
ਕਰਨਲ ਤੇ ਵਿੰਗ ਕਮਾਂਡਰ ਨੇ ਆਪ੍ਰੇਸ਼ਨ ਸਿੰਦੂਰ ਦੇ ਸਬੂਤ ਵੀ ਪੇਸ਼ ਕੀਤੇ
ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਅਤੇ ਕਸ਼ਮੀਰ (PoJK) ਵਿਚ ਸਥਿਤ ਅੱਤਵਾਦੀ ਕੈਂਪਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ ਜਿਨ੍ਹਾਂ ਨੂੰ ਆਪ੍ਰੇਸ਼ਨ ਸਿੰਦੂਰ ਦੌਰਾਨ ਨਿਸ਼ਾਨਾ ਬਣਾਇਆ ਗਿਆ ਸੀ। ਵਿੰਗ ਕਮਾਂਡਰ ਵਿਓਮਿਕਾ ਸਿੰਘ ਤੇ ਕਰਨਲ ਸੋਫੀਆ ਕੁਰੈਸ਼ੀ ਜਿਨ੍ਹਾਂ ਨੇ ਪਾਕਿਸਤਾਨ ਵਿਰੁਧ ਆਪ੍ਰੇਸ਼ਨ ਸਿੰਦੂਰ ਦੀ ਅੰਦਰਲੀ ਕਹਾਣੀ ਦੱਸੀ। ਭਾਰਤੀ ਹਥਿਆਰਬੰਦ ਸੈਨਾਵਾਂ ਨੇ ਬੁੱਧਵਾਰ ਸਵੇਰੇ ‘ਆਪ੍ਰੇਸ਼ਨ ਸਿੰਦੂਰ’ ਬਾਰੇ ਇਕ ਪ੍ਰੈਸ ਬ੍ਰੀਫਿੰਗ ਕੀਤੀ।
ਇਸ ਪ੍ਰੈਸ ਕਾਨਫਰੰਸ ਵਿਚ ਫੌਜ ਨੇ ਦਸਿਆ ਕਿ ਕਿਵੇਂ ਉਨ੍ਹਾਂ ਨੇ ਪਾਕਿਸਤਾਨ ਵਿਰੁਧ ਕਾਰਵਾਈ ਕੀਤੀ ਅਤੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿਤਾ। ਬ੍ਰੀਫਿੰਗ ਦੌਰਾਨ, ਕਰਨਲ ਸੋਫੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਨੇ ਪਾਕਿਸਤਾਨ ਦਾ ਪਰਦਾਫਾਸ਼ ਕੀਤਾ ਅਤੇ ਆਪ੍ਰੇਸ਼ਨ ਸਿੰਦੂਰ ਦੇ ਸਬੂਤ ਵੀ ਪੇਸ਼ ਕੀਤੇ।ਮੀਡੀਆ ਨੂੰ ਸੰਬੋਧਨ ਕਰਦਿਆਂ ਕਰਨਲ ਕੁਰੈਸ਼ੀ ਨੇ ਕਿਹਾ ਕਿ ਪਹਿਲਗਾਮ ਅੱਤਵਾਦੀ ਹਮਲੇ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ ਗਿਆ ਸੀ ਕਿਉਂਕਿ ਪਾਕਿਸਤਾਨ ਵਿਚ ਨੌਂ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਤਬਾਹ ਕਰ ਦਿਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਇਹ ਆਪ੍ਰੇਸ਼ਨ ਬੁੱਧਵਾਰ ਨੂੰ ਸਵੇਰੇ 1:05 ਵਜੇ ਤੋਂ 1:30 ਵਜੇ ਦੇ ਵਿਚਕਾਰ ਕੀਤਾ ਗਿਆ। ਭਾਰਤੀ ਹਵਾਈ ਸੈਨਾ ਦੀ ਇਕ ਸਨਮਾਨਤ ਹੈਲੀਕਾਪਟਰ ਪਾਇਲਟ, ਵਿੰਗ ਕਮਾਂਡਰ ਵਿਓਮਿਕਾ ਸਿੰਘ ਨੇ ਕਿਹਾ, ਇਹ ਮਿਸ਼ਨ ਪਹਿਲਗਾਮ ਅੱਤਵਾਦੀ ਹਮਲੇ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣਾ ਸੀ। 9 ਅੱਤਵਾਦੀ ਕੈਂਪਾਂ ਨੂੰ ਬਿਨਾਂ ਕਿਸੇ ਨਾਗਰਿਕ ਦੇ ਜਾਨੀ ਨੁਕਸਾਨ ਅਤੇ ਬੁਨਿਆਦੀ ਢਾਂਚੇ ਨੂੰ ਕੋਈ ਨੁਕਸਾਨ ਪਹੁੰਚਾਏ ਤਬਾਹ ਕਰ ਦਿਤਾ ਗਿਆ। ਫੌਜ ਦੀ ਪ੍ਰੈਸ ਬ੍ਰੀਫਿੰਗ ਦੌਰਾਨ, ਇਨ੍ਹਾਂ ਦੋ ਮਹਿਲਾ ਅਧਿਕਾਰੀਆਂ ਨੇ ਪੂਰੇ ਦੇਸ਼ ਦਾ ਧਿਆਨ ਆਪਣੇ ਵਲ ਖਿੱਚਿਆ ਹੈ।
ਵਿੰਗ ਕਮਾਂਡਰ ਸਿੰਘ ਲਈ, ਭਾਰਤੀ ਹਵਾਈ ਸੈਨਾ ਦੀ ਯਾਤਰਾ ਬਹੁਤ ਪਹਿਲਾਂ ਸ਼ੁਰੂ ਹੋ ਗਈ ਸੀ। ‘ਵਯੋਮਿਕਾ’ ਨਾਮ, ਜਿਸ ਦਾ ਅਰਥ ਹੈ ਅਸਮਾਨ ਦੀ ਧੀ, ਉਸ ਦੀ ਬਚਪਨ ਦੀ ਇੱਛਾ ਨੂੰ ਦਰਸਾਉਂਦਾ ਹੈ। ਆਪਣੇ ਸਕੂਲ ਦੇ ਦਿਨਾਂ ਤੋਂ ਹੀ, ਉਹ ਉੱਡਣ ਲਈ ਦ੍ਰਿੜ ਸੀ। ਉਹ ਨੈਸ਼ਨਲ ਕੈਡੇਟ ਕੋਰ (NCC) ਵਿਚ ਸ਼ਾਮਲ ਹੋਈ, ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਅਤੇ ਅੰਤ ਵਿਚ ਹਥਿਆਰਬੰਦ ਸੈਨਾਵਾਂ ਵਿਚ ਸ਼ਾਮਲ ਹੋਣ ਵਾਲੀ ਆਪਣੇ ਪਰਿਵਾਰ ਦੀ ਪਹਿਲੀ ਮੈਂਬਰ ਬਣ ਗਈ। 18 ਦਸੰਬਰ, 2019 ਨੂੰ, ਉਸ ਨੂੰ ਹੈਲੀਕਾਪਟਰ ਪਾਇਲਟ ਵਜੋਂ 916 ਦੀ ਫਲਾਇੰਗ ਬ੍ਰਾਂਚ ਵਿਚ ਸਥਾਈ ਕਮਿਸ਼ਨ ਦਿਤਾ ਗਿਆ।
2,500 ਤੋਂ ਵੱਧ ਉਡਾਣ ਘੰਟਿਆਂ ਦੇ ਨਾਲ, ਸਿੰਘ ਨੇ ਭਾਰਤ ਦੇ ਕੁਝ ਸਭ ਤੋਂ ਚੁਣੌਤੀਪੂਰਨ ਇਲਾਕਿਆਂ ਵਿਚ ਚੇਤਕ ਤੇ ਚੀਤਾ ਵਰਗੇ ਹੈਲੀਕਾਪਟਰਾਂ ਦੀ ਪਾਇਲਟ ਕੀਤੀ ਹੈ। ਜੰਮੂ ਅਤੇ ਕਸ਼ਮੀਰ ਦੇ ਉੱਚ-ਉਚਾਈ ਵਾਲੇ ਖੇਤਰਾਂ ਤੋਂ ਲੈ ਕੇ ਉੱਤਰ-ਪੂਰਬ ਦੇ ਦੂਰ-ਦੁਰਾਡੇ ਇਲਾਕਿਆਂ ਤਕ। 2020 ਵਿਚ, ਉਸ ਨੇ ਅਰੁਣਾਚਲ ਪ੍ਰਦੇਸ਼ ਵਿਚ ਇਕ ਮਹੱਤਵਪੂਰਨ ਬਚਾਅ ਕਾਰਜ ਦੀ ਅਗਵਾਈ ਕੀਤੀ, ਨਾਗਰਿਕਾਂ ਨੂੰ ਕੱਢਣ ਲਈ ਬਹੁਤ ਹੀ ਮੁਸ਼ਕਲ ਹਾਲਾਤਾਂ ਵਿਚ ਉਡਾਣ ਭਰੀ। 2021 ਵਿਚ ਉਸ ਦੀ ਕਾਬਲੀਅਤ ਦੁਬਾਰਾ ਸਾਬਤ ਹੋਈ ਜਦੋਂ ਉਹ ਮਾਊਂਟ ਮਨੀਰੰਗ (21,650 ਫੁੱਟ) ਲਈ ਆਲ-ਮਹਿਲਾ ਟਰਾਈ-ਸਰਵਿਸਿਜ਼ ਪਰਬਤਾਰੋਹੀ ਮੁਹਿੰਮ ਵਿਚ ਸ਼ਾਮਲ ਹੋਈ।
ਪਹਿਲਗਾਮ ਵਿਚ 26 ਨਾਗਰਿਕਾਂ ਦੀ ਹੱਤਿਆ ਦਾ ਬਦਲਾ ਲੈਣ ਤੋਂ ਬਾਅਦ ਆਯੋਜਿਤ ਆਪਰੇਸ਼ਨ ਸਿੰਦੂਰ ਪ੍ਰੈਸ ਕਾਨਫਰੰਸ ’ਚ - ਸਿੰਘ ਨੇ ਨਾ ਸਿਰਫ਼ ਰਾਸ਼ਟਰ ਨੂੰ ਜਾਣਕਾਰੀ ਦਿਤੀ, ਸਗੋਂ ਭਾਰਤ ਦੀ ਫੌਜ ਦੇ ਸੰਚਾਰ ਦੇ ਤਰੀਕੇ ਅਤੇ ਇਸ ਦੀ ਨੁਮਾਇੰਦਗੀ ਕਰਨ ਵਾਲੇ ਲੋਕਾਂ ਵਿਚ ਤਬਦੀਲੀ ਨੂੰ ਦਰਸਾਇਆ। ਕਰਨਲ ਸੋਫੀਆ ਕੁਰੈਸ਼ੀ ਗੁਜਰਾਤ ਤੋਂ ਹੈ ਤੇ ਇਕ ਮਜ਼ਬੂਤ ਫੌਜੀ ਪਿਛੋਕੜ ਵਾਲੇ ਪਰਿਵਾਰ ਤੋਂ ਆਉਂਦੀ ਹੈ। ਉਹ ਭਾਰਤੀ ਫੌਜ ਦੇ ਸਿਗਨਲ ਕੋਰ ਦੀ ਇਕ ਅਧਿਕਾਰੀ ਹੈ। ਉਸ ਦੇ ਦਾਦਾ ਜੀ ਭਾਰਤੀ ਫੌਜ ਵਿਚ ਸੇਵਾ ਨਿਭਾਉਂਦੇ ਸਨ ਤੇ ਉਸ ਦੇ ਪਿਤਾ ਨੇ ਵੀ ਕੁਝ ਸਾਲ ਧਾਰਮਕ ਗੁਰੂ ਵਜੋਂ ਸੇਵਾ ਨਿਭਾਈ।
ਅਜਿਹੇ ਮਾਹੌਲ ਵਿਚ ਵੱਡੀ ਹੋਈ, ਉਹ ਛੋਟੀ ਉਮਰ ਤੋਂ ਹੀ ਫੌਜੀ ਜੀਵਨ ਤੋਂ ਚੰਗੀ ਤਰ੍ਹਾਂ ਜਾਣੂ ਸੀ। 1999 ਵਿਚ ਅਫਸਰ ਸਿਖਲਾਈ ਅਕੈਡਮੀ ਰਾਹੀਂ ਭਾਰਤੀ ਫੌਜ ਵਿਚ ਕਮਿਸ਼ਨ ਪ੍ਰਾਪਤ ਕਰਨ ਵਾਲੇ ਕਰਨਲ ਕੁਰੈਸ਼ੀ ਨੇ ਦੇਸ਼ ਭਰ ਵਿਚ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਈਆਂ ਹਨ, ਜਿਸ ਵਿਚ ਸਿਗਨਲ ਰੈਜੀਮੈਂਟ ਦੇ ਨਾਲ ਅੱਤਵਾਦ ਵਿਰੋਧੀ ਖੇਤਰਾਂ ਵਿਚ ਪੋਸਟਿੰਗ ਵੀ ਸ਼ਾਮਲ ਹੈ। ਹਥਿਆਰਬੰਦ ਸੈਨਾਵਾਂ ਵਿਚ ਸ਼ਾਮਲ ਹੋਣ ਦੇ ਉਸ ਦੇ ਫੈਸਲੇ ’ਤੇ ਉਸ ਦੇ ਪੜਦਾਦਾ ਅਤੇ ਹੋਰ ਰਿਸ਼ਤੇਦਾਰਾਂ ਦਾ ਪ੍ਰਭਾਵ ਸੀ ਜੋ ਫੌਜ ਵਿਚ ਵੀ ਸੇਵਾ ਨਿਭਾਉਂਦੇ ਸਨ, ਜਿਸ ਵਿਚ ਬ੍ਰਿਟਿਸ਼ ਫੌਜ ਵੀ ਸ਼ਾਮਲ ਸੀ।
2016 ਵਿੱਚ, ਕਰਨਲ ਕੁਰੈਸ਼ੀ ਨੇ ASEAN Plus ਬਹੁ-ਰਾਸ਼ਟਰੀ ਫੀਲਡ ਸਿਖਲਾਈ ਅਭਿਆਸ, FORCE 18 ਵਿਚ ਭਾਰਤੀ ਫੌਜ ਦੇ ਸਿਖਲਾਈ ਦਲ ਦੀ ਅਗਵਾਈ ਕਰਨ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣ ਕੇ ਇਤਿਹਾਸ ਰਚਿਆ। ਖਾਸ ਤੌਰ ’ਤੇ, ਉਹ ਸਾਰੇ ਭਾਗੀਦਾਰ ਦੇਸ਼ਾਂ ਵਿਚ ਇਕਲੌਤੀ ਮਹਿਲਾ ਦਲ ਕਮਾਂਡਰ ਵੀ ਸੀ।