
ਹੁਣ 10 ਹਜ਼ਾਰ ਰੁਪਏ ਕਢਵਾ ਸਕਣਗੇ ਗਾਹਕ
ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਪੰਜਾਬ ਐਂਡ ਮਹਾਰਾਸ਼ਟਰ ਕੋਆਪ੍ਰੇਟਿਵ ਬੈਂਕ (ਪੀ.ਐਮ.ਸੀ.) ਦੇ ਗਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਆਰ.ਬੀ.ਆਈ. ਨੇ ਪੀ.ਐਮ.ਸੀ. ਬੈਂਕ ਤੋਂ ਰਕਮ ਕਢਵਾਉਣ ਦੀ ਸੀਮਾ ਵਧਾ ਦਿੱਤੀ ਹੈ। ਆਰਬੀਆਈ ਨੇ ਪੀ.ਐਮ.ਸੀ. ਬੈਂਕ ਤੋਂ ਪੈਸੇ ਕਢਵਾਉਣ ਦੀ ਲਿਮਿਟ 1000 ਰੁਪਏ ਤੋਂ ਵਧਾ ਕੇ 10 ਹਜ਼ਾਰ ਰੁਪਏ ਕਰ ਦਿੱਤੀ ਹੈ। ਪੀ.ਐਮ.ਸੀ. ਬੈਂਕ ਦੇ ਗਾਹਕ ਹੁਣ ਆਪਣੇ ਖਾਤੇ ਤੋਂ 6 ਮਹੀਨੇ 'ਚ 10 ਹਜ਼ਾਰ ਰੁਪਏ ਕਢਵਾ ਸਕਣਗੇ।
PMC Bank
ਜ਼ਿਕਰਯੋਗ ਹੈ ਕਿ ਰਿਜ਼ਰਵ ਬੈਂਕ ਨੇ ਮੰਗਲਵਾਰ ਨੂੰ ਪੀ.ਐਮ.ਸੀ. ਬੈਂਕ 'ਤੇ 6 ਮਹੀਨੇ ਲਈ ਲੈਣ-ਦੇਣ 'ਤੇ ਰੋਕ ਲਗਾ ਦਿੱਤੀ ਸੀ। ਉਥੇ ਹੀ ਪੀ.ਐਮ.ਸੀ. ਬੈਂਕ ਦੇ ਖਾਤਾਧਾਰਕਾਂ ਦੀ ਨਿਕਾਸੀ ਲਿਮਿਟ 1000 ਰੁਪਏ ਤੈਅ ਕੀਤੀ ਸੀ ਪਰ ਵੀਰਵਾਰ ਨੂੰ ਆਰ.ਬੀ.ਆਈ. ਨੇ ਗਾਹਕਾਂ ਨੂੰ ਰਾਹਤ ਦਿੰਦਿਆਂ ਨਿਕਾਸੀ ਰਕਮ ਵਧਾ ਦਿੱਤੀ। ਹਾਲਾਂਕਿ ਆਰ.ਬੀ.ਆਈ. ਨੇ ਇਸ ਦੌਰਾਨ ਬੈਂਕ ਵੱਲੋਂ ਨਵਾਂ ਕਰਜ਼ਾ ਦੇਣ 'ਤੇ ਵੀ ਰੋਕ ਲਗਾ ਦਿੱਤੀ ਹੈ।
RBI
ਪੀ.ਐਮ.ਸੀ. ਬੈਂਕ ਦੇ 60% ਖਾਤਿਆਂ 'ਚ 10 ਹਜ਼ਾਰ ਰੁਪਏ ਤੋਂ ਘੱਟ ਪੈਸੇ ਹਨ। ਮਤਲਬ ਖਾਤਾਧਾਰਕ ਪੂਰਾ ਪੈਸਾ ਕਢਵਾ ਸਕਦੇ ਹਨ। ਜੇ ਕਿਸੇ ਨੇ ਪਹਿਲਾਂ ਹੀ 1000 ਰੁਪਏ ਕਢਵਾ ਲਏ ਹਨ ਤਾਂ 9000 ਰੁਪਏ ਹੋਰ ਕਢਵਾ ਸਕਣਗੇ। ਜਿਨ੍ਹਾਂ ਲੋਕਾਂ ਨੇ ਪੀ.ਐਮ.ਸੀ. ਬੈਂਕ ਤੋਂ ਲੋਨ ਲਿਆ ਹੋਇਆ ਹੈ ਜਾਂ ਕਿਸੇ ਦੇ ਕਰਜ਼ ਦੀ ਗਰੰਟੀ ਦਿੱਤੀ ਹੋਈ ਹੈ ਤਾਂ ਉਨ੍ਹਾਂ ਨੂੰ ਪੈਸਾ ਕਢਵਾਉਣ ਦੀ ਕੋਈ ਮਨਜੂਰੀ ਨਹੀਂ ਹੋਵੇਗੀ।
RBI clamps down on PMC Bank
ਜ਼ਿਕਰਯੋਗ ਹੈ ਕਿ ਇਸ ਸਹਿਕਾਰੀ ਬੈਂਕ ਵਿਚ ਕੁਝ ਖਾਸ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਮਿਲੀਆਂ ਸਨ, ਜਿਸ ਦੇ ਚਲਦਿਆਂ ਆਰਬੀਆਈ ਨੇ ਇਹ ਪਾਬੰਦੀਆਂ ਲਗਾਈਆਂ ਹਨ। ਆਰਬੀਆਈ ਦੇ ਇਸ ਨਿਰਦੇਸ਼ 'ਤੇ ਪੀਐਮਸੀ ਬੈਂਕ ਦੇ ਐਮਡੀ ਜਾਏ ਥਾਮਸ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਆਰਬੀਆਈ ਵੱਲੋਂ ਪਾਬੰਦੀਆਂ ਲਗਾਏ ਜਾਣ ਦਾ ਦੁੱਖ ਹੈ। ਆਰਬੀਆਈ ਵਲੋਂ ਜੋ ਬੇਨਿਯਮੀਆਂ ਦਾ ਸਵਾਲ ਚੁੱਕਿਆ ਗਿਆ ਹੈ, ਥਾਮਸ ਨੇ ਉਸ ਨੂੰ ਸਵੀਕਾਰ ਕੀਤਾ ਅਤੇ ਗਾਹਕਾਂ ਨੂੰ ਭਰੋਸਾ ਦਿਵਾਇਆ ਕਿ ਬੇਨਿਯਮੀਆਂ ਨੂੰ ਛੇ ਮਹੀਨਿਆਂ ਦੇ ਅੰਦਰ ਦੂਰ ਕਰ ਲਿਆ ਜਾਵੇਗਾ।