
ਇਹ ਆਪਰੇਸ਼ਨ ਫੋਰਟਿਸ ਹਸਪਤਾਲ, ਵਸੰਤ ਕੁੰਜ ਵਿਖੇ ਕੀਤਾ ਗਿਆ।
ਨਵੀਂ ਦਿੱਲੀ - ਸ਼ਹਿਰ ਦੇ ਇੱਕ ਹਸਪਤਾਲ ਦੇ ਡਾਕਟਰਾਂ ਨੇ 40 ਸਾਲਾ ਇਰਾਕੀ ਨਾਗਰਿਕ ਦਾ ‘ਕਰਾਸ-ਲੇਗ ਫ਼ਲੈਪ ਸਰਜਰੀ’ ਰਾਹੀਂ ਇਲਾਜ ਕੀਤਾ। ਖ਼ਾਸ ਗੱਲ ਇਹ ਹੈ ਕਿ ਡਾਕਟਰਾਂ ਦੁਆਰਾ ਵਰਤੀ ਗਈ ਤਕਨੀਕ ਇੱਕ ਸਦੀ ਤੋਂ ਵੀ ਪੁਰਾਣੀ ਹੈ। ਇਸ ਪ੍ਰਕਿਰਿਆ ਦੇ ਤਹਿਤ, ਸਰੀਰ ਦੇ ਪ੍ਰਭਾਵਿਤ ਹਿੱਸੇ 'ਤੇ ਕਿਸੇ ਹੋਰ ਹਿੱਸੇ ਦੀ ਚਮੜੀ ਰੱਖੀ ਜਾਂਦੀ ਹੈ, ਜਿਸ ਨਾਲ ਪ੍ਰਭਾਵਿਤ ਹਿੱਸੇ 'ਤੇ ਨਵੀਂ ਚਮੜੀ ਬਣ ਜਾਂਦੀ ਹੈ, ਅਤੇ ਬਾਅਦ ਵਿੱਚ ਉਨ੍ਹਾਂ ਨੂੰ ਆਪਣੀ ਪੁਰਾਣੀ ਸਥਿਤੀ ਵਿਚ ਬਹਾਲ ਕਰ ਦਿੱਤਾ ਜਾਂਦਾ ਹੈ। ਇਸ ਦੌਰਾਨ ਖੂਨ ਦੀ ਸਪਲਾਈ ਬਰਕਰਾਰ ਰੱਖੀ ਜਾਂਦੀ ਹੈ।
ਇਹ ਆਪਰੇਸ਼ਨ ਫੋਰਟਿਸ ਹਸਪਤਾਲ, ਵਸੰਤ ਕੁੰਜ ਵਿਖੇ ਕੀਤਾ ਗਿਆ। ਹਸਪਤਾਲ ਨੇ ਕਿਹਾ ਕਿ ਡਾਕਟਰਾਂ ਨੇ ਇਲਾਜ ਦਾ ਇਹ ਪੁਰਾਣਾ ਤਰੀਕਾ ਅਪਣਾਉਣ ਦਾ ਫ਼ੈਸਲਾ ਕੀਤਾ, ਕਿਉਂਕਿ ਮਰੀਜ਼ ਦੇ ਅਸਥਿਰ ਹਾਲਾਤਾਂ ਨੂੰ ਦੇਖਦੇ ਹੋਏ ਨਵੀਆਂ ਅਤੇ ਵਧੇਰੇ ਆਧੁਨਿਕ ਪ੍ਰਕਿਰਿਆਵਾਂ ਅਪਨਾਉਣ ਦੀ ਗੁੰਜਾਇਸ਼ ਨਹੀਂ ਸੀ। 'ਕਰਾਸ-ਲੇਗ ਫ਼ਲੈਪ ਸਰਜਰੀ' ਤਕਨੀਕ ਦਾ ਸਭ ਤੋਂ ਪਹਿਲਾ ਵਰਨਣ 1854 ਦੇ ਮੈਡੀਕਲ ਸਾਹਿਤ ਵਿੱਚ ਮਿਲਦਾ ਹੈ।
ਹਸਪਤਾਲ ਨੇ ਦੱਸਿਆ ਕਿ ਸੜਕ ਹਾਦਸੇ 'ਚ ਜ਼ਖਮੀ ਹੋਏ ਪੀੜਤ ਦੀਆਂ ਇਰਾਕ 'ਚ ਅੱਠ ਮਹੀਨਿਆਂ ਦੌਰਾਨ ਤਿੰਨ ਨਾਕਾਮ ਸਰਜਰੀਆਂ ਹੋ ਚੁੱਕੀਆਂ ਸਨ। ਦੱਸਿਆ ਗਿਆ ਕਿ ਜਦੋਂ ਮਰੀਜ਼ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੇ ਖੱਬੇ ਗੋਡੇ ਦਾ ਜੋੜ ਆਪਣੀ ਥਾਂ ਤੋਂ ਹਿੱਲ ਗਿਆ ਸੀ, ਅਤੇ ਗੰਭੀਰ ਸੰਕ੍ਰਮਣ ਕਾਰਨ ਉਸ ਦੀ ਲੱਤ ਵਿੱਚੋਂ ਪਸ ਵੀ ਨਿੱਕਲ ਰਹੀ ਸੀ। ਜਾਂਚ ਦੌਰਾਨ ਪਤਾ ਲੱਗਿਆ ਕਿ ਮਰੀਜ਼ ਦੇ ਪ੍ਰਭਾਵਿਤ ਪੈਰ 'ਚ ਕਈ ਸੱਟਾਂ ਵੱਜੀਆਂ ਹੋਣ ਕਰਕੇ ਕੋਈ ਵੀ ਖੂਨ ਵਾਲੀਆਂ ਨਸਾਂ ਸਲਾਮਤ ਨਹੀਂ ਸਨ, ਅਤੇ ਵਰਤਮਾਨ ਸਮੇਂ 'ਚ ਵਰਤੀਆਂ ਜਾਂਦੀਆਂ ਸਰਜਰੀ ਤਕਨੀਕਾਂ ਲਈ ਇਹ ਜ਼ਰੂਰੀ ਹੁੰਦੀਆਂ ਹਨ। ਸਾਰੀ ਜਾਂਚ ਕਰਨ ਉਪਰੰਤ ਡਾਕਟਰਾਂ ਨੇ 'ਕਰਾਸ ਲੈੱਗ ਫ਼ਲੈਪ ਸਰਜਰੀ' ਕਰਨ ਦਾ ਫੈਸਲਾ ਕੀਤਾ।
ਫ਼ੋਰਟਿਸ ਵਸੰਤ ਕੁੰਜ ਦੇ ਆਰਥੋਪੈਡਿਕਸ ਅਤੇ ਜੁਆਇੰਟ ਰਿਪਲੇਸਮੈਂਟ ਸਰਜਰੀ ਦੇ ਡਾਇਰੈਕਟਰ ਡਾ. ਧਨੰਜੈ ਗੁਪਤਾ ਨੇ ਕਿਹਾ, “ਬਹੁਤ ਵਿਚਾਰ-ਵਟਾਂਦਰੇ ਤੋਂ ਬਾਅਦ, ਅਸੀਂ ਇੱਕ ਗੁੰਝਲਦਾਰ ਅਤੇ ਬਹੁ-ਪੜਾਵੀ ਪ੍ਰਕਿਰਿਆ ਚੁਣਨ ਦਾ ਫ਼ੈਸਲਾ ਕੀਤਾ। ਹਾਲਾਂਕਿ ਇਲਾਜ ਦੀ ਪ੍ਰਕਿਰਿਆ ਪੰਜ ਹਫ਼ਤਿਆਂ ਤੱਕ ਚੱਲੀ, ਪਰ ਨਤੀਜਾ ਤਸੱਲੀਬਖਸ਼ ਹੈ।" ਡਾ. ਗੁਪਤਾ ਨੇ ਦੱਸਿਆ ਕਿ ਮਰੀਜ਼ ਨੂੰ ਤੁਰਨਾ ਸ਼ੁਰੂ ਕਰਨ ਲਈ ਕਿਹਾ ਗਿਆ ਹੈ, ਅਤੇ ਫ਼ਿਲਹਾਲ ਉਸ ਦੀ ਫਿਜ਼ੀਓਥੈਰੇਪੀ ਚੱਲ ਰਹੀ ਹੈ। ਉਨ੍ਹਾਂ ਉਮੀਦ ਜਤਾਈ ਕਿ ਤਿੰਨ ਮਹੀਨਿਆਂ ਵਿੱਚ ਉਹ ਆਪਣੇ ਪੈਰ 'ਤੇ ਪੂਰਾ ਭਾਰ ਦੇ ਸਕੇਗਾ।