ਬਾਬਰੀ ਮਸਜਿਦ ਐਕਸ਼ਨ ਕਮੇਟੀ ਨੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ.........
ਅਯੁੱਧਿਆ : ਬਾਬਰੀ ਮਸਜਿਦ ਤੋੜਭੰਨ 26 ਸਾਲ ਪੂਰੇ ਹੋਣ ਨੂੰ ਵੇਖਦਿਆਂ ਧਾਰਮਕ ਸ਼ਹਿਰ ਅਯੁੱਧਿਆ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਰਾਮ ਜਨਮਭੂਮੀ ਦੇ ਆਸਪਾਸ ਅਤੇ ਹਨੁਮਾਨਗੜ੍ਹੀ 'ਚ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸ਼ਹਿਰ 'ਚ ਸੁਰੱਖਿਆ ਪ੍ਰਬੰਧਾਂ ਵਿਚਕਾਰ ਅੱਜ ਸਥਿਤੀ ਆਮ ਵਰਗੀ ਦਿਸੀ। ਤੀਰਥਯਾਤਰੀ ਹਨੁਮਾਨਗੜ੍ਹੀ ਦੇ ਆਸਪਾਸ ਘੁੰਮਦੇ ਦਿਸੇ ਅਤੇ ਦੁਕਾਨਾਂ ਵੀ ਖੁੱਲ੍ਹੀਆਂ। ਅਯੁੱਧਿਆ ਦੇ ਮੇਅਰ ਰਿਸ਼ੀਕੇਸ਼ ਉਪਾਧਿਆਏ ਨੇ ਕਿਹਾ ਹੈ ਕਿ ਪਿੱਛੇ ਜਿਹੇ ਵਿਸ਼ਵ ਹਿੰਦੂ ਪਰਿਸ਼ਦ ਦੀ ਧਰਮ ਸਭਾ ਦੌਰਾਨ ਅਯੁੱਧਿਆ 'ਚ ਸ਼ਾਂਤੀ ਕਾਇਮ ਰਹੀ।
ਇਸ ਵੇਲੇ ਵੀ ਸ਼ਾਂਤੀ ਹੈ ਅਤੇ ਢੁਕਵੀਂ ਗਿਣਤੀ 'ਚ ਸੁਰੱਖਿਆ ਬਲ ਤੈਨਾਤ ਹਨ। ਉਨ੍ਹਾਂ ਕਿਹਾ ਕਿ ਰਾਮ ਜਨਮਭੂਮੀ ਅਤੇ ਨੇੜਲੇ ਇਲਾਕਿਆਂ 'ਚ 20 ਤੋਂ 25 ਕੰਪਨੀਆਂ ਅਤੇ ਪੀ.ਏ.ਸੀ. ਪੱਕੀਆਂ ਤੈਨਾਤ ਰਹਿੰਦੀਆਂ ਹਨ ਤਾਕਿ ਸੁਰੱਖਿਆ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆਵੇ। ਉਧਰ ਬਾਬਰੀ ਮਸਜਿਦ ਐਕਸ਼ਨ ਕਮੇਟੀ ਪ੍ਰਧਾਨ ਮੰਤਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਇਕ ਚਿੱਠੀ ਭੇਜ ਕੇ ਮੰਗ ਕਰੇਗੀ
ਕਿ ਅਯੁੱਧਿਆ 'ਚ ਵਿਵਾਦਤ ਥਾਂ 'ਤੇ ਸੁਪਰੀਮ ਕੋਰਟ ਦੇ ਹੁਕਮ ਅਨੁਸਾਰ ਮੌਜੂਦਾ ਸਥਿਤੀ ਕਾਇਮ ਰੱਖੀ ਜਾਵੇ। ਕਮੇਟੀ ਦੇ ਕਨਵੀਨਰ ਜਫ਼ਰਯਾਬ ਜਿਲਾਨੀ ਨੇ ਕਿਹਾ ਕਿ ਪਹਿਲੇ ਸਾਲਵਾਂ ਵਾਂਗ ਇਸ ਸਾਲ ਵੀ ਬਰਸੀ ਸ਼ਾਂਤਮਈ ਤਰੀਕੇ ਨਾਲ ਮਨਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਮਾਹੌਲ ਖ਼ਰਾਬ ਕਰਨ ਜਾਂ ਭੜਕਾਊ ਬਿਆਨ ਦੇਣ ਉਨ੍ਹਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇ। (ਪੀਟੀਆਈ)