
ਪੁਲਿਸ ਨੂੰ ਪੋਕਸੋ ਤਹਿਤ ਐਫ.ਆਈ.ਆਰ. ਦਰਜ ਕਰਨ ਲਈ ਕਿਹਾ
ਕੋਲਕਾਤਾ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਨੂੰ ਪੁਲਿਸ ਨੂੰ ਦਖਣੀ 24 ਪਰਗਨਾ ’ਚ 10 ਸਾਲ ਦੀ ਬੱਚੀ ਨਾਲ ਕਥਿਤ ਜਬਰ ਜਨਾਹ ਅਤੇ ਕਤਲ ਦੇ ਮਾਮਲੇ ’ਚ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਤਹਿਤ ਐਫ.ਆਈ.ਆਰ. ਦਰਜ ਕਰਨ ਅਤੇ ਇਹ ਯਕੀਨੀ ਬਣਾਉਣ ਦੇ ਹੁਕਮ ਦਿਤੇ ਕਿ ਦੋਸ਼ੀਆਂ ਨੂੰ ਤਿੰਨ ਮਹੀਨਿਆਂ ਦੇ ਅੰਦਰ ਮੌਤ ਦੀ ਸਜ਼ਾ ਦਿਤੀ ਜਾਵੇ।
ਬੈਨਰਜੀ ਕਈ ਦੁਰਗਾ ਪੂਜਾ ਪੰਡਾਲਾਂ ਦਾ ਆਨਲਾਈਨ ਉਦਘਾਟਨ ਕਰਨ ਤੋਂ ਬਾਅਦ ਕੋਲਕਾਤਾ ਪੁਲਿਸ ਬਾਡੀਗਾਰਡ ਲਾਈਨਜ਼ ਵਿਖੇ ਲੋਕਾਂ ਨੂੰ ਸੰਬੋਧਨ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਅਪਰਾਧ ਦਾ ਕੋਈ ਰੰਗ, ਜਾਤ ਜਾਂ ਧਰਮ ਨਹੀਂ ਹੁੰਦਾ। ਉਨ੍ਹਾਂ ਕਿਹਾ, ‘‘ਮੈਂ ਚਾਹੁੰਦੀ ਹਾਂ ਕਿ ਪੁਲਿਸ ਕੁਲਤਾਲੀ ਮਾਮਲੇ ’ਚ ਪੋਕਸੋ ਐਕਟ ਤਹਿਤ ਐਫ.ਆਈ.ਆਰ. ਦਰਜ ਕਰੇ ਅਤੇ ਇਹ ਯਕੀਨੀ ਬਣਾਵੇ ਕਿ ਦੋਸ਼ੀਆਂ ਨੂੰ ਤਿੰਨ ਮਹੀਨਿਆਂ ਦੇ ਅੰਦਰ ਮੌਤ ਦੀ ਸਜ਼ਾ ਮਿਲੇ। ਜੁਰਮ ਜੁਰਮ ਹੁੰਦਾ ਹੈ, ਇਸ ਦਾ ਕੋਈ ਧਰਮ ਜਾਂ ਜਾਤ ਨਹੀਂ ਹੈ। ਦੋਸ਼ੀਆਂ ਵਿਰੁਧ ਸਖਤ ਕਾਰਵਾਈ ਕੀਤੀ ਜਾਵੇਗੀ।’’
ਉਨ੍ਹਾਂ ਜਬਰ ਜਨਾਹ ਦੇ ਮਾਮਲਿਆਂ ’ਚ ਮੀਡੀਆ ਟ?ਰਾਇਲ ’ਤੇ ਇਤਰਾਜ਼ ਪ੍ਰਗਟਾਇਆ ਅਤੇ ਕਿਹਾ ਕਿ ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਜਾਂਚ ’ਚ ਰੁਕਾਵਟ ਆ ਸਕਦੀ ਹੈ। ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਦਖਣੀ 24 ਪਰਗਨਾ ਦੇ ਕੁਲਤਾਲੀ ’ਚ ਸਨਿਚਰਵਾਰ ਨੂੰ 10 ਸਾਲਾ ਲੜਕੀ ਦੀ ਲਾਸ਼ ਮਿਲੀ, ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਇਕ ਪੁਲਿਸ ਚੌਕੀ ਨੂੰ ਅੱਗ ਲਾ ਦਿਤੀ ਅਤੇ ਉਥੇ ਖੜ੍ਹੇ ਗੱਡੀਆਂ ’ਚ ਭੰਨਤੋੜ ਕੀਤੀ।
ਕਲਕੱਤਾ ਹਾਈ ਕੋਰਟ ਨੇ ਨਵੇਂ ਸਿਰੇ ਤੋਂ ਪੋਸਟਮਾਰਟਮ ਦੇ ਹੁਕਮ ਦਿਤੇ
ਕੋਲਕਾਤਾ ਹਾਈ ਕੋਰਟ ਨੇ ਸਮੂਹਕ ਜਬਰ ਜਨਾਹ ਅਤੇ ਕਤਲ ਦੀ ਸ਼ਿਕਾਰ ਹੋਈ ਇਕ ਸਕੂਲੀ ਵਿਦਿਆਰਥਣ ਦਾ ਨਵੇਂ ਸਿਰੇ ਤੋਂ ਪੋਸਟਮਾਰਟਮ ਕਰਵਾਉਣ ਦੇ ਹੁਕਮ ਦਿਤੇ ਹਨ। ਇਹ ਘਟਨਾ ਸਨਿਚਰਵਾਰ ਨੂੰ ਉਸ ਸਮੇਂ ਵਾਪਰੀ ਜਦੋਂ 10 ਸਾਲਾ ਲੜਕੀ ਟਿਊਸ਼ਨ ਕਲਾਸਾਂ ਤੋਂ ਬਾਅਦ ਜੈਨਗਰ ਸਥਿਤ ਅਪਣੇ ਘਰ ਪਰਤ ਰਹੀ ਸੀ।
ਜਸਟਿਸ ਤੀਰਥੰਕਰ ਘੋਸ਼ ਨੇ ਲੜਕੀ ਦੇ ਮਾਪਿਆਂ ਵਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਹੁਕਮ ਦਿਤਾ ਕਿ ਦੂਜਾ ਪੋਸਟਮਾਰਟਮ ਸੋਮਵਾਰ ਨੂੰ ਕਲਿਆਣੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਹਸਪਤਾਲ ’ਚ ਬਰੂਈਪੁਰ ਅਦਾਲਤ ਦੇ ਵਧੀਕ ਮੁੱਖ ਨਿਆਂਇਕ ਮੈਜਿਸਟਰੇਟ (ਏ.ਸੀ.ਜੇ.ਐਮ.) ਦੀ ਮੌਜੂਦਗੀ ’ਚ ਕੀਤਾ ਜਾਵੇ।
ਜਸਟਿਸ ਘੋਸ਼ ਨੇ ਹੁਕਮ ਦਿਤਾ ਕਿ ਪੁਲਿਸ ਨੂੰ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਤਹਿਤ ਮਾਮਲਾ ਦਰਜ ਕਰਨਾ ਚਾਹੀਦਾ ਹੈ।
ਅਦਾਲਤ ਨੇ ਕਿਹਾ ਕਿ ਜੇ ਏਮਜ਼ (ਕਲਿਆਣੀ) ’ਚ ਪੋਸਟਮਾਰਟਮ ਕਰਨ ਲਈ ਲੋੜੀਂਦੀਆਂ ਸਹੂਲਤਾਂ ਦੀ ਘਾਟ ਹੈ, ਤਾਂ ਇਹ ਜਵਾਹਰ ਲਾਲ ਨਹਿਰੂ ਮੈਮੋਰੀਅਲ ਹਸਪਤਾਲ ’ਚ ਕੀਤਾ ਜਾਣਾ ਚਾਹੀਦਾ ਹੈ। ਹਾਲਾਂਕਿ, ਪੋਸਟਮਾਰਟਮ ਏਮਜ਼, ਕਲਿਆਣੀ ਦੇ ਡਾਕਟਰਾਂ ਵਲੋਂ ਕੀਤਾ ਜਾਣਾ ਚਾਹੀਦਾ ਹੈ ਨਾ ਕਿ ਰਾਜ ਸਰਕਾਰ ਵਲੋਂ ਚਲਾਏ ਜਾ ਰਹੇ ਹਸਪਤਾਲ ਦੇ ਡਾਕਟਰਾਂ ਦੁਆਰਾ।
ਸਕੂਲੀ ਵਿਦਿਆਰਥਣ ਦੀ ਲਾਸ਼ ਫਿਲਹਾਲ ਕਾਂਤਾਪੁਕੁਰ ਦੇ ਮੁਰਦਾਘਰ ’ਚ ਰੱਖੀ ਗਈ ਹੈ ਜਿੱਥੇ ਪਹਿਲਾ ਪੋਸਟਮਾਰਟਮ ਕੀਤਾ ਗਿਆ ਸੀ। ਕਤਲ ਦੇ ਸਬੰਧ ’ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।