ਰਾਸ਼ਟਰੀ ਸਵੈਮਸੇਵਕ ਸੰਘ ਦਾ ਜ਼ਿਲ੍ਹਾ ਦਫ਼ਤਰ ਵੀ ਇਸ ਮੰਦਰ ਦੇ ਕੰਪਲੈਕਸ ਵਿਚ ਹੀ ਸਥਿਤ ਹੈ
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿਚ ਰਾਮਪੁਰ ਸਥਿਤ ਸੱਤਿਆਨਾਰਾਇਣ ਮੰਦਰ ਵਿਚ ਨਿਕਾਹ ਪੜ੍ਹਿਆ ਗਿਆ। ਉਹ ਵੀ ਅਜਿਹੇ ਮੰਦਰ ਵਿਚ ਜੋ ਵਿਸ਼ਵ ਹਿੰਦੂ ਪ੍ਰੀਸ਼ਦ ਦੁਆਰਾ ਚਲਾਇਆ ਜਾ ਰਿਹਾ ਹੈ। ਰਾਸ਼ਟਰੀ ਸਵੈਮਸੇਵਕ ਸੰਘ ਦਾ ਜ਼ਿਲ੍ਹਾ ਦਫ਼ਤਰ ਵੀ ਇਸ ਮੰਦਰ ਦੇ ਕੰਪਲੈਕਸ ਵਿਚ ਹੀ ਸਥਿਤ ਹੈ। ਵਿਹਿਪ ਦੇ ਅਧਿਕਾਰੀਆਂ ਨੇ ਲੜਕੀ ਦੇ ਮਾਪਿਆਂ ਦੀ ਮੰਗ 'ਤੇ ਮੰਦਰ ਦੇ ਹਾਲ 'ਚ ਲੜਕੀ ਦੇ ਵਿਆਹ ਦੀ ਇਜਾਜ਼ਤ ਦਿੱਤੀ ਸੀ।
ਇਹ ਵੀ ਪੜ੍ਹੋ: ਬੇਕਾਬੂ ਟਰਾਲੇ ਦੀ ਲਪੇਟ 'ਚ ਆਇਆ ਪਰਿਵਾਰ: ਪਤੀ-ਪਤਨੀ ਅਤੇ ਦੋ ਬੱਚਿਆਂ ਦੀ ਮੌਤ
ਮੌਲਵੀ, ਵਕੀਲ ਅਤੇ ਦੋਵੇਂ ਧਿਰਾਂ ਦੇ ਲੋਕ ਮੰਦਰ ਦੇ ਕੰਪਲੈਕਸ ਵਿਚ ਬਣੇ ਹਾਲ ਵਿਚ ਇਕੱਠੇ ਹੋਏ। ਇੱਥੇ ਹੀ ਮੌਲਵੀ ਨੇ ਦੋਹਾਂ ਦਾ ਨਿਕਾਹ ਪੜ੍ਹਿਆ ਅਤੇ ਵਕੀਲ ਦੀ ਨਿਗਰਾਨੀ ਹੇਠ ਸਾਰੀਆਂ ਰਸਮਾਂ ਪੂਰੀਆਂ ਹੋਈਆਂ। ਰਾਮਪੁਰ 'ਚ ਰਹਿਣ ਵਾਲਾ ਮੁਸਲਿਮ ਭਾਈਚਾਰਾ ਸੱਤਿਆਨਰਾਇਣ ਮੰਦਰ 'ਚ ਹੋਏ ਇਸ ਨਿਕਾਹ 'ਤੇ ਕਾਫੀ ਖੁਸ਼ ਹੈ। ਹਿੰਦੂ ਧਰਮ ਨੇ ਵੀ ਇਸ ਨੂੰ ਸਕਾਰਾਤਮਕ ਢੰਗ ਨਾਲ ਲਿਆ ਹੈ। ਇਸ ਨਿਕਾਹ ਦੀ ਖਾਸ ਗੱਲ ਇਹ ਹੈ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਅਧਿਕਾਰਤ ਮੰਦਰ ਦੇ ਪਰਿਸਰ 'ਚ ਮੌਲਵੀ ਵੱਲੋਂ ਪੂਰੀ ਰਸਮ ਪੂਰੀ ਕੀਤੀ ਗਈ। ਮੰਦਰ ਵਿਚ ਸ਼ਾਕਾਹਾਰੀ ਦਾਵਤ ਦਾ ਆਯੋਜਨ ਕੀਤਾ ਗਿਆ।
ਇਹ ਵੀ ਪੜ੍ਹੋ: ਕੌਮਾਂਤਰੀ ਸਰਹੱਦ ਨੇੜੇ ਢਾਈ ਕਿੱਲੋ ਤੋਂ ਵੱਧ ਹੈਰੋਇਨ ਬਰਾਮਦ
ਮੁਸਲਿਮ ਜੋੜੇ ਦਾ ਇਹ ਨਿਕਾਹ 3 ਮਾਰਚ ਨੂੰ ਪੜ੍ਹਿਆ ਗਿਆ ਸੀ। ਇਸ ਵਿਚ ਨਾ ਸਿਰਫ਼ ਲੜਕੇ-ਲੜਕੀ ਦੇ ਮੁਸਲਿਮ ਰਿਸ਼ਤੇਦਾਰਾਂ ਨੇ ਸ਼ਮੂਲੀਅਤ ਕੀਤੀ ਸਗੋਂ ਇਲਾਕੇ ਦੇ ਹਿੰਦੂ ਲੋਕਾਂ ਨੇ ਵੀ ਨਵ-ਵਿਆਹੇ ਜੋੜੇ ਨੂੰ ਆਸ਼ੀਰਵਾਦ ਦਿੱਤਾ। ਮੰਦਰ 'ਚ ਕਰਵਾਏ ਗਏ ਇਸ ਮੁਸਲਿਮ ਵਿਆਹ ਦੀ ਪੂਰੇ ਸੂਬੇ 'ਚ ਚਰਚਾ ਹੈ ਅਤੇ ਹਰ ਕੋਈ ਇਸ ਪਹਿਲ ਦੀ ਸ਼ਲਾਘਾ ਕਰ ਰਿਹਾ ਹੈ। ਪਰਿਵਾਰ ਵਲੋਂ ਇਸ ਦੇ ਲਈ ਕਾਰਡ ਛਪਵਾਏ ਗਏ ਸਨ। ਕਾਰਡ 'ਚ ਵੀ ਮੰਦਰ ਵਿਚ ਵਿਆਹ ਕਰਵਾਉਣ ਦਾ ਜ਼ਿਕਰ ਸੀ। ਜਾਣਕਾਰੀ ਮੁਤਾਬਕ ਰਾਮਪੁਰ 'ਚ ਸਬੀਹਾ ਮਲਿਕ ਅਤੇ ਮਹਿੰਦਰ ਸਿੰਘ ਮਲਿਕ ਦੀ ਬੇਟੀ ਨਯਾਮਤ ਮਲਿਕ ਐਮ.ਟੈੱਕ, ਸਿਵਲ ਇੰਜੀਨੀਅਰ ਹੈ। ਨਯਾਮਤ ਦਾ ਪਤੀ ਰਾਹੁਲ ਸ਼ੇਖ ਵੀ ਸਿਵਲ ਇੰਜੀਨੀਅਰ ਹੈ, ਉਹ ਚੰਬਾ ਦੇ ਚੁਵੜੀ ਦਾ ਰਹਿਣ ਵਾਲਾ ਹੈ। ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ ਮੰਦਰ ਦੇ ਹਾਲ 'ਚ ਵਿਆਹ ਕਰਵਾਇਆ ਗਿਆ।
ਇਹ ਵੀ ਪੜ੍ਹੋ: ਗੁੜ ਖਾਣ ਨਾਲ ਚਮੜੀ ਦੀਆਂ ਕਈ ਸਮੱਸਿਆਵਾਂ ਹੁੰਦੀਆਂ ਹਨ ਦੂਰ
ਮੰਦਰ ਟਰੱਸਟ ਦੇ ਜਨਰਲ ਸਕੱਤਰ ਵਿਨੈ ਸ਼ਰਮਾ ਦਾ ਕਹਿਣਾ ਹੈ ਕਿ ਸੱਤਿਆਨਰਾਇਣ ਮੰਦਰ ਵਿਚ ਅਕਸਰ ਵਿਆਹ ਕਰਵਾਏ ਜਾਂਦੇ ਹਨ। ਵਿਆਹ ਦੇ ਪ੍ਰਬੰਧਕਾਂ ਨੂੰ ਨਿਯਮਾਂ ਅਨੁਸਾਰ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਜੋ ਮੰਦਰ ਦੀ ਮਰਿਆਦਾ ਨੂੰ ਕਾਇਮ ਰੱਖਿਆ ਜਾ ਸਕੇ। ਸ਼ਰਮਾ ਨੇ ਕਿਹਾ ਕਿ ਇਹ ਨਿਕਾਹ ਹਿੰਦੂ-ਮੁਸਲਿਮ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਇਕ ਵੱਡੀ ਮਿਸਾਲ ਹੈ। ਇੱਥੇ ਇਹ ਪਹਿਲੀ ਵਾਰ ਹੋਇਆ ਹੈ ਕਿ ਮੁਸਲਿਮ ਭਾਈਚਾਰੇ ਨਾਲ ਸਬੰਧਤ ਕਿਸੇ ਨੇ ਮੰਦਰ ਵਿਚ ਵਿਆਹ ਕਰਵਾਇਆ ਹੋਵੇ।