਹੈ, ਜਿਸ ਵਿਚ ਮਰਦ ਅਤੇ ਔਰਤ ਵੋਟਰਾਂ ਦੀ ਗਿਣਤੀ ਬਰਾਬਰ ਹੈ।