
ਪੰਜਾਬ ਤੇ ਮਹਾਰਾਸ਼ਟਰ ਬੈਂਕ ਫਰਾਡ ਮਾਮਲੇ ਤੋਂ ਬਾਅਦ ਗੁਰਦੁਆਰਿਆਂ ਦੇ 100 ਕਰੋੜ ਤੋਂ ਵੱਧ ਪੈਸੇ ਫਸ ਗਏ ਹਨ।
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਐਂਡ ਮਹਾਰਾਸ਼ਟਰ ਕੋ-ਆਪ੍ਰੇਟਿਵ ਬੈਂਕ (ਪੀ.ਐਮ.ਸੀ.) 'ਚ ਹੋਏ ਘੁਟਾਲੇ ਦੇ ਮਾਮਲੇ 'ਚ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਇਹ ਸਹਿਕਾਰੀ ਬੈਂਕ ਹੈ ਪਰ ਇਸ ਨੂੰ ਆਰ.ਬੀ.ਆਈ. ਸੰਚਾਲਤ ਕਰਦਾ ਹੈ। ਇਸ ਦੇ ਸਾਰੇ ਮਾਮਲੇ ਰਿਜ਼ਰਵ ਬੈਂਕ ਵਲੋਂ ਸੰਚਾਲਤ ਹੁੰਦੇ ਹਨ ਅਤੇ ਇਸ ਦੀ ਜ਼ਿੰਮੇਵਾਰੀ ਵੀ ਆਰ.ਬੀ.ਆਈ. ਦੀ ਹੈ।
PMC Bank
ਸਿਰਸਾ ਨੇ ਕਿਹਾ ਕਿ ਬੈਂਕ ਦੇ ਗਾਹਕਾਂ ਨੇ ਆਪਣੇ ਪੈਸੇ ਰਾਹ ਚਲਦੇ ਕਿਸੇ ਵਿਅਕਤੀ ਨੂੰ ਨਹੀਂ ਦਿੱਤੇ ਹਨ, ਸਗੋਂ ਇਹ ਪੈਸਾ ਸਰਕਾਰ ਨੂੰ ਦਿੱਤਾ ਗਿਆ ਹੈ। ਬੈਂਕ 'ਚ ਧੋਖਾਧੜੀ ਲਈ ਆਰ.ਬੀ.ਆਈ. ਜ਼ਿੰਮੇਵਾਰ ਹੈ। ਉਨ੍ਹਾਂ ਨੇ ਆਰ.ਬੀ.ਆਈ. ਤੋਂ ਮੰਗ ਕਰਦਿਆਂ ਕਿਹਾ ਕਿ ਬੈਂਕ ਗਾਹਕਾਂ ਨੂੰ ਪੈਸੇ ਵਾਪਸ ਕਰੇ। ਉਨ੍ਹਾਂ ਕਿਹਾ ਕਿ ਪੀ.ਐਮ.ਸੀ. ਬਹੁਤ ਵੱਡਾ ਬੈਂਕਿੰਗ ਘਪਲਾ ਹੈ। ਪੀ.ਐਮ.ਸੀ. ਨੇ ਆਪਣੇ ਖਾਤਾਧਾਰਕਾਂ ਦੇ ਕਰੋੜਾਂ ਰੁਪਏ ਆਪਣੀ ਮੌਜ-ਮਸਤੀ ਲਈ ਉਡਾਇਆ ਹੈ।
Manjinder Singh Sirsa
ਪੰਜਾਬ ਤੇ ਮਹਾਰਾਸ਼ਟਰ ਬੈਂਕ ਫਰਾਡ ਮਾਮਲੇ ਤੋਂ ਬਾਅਦ ਗੁਰਦੁਆਰਿਆਂ ਦੇ 100 ਕਰੋੜ ਤੋਂ ਵੱਧ ਪੈਸੇ ਫਸ ਗਏ ਹਨ। ਇਸ ਤੋਂ ਇਲਾਵਾ ਬੈਂਕ ਵਿਚ 1984 ਕਤਲੇਆਮ ਪੀੜਤਾਂ ਦਾ ਵੀ ਪੈਸਾ ਫਸਿਆ ਹੋਇਆ ਹੈ। ਸਿਰਸਾ ਦੀ ਅਗਵਾਈ ਵਿਚ ਵੱਡੀ ਗਿਣਤੀ ਲੋਕਾਂ ਨੇ ਮੋਦੀ ਸਰਕਾਰ ਅੱਗੇ ਦੁਹਾਈ ਪਾਈ ਹੈ।
PMC Bank
ਜ਼ਿਕਰਯੋਗ ਹੈ ਕਿ ਪੰਜਾਬ ਅਤੇ ਮਹਾਰਾਸ਼ਟਰ ਕੋ-ਆਪਰੇਟਿਵ (ਪੀ.ਐਮ.ਸੀ.) ਬੈਂਕ ਦੇ ਚੇਅਰਮੈਨ ਐਸ. ਵਰਯਾਮ ਸਿੰਘ ਨੂੰ ਮੁੰਬਈ ਦੀ ਆਰਥਕ ਅਪਰਾਧ ਬਰਾਂਚ ਨੇ ਸਨਿਚਰਵਾਰ ਨੂੰ ਹਿਰਾਸਤ 'ਚ ਲਿਆ। ਬੈਂਕ 'ਚ 4.355 ਕਰੋੜ ਰੁਪਏ ਦੀ ਕਥਿਤ ਘਪਲੇ ਦੇ ਸਿਲਸਿਲੇ 'ਚ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਾਮਲੇ 'ਚ ਇਹ ਚੌਥੀ ਗ੍ਰਿਫ਼ਤਾਰੀ ਹੈ। ਪੀ.ਐਮ.ਸੀ. ਬੈਂਕ 'ਚ ਦੋ ਹਫ਼ਤੇ ਪਹਿਲਾਂ ਘਪਲਾ ਸਾਹਮਣੇ ਆਉਣ ਦੇ ਬਾਅਦ ਤੋਂ ਹੀ ਵਰਯਾਮ ਸਿੰਘ ਲਾਪਤਾ ਸੀ।