
ਰਿਜ਼ਰਵ ਬੈਂਕ ਨੇ ਵਿਆਜ ਦਰਾਂ ਨਾ ਬਦਲੀਆਂ, ਉਦਯੋਗ ਜਗਤ ਨਿਰਾਸ਼
ਮੁੰਬਈ : ਉਦਯੋਗ ਅਤੇ ਪੂੰਜੀ ਬਾਜ਼ਾਰ ਦੀਆਂ ਉਮੀਦਾਂ ਨੂੰ ਝਟਕਾ ਦਿੰਦਿਆਂ ਰਿਜ਼ਰਵ ਬੈਂਕ ਨੇ ਮੁਦਰਾ ਨੀਤੀ ਸਮੀਖਿਆ ਵਿਚ ਅਪਣੀ ਨੀਤੀਗਤ ਵਿਆਜ ਦਰ ਵਿਚ ਕੋਈ ਬਦਲਾਅ ਨਹੀਂ ਕੀਤਾ। ਆਰਥਕ ਵਾਧੇ ਦੀ ਗਤੀ ਮੱਠੀ ਪੈਣ ਦੇ ਬਾਵਜੂਦ ਕੇਂਦਰੀ ਬੈਂਕ ਨੇ ਮਹਿੰਗਾਈ ਵਧਣ ਦੀ ਚਿੰਤਾ ਵਿਚ ਰੈਪੋ ਦਰ ਨੂੰ 5.15 ਫ਼ੀ ਸਦੀ ਦੇ ਪੁਰਾਣੇ ਪੱਧਰ 'ਤੇ ਕਾਇਮ ਰਖਿਆ। ਇਸ ਤੋਂ ਪਹਿਲਾਂ ਲਗਾਤਾਰ ਪੰਜ ਵਾਰ ਰਿਜ਼ਰਵ ਬੈਂਕ ਨੇ ਰੈਪੋ ਦਰ ਵਿਚ ਕੁਲ ਮਿਲਾ ਕੇ 1.35 ਫ਼ੀ ਸਦੀ ਦੀ ਕਟੌਤੀ ਕੀਤੀ ਹੈ।
RBI
ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ ਵਾਲੀ ਛੇ ਮੈਂਬਰੀ ਮੁਦਰਾ ਨੀਤੀ ਕਮੇਟੀ ਨੇ ਇਕ ਵੋਟ ਨਾਲ ਰੈਪੋ ਦਰ ਵਿਚ 5.15 ਫ਼ੀ ਸਦੀ ਅਤੇ ਰਿਵਰਸ ਰੈਪੋ ਦਰ ਨੂੰ 4.90 ਫ਼ੀ ਸਦੀ 'ਤੇ ਕਾਇਮ ਰੱਖਣ ਦੇ ਹੱਕ ਵਿਚ ਫ਼ੈਸਲਾ ਕੀਤਾ। ਮੁਦਰਾ ਸਮੀਖਿਆ ਲਈ ਕਮੇਟੀ ਦੀ ਤਿੰਨ ਦਿਨਾ ਬੈਠਕ ਮੰਗਲਵਾਰ ਨੂੰ ਸ਼ੁਰੂ ਹੋਈ ਸੀ।
Shaktikanta Das
ਰੈਪੋ ਦਰ ਉਹ ਦਰ ਹੁੰਦੀ ਹੈ ਜਿਸ 'ਤੇ ਵਣਜ ਬੈਂਕ ਕੇਂਦਰੀ ਬੈਂਕ ਤੋਂ ਨਕਦੀ ਲੈਂਦੇ ਹਨ ਜਦਕਿ ਰਿਵਰਸ ਰੈਪੋ ਦਰ ਤਹਿਤ ਕੇਂਦਰੀ ਬੈਂਕ ਵਣਜ ਬੈਂਕਾਂ ਤੋਂ ਨਕਦੀ ਲੈਂਦਾ ਹੈ। ਉਦਯੋਗ ਜਗਤ ਅਤੇ ਨਿਵੇਸ਼ਕਾਂ ਨੂੰ ਉਮੀਦ ਸੀ ਕਿ ਮਾੜੀ ਆਰਥਕ ਹਾਲਤ ਕਾਰਨ ਰਿਜ਼ਰਵ ਬੈਂਕ ਰੈਪੋ ਦਰ ਵਿਚ ਛੇਵੀਂ ਵਾਰ ਕਟੌਤੀ ਕਰ ਸਕਦਾ ਹੈ।
ਮੁਦਰਾ ਸਮੀਖਿਆ ਵਿਚ ਕਿਹਾ ਗਿਆ ਹੈ ਕਿ ਆਰਥਕ ਵਾਧੇ ਵਾਸਤੇ ਜਦ ਤਕ ਜ਼ਰੂਰੀ ਸਮਝਿਆ ਜਾਵੇਗਾ, ਰਿਜ਼ਰਵ ਬੈਂਕ ਅਪਣੀ ਨੀਤੀ ਉਦਾਰ ਬਣਾਈ ਰੱਖੇਗਾ।
Repo Rate
ਕੇਂਦਰੀ ਬੈਂਕ ਨੇ 2019-20 ਲਈ ਆਰਥਕ ਵਾਧੇ ਦੇ ਅਪਣੇ ਅਨੁਮਾਨ ਨੂੰ ਪਹਿਲਾਂ ਵਾਲੇ 6.1 ਫ਼ੀ ਸਦੀ ਤੋਂ ਘਟਾ ਕੇ ਪੰਜ ਫ਼ੀ ਸਦੀ ਕਰ ਦਿਤਾ। ਚਾਲੂ ਵਿੱਤ ਵਰ੍ਹੇ ਦੀ ਅਪ੍ਰੈਲ ਵਿਚ ਪੇਸ਼ ਮੁਦਰਾ ਸਮੀਖਿਆ ਵਿਚ ਆਰਥ ਵਾਧੇ ਦਾ ਅਨੁਮਾਨ 7.2 ਫ਼ੀ ਸਦੀ ਰਖਿਆ ਗਿਆ ਸੀ। ਦਾਸ ਨੇ ਕਿਹਾ, 'ਵਿਆਜ ਦਰਾਂ ਵਿਚ ਕਟੌਤੀ ਦੇ ਮਾਮਲੇ ਵਿਚ ਇਹ ਅਸਥਾਈ ਰੋਕ ਹੈ। ਐਮਪੀਸੀ ਇਸ ਮਾਮਲੇ ਵਿਚ ਫ਼ਰਵਰੀ ਵਿਚ ਬਿਹਤਰ ਢੰਗ ਨਾਲ ਫ਼ੈਸਲਾ ਕਰ ਸਕੇਗੀ। ਉਸ ਸਮੇਂ ਤਕ ਹੋਰ ਅੰਕੜੇ ਹੋਣਗੇ ਅਤੇ ਸਰਕਾਰ ਵੀ 2020-21 ਦਾ ਬਜਟ ਪੇਸ਼ ਕਰ ਚੁੱਕੀ ਹੋਵੇਗੀ।
Inflation
ਮਹਿੰਗੀਆਂ ਸਬਜ਼ੀਆਂ ਕਾਰਨ ਮਹਿੰਗਾਈ ਵਧਣ ਦਾ ਅਨੁਮਾਨ
ਭਾਰਤੀ ਰਿਜ਼ਰਵ ਬੈਂਕ ਨੇ ਚਾਲੂ ਵਿੱਤ ਵਰ੍ਹੇ ਦੀ ਦੂਜੀ ਛਿਮਾਹੀ ਲਈ ਮਹਿੰਗਾਈ ਦੇ ਅਨੁਮਾਨ ਨੂੰ ਵਧਾ ਕੇ 5.1 ਫ਼ੀ ਸਦੀ ਕਰ ਦਿਤਾ ਹੈ। ਪਿਆਜ਼ ਅਤੇ ਟਮਾਟਰ ਜਿਹੀਆਂ ਸਬਜ਼ੀਆਂ ਦੀਆਂ ਕੀਮਤਾਂ ਵਿਚ ਉਛਾਲ ਨੂੰ ਵੇਖਦਿਆਂ ਕੇਂਦਰੀ ਬੈਂਕ ਨੇ ਮਹਿੰਗਾਈ ਦਾ ਅਨੁਮਾਨ ਵਧਾਇਆ। ਬੈਂਕ ਨੇ ਇਸ ਸਾਲ ਦੀ ਦੂਜੀ ਛਿਮਾਹੀ ਵਿਚ ਪਰਚੂਨ ਮਹਿੰਗਾਈ ਦੇ 3.5 ਤੋਂ 3.7 ਫ਼ੀ ਸਦੀ ਰਹਿਣ ਦਾ ਅਨੁਮਾਨ ਲਾਇਆ ਸੀ।