
ਅਰਵਿੰਦ ਕੇਜਰੀਵਾਲ ਨੇ ਟਵਿੱਟਰ 'ਤੇ ਸਤੇਂਦਰ ਜੈਨ 'ਤੇ ਲੱਗੇ ਦੋਸ਼ਾਂ ਨੂੰ 'ਝੂਠ' ਕਰਾਰ ਦਿੱਤਾ ਹੈ।
ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਇਲਜ਼ਾਮ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਮ ਆਦਮੀ ਪਾਰਟੀ, ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਪੰਜਾਬ 'ਚ ਇਸ ਦੀਆਂ ਸਰਕਾਰਾਂ ਦੇ ਪਿੱਛੇ ਪਏ ਹੋਏ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸੋਮਵਾਰ ਨੂੰ ਕਿਹਾ ਕਿ ਮਨੀ ਲਾਂਡਰਿੰਗ ਦੀ ਜਾਂਚ ਦੌਰਾਨ ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਅਤੇ ਉਹਨਾਂ ਦੇ ਸਹਿਯੋਗੀਆਂ ਵਿਰੁੱਧ ਛਾਪੇਮਾਰੀ ਦੌਰਾਨ 2.85 ਕਰੋੜ ਰੁਪਏ ਦੀ ਨਕਦੀ ਅਤੇ 133 ਸੋਨੇ ਦੇ ਸਿੱਕੇ ਜ਼ਬਤ ਕੀਤੇ ਗਏ ਹਨ। ਅਰਵਿੰਦ ਕੇਜਰੀਵਾਲ ਨੇ ਟਵਿੱਟਰ 'ਤੇ ਸਤੇਂਦਰ ਜੈਨ 'ਤੇ ਲੱਗੇ ਦੋਸ਼ਾਂ ਨੂੰ 'ਝੂਠ' ਕਰਾਰ ਦਿੱਤਾ ਹੈ।
ਇਕ ਟਵੀਟ ਵਿਚ ਅਰਵਿੰਦ ਕੇਜਰੀਵਾਲ ਨੇ ਕਿਹਾ, “ਇਸ ਸਮੇਂ ਪ੍ਰਧਾਨ ਮੰਤਰੀ ਪੂਰੀ ਤਾਕਤ ਨਾਲ ਆਮ ਆਦਮੀ ਪਾਰਟੀ - ਖਾਸ ਕਰਕੇ ਦਿੱਲੀ ਅਤੇ ਪੰਜਾਬ ਦੀਆਂ ਸਰਕਾਰਾਂ ਦੇ ਪਿੱਛੇ ਪਏ ਹਨ। ਝੂਠ ’ਤੇ ਝੂਠ, ਝੂਠ ’ਤੇ ਝੂਠ। ਤੁਹਾਡੇ ਕੋਲ ਸਾਰੀਆਂ ਏਜੰਸੀਆਂ ਦੀ ਤਾਕਤ ਹੈ ਪਰ ਪਰਮਾਤਮਾ ਸਾਡੇ ਨਾਲ ਹੈ”।
ED seizes 2.85 cr cash, 133 gold coins after raids on Satyendar Jain and others
ਦਿੱਲੀ ਦੇ ਸਿਹਤ ਮੰਤਰੀ ਜੈਨ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੇ ਤਹਿਤ 30 ਮਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ 9 ਜੂਨ ਤੱਕ ਈਡੀ ਦੀ ਹਿਰਾਸਤ ਵਿਚ ਹਨ। ਈਡੀ ਨੇ ਸੋਮਵਾਰ ਨੂੰ ਦਿੱਲੀ ਅਤੇ ਆਸ-ਪਾਸ ਦੇ ਖੇਤਰਾਂ ਵਿਚ ਇਕ ਜਵੈਲਰ ਸਮੇਤ ਸੱਤ ਟਿਕਾਣਿਆਂ 'ਤੇ ਤਲਾਸ਼ੀ ਮੁਹਿੰਮ ਚਲਾਈ ਸੀ।
ਸੰਸਦ ਮੈਂਬਰ ਸੰਜੇ ਸਿੰਘ ਨੇ ਭਾਜਪਾ 'ਤੇ ਸਾਧਿਆ ਨਿਸ਼ਾਨਾ
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਈਡੀ ਦੀ ਕਾਰਵਾਈ 'ਤੇ ਸਵਾਲ ਖੜ੍ਹੇ ਕੀਤੇ ਹਨ। ਉਹਨਾਂ ਟਵੀਟ ਕਰਕੇ ਕਿਹਾ ਕਿ ਸਤੇਂਦਰ ਜੈਨ ਦੇ ਘਰੋਂ ਕੁਝ ਵੀ ਨਹੀਂ ਮਿਲਿਆ ਹੈ। ਸਤੇਂਦਰ ਨੂੰ ਫਸਾਉਣ ਲਈ ਕਿਸੇ ਵੀ ਵਿਅਕਤੀ ਨੂੰ ਉਸ ਦਾ ਕਰੀਬੀ ਦੱਸਿਆ ਜਾ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਜਦੋਂ ਜੈਨ ਦੇ ਘਰੋਂ ਕੁਝ ਨਹੀਂ ਮਿਲਿਆ ਤਾਂ ਭਾਜਪਾ ਉਹਨਾਂ 'ਤੇ ਕਿਸੇ ਵੀ ਤਰ੍ਹਾਂ ਦੇ ਦੋਸ਼ ਲਗਾ ਰਹੀ ਹੈ। ਸਤੇਂਦਰ ਦੇ ਘਰੋਂ 2 ਲੱਖ 79 ਹਜ਼ਾਰ ਰੁਪਏ ਮਿਲੇ ਹਨ। ਬਾਕੀ ਸਭ ਝੂਠ ਹੈ।