
ਭਾਜਪਾ ਨੇ ਕੈਬਨਿਟ ਤੋਂ ਬਰਖਾਸਤ ਕਰਨ ਦੀ ਕੀਤੀ ਮੰਗ
ਨਵੀਂ ਦਿੱਲੀ: ਦਿੱਲੀ ਸਰਕਾਰ ਦੇ ਮੰਤਰੀ ਰਾਜੇਂਦਰ ਪਾਲ ਗੌਤਮ ਦੇ ਇਕ 'ਧਰਮ ਪਰਿਵਰਤਨ ਪ੍ਰੋਗਰਾਮ' ਵਿਚ ਸ਼ਾਮਲ ਹੋਣ ਦਾ ਇਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ ਵਿਚ ਸਿਆਸੀ ਵਿਵਾਦ ਪੈਦਾ ਹੋ ਗਿਆ। ਇਸ ਵੀਡੀਓ ਵਿਚ ਸਮਾਗਮ ਵਿਚ ਸ਼ਾਮਲ ਹੋਣ ਵਾਲੇ ਹਜ਼ਾਰਾਂ ਲੋਕ ਕਥਿਤ ਤੌਰ 'ਤੇ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਨ ਅਤੇ ਹਿੰਦੂ ਦੇਵੀ-ਦੇਵਤਿਆਂ ਦੀ ਪੂਜਾ ਬੰਦ ਕਰਨ ਦੀ ਸਹੁੰ ਚੁੱਕਦੇ ਹੋਏ ਦਿਖਾਈ ਦੇ ਰਹੇ ਹਨ।
ਭਾਰਤੀ ਜਨਤਾ ਪਾਰਟੀ ਨੇ ਇਸ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ ਹੈ ਅਤੇ ਉਹਨਾਂ ਤੋਂ ਗੌਤਮ ਨੂੰ ਕੈਬਨਿਟ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਇਸ ਘਟਨਾ ਨੂੰ ਲੈ ਕੇ ਗੌਤਮ ਤੋਂ "ਬਹੁਤ ਨਾਖੁਸ਼" ਹਨ। ਹਾਲਾਂਕਿ ਨਾ ਤਾਂ ਕੇਜਰੀਵਾਲ ਅਤੇ ਨਾ ਹੀ ਉਹਨਾਂ ਦੀ ਸਰਕਾਰ ਦੇ ਸਮਾਜ ਕਲਿਆਣ ਮੰਤਰੀ ਗੌਤਮ ਵੱਲੋਂ ਕੋਈ ਪ੍ਰਤੀਕਿਰਿਆ ਆਈ ਹੈ।
ਭਾਜਪਾ ਦੇ ਰਾਸ਼ਟਰੀ ਬੁਲਾਰੇ ਗੌਰਵ ਭਾਟੀਆ ਨੇ ਪ੍ਰੈੱਸ ਕਾਨਫਰੰਸ 'ਚ 'ਆਪ' 'ਤੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਹੈ। ਉਹਨਾਂ ਕਿਹਾ ਕਿ ਗੌਤਮ ਦੀਆਂ ਟਿੱਪਣੀਆਂ ਉਸ ਨਫ਼ਰਤ ਨੂੰ ਦਰਸਾਉਂਦੀਆਂ ਹਨ ਜੋ ਪਾਰਟੀ ਦੇ ਮਨ ਵਿਚ ਭਾਈਚਾਰੇ ਪ੍ਰਤੀ ਹੈ। ਭਾਟੀਆ ਨੇ ਦਾਅਵਾ ਕੀਤਾ ਕਿ ਗੌਤਮ ਨੇ ਇਹ ਕਥਿਤ ਟਿੱਪਣੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ 'ਤੇ ਕੀਤੀ ਸੀ। ਉਹਨਾਂ ਕਿਹਾ ਕਿ ਇਹ ਟਿੱਪਣੀਆਂ ਆਉਣ ਵਾਲੀਆਂ ਚੋਣਾਂ ਵਿਚ ‘ਵੋਟ ਬੈਂਕ’ ਦੀ ਰਾਜਨੀਤੀ ਦੇ ਮੱਦੇਨਜ਼ਰ ਕੀਤੀਆਂ ਗਈਆਂ ਹਨ। ਕਥਿਤ ਤੌਰ 'ਤੇ ਲਗਭਗ 10 ਹਜ਼ਾਰ ਲੋਕਾਂ ਨੇ ਧਰਮ ਪਰਿਵਰਤਨ ਪ੍ਰੋਗਰਾਮ ਦੌਰਾਨ ਬੁੱਧ ਧਰਮ ਅਪਣਾਉਣ, ਭਗਵਾਨ ਬੁੱਧ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਨ ਅਤੇ ਹਿੰਦੂ ਦੇਵੀ-ਦੇਵਤਿਆਂ ਦੀ ਪੂਜਾ ਛੱਡਣ ਦਾ ਪ੍ਰਣ ਲਿਆ ਹੈ। 5 ਅਕਤੂਬਰ ਨੂੰ ਗੌਤਮ ਨੇ ਖੁਦ ਈਵੈਂਟ ਦੀਆਂ ਤਸਵੀਰਾਂ ਟਵਿਟਰ 'ਤੇ ਸ਼ੇਅਰ ਕੀਤੀਆਂ ਸਨ।
ਇਸ ਦੌਰਾਨ ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਇਕ ਪ੍ਰੈਸ ਕਾਨਫਰੰਸ ਵਿੱਚ ਦੋਸ਼ ਲਾਇਆ ਕਿ ਗੌਤਮ ਨੇ ਦੁਸਹਿਰੇ ਦੇ ਮੌਕੇ 'ਤੇ ਕਰੋਲਬਾਗ ਵਿਚ ਆਯੋਜਿਤ ਇੱਕ ਸਮਾਗਮ ਵਿਚ ਹਜ਼ਾਰਾਂ ਲੋਕਾਂ ਦੀ ਮੌਜੂਦਗੀ ਵਿਚ ਹਿੰਦੂ ਦੇਵੀ-ਦੇਵਤਿਆਂ ਦਾ "ਅਨਾਦਰ" ਕੀਤਾ।ਗੁਪਤਾ ਨੇ ਇਸ ਸਬੰਧ ਵਿਚ ਪੁਲਿਸ ਸ਼ਿਕਾਇਤ ਦਰਜ ਕਰਵਾਉਣ ਲਈ ਭਾਜਪਾ ਦੇ ਵਫ਼ਦ ਦੀ ਅਗਵਾਈ ਵੀ ਕੀਤੀ। ਇਸ ਦੇ ਨਾਲ ਹੀ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾਰੀ ਨੇ ਵੀ ਗੌਤਮ ਨੂੰ ਮੰਤਰੀ ਅਹੁਦੇ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ ਹੈ।