
ਨੌਜਵਾਨ ਦੇ ਲੱਗੀਆਂ 4-5 ਗੋਲੀਆਂ, ਗੰਭੀਰ ਜ਼ਖਮੀ
ਗੁਰੂਗ੍ਰਾਮ : ਨਸ਼ੇੜੀਆਂ ਦੇ ਹਮਲੇ ਇਸ ਕਦਰ ਵੱਧ ਗਏ ਹਨ ਕਿ ਰਾਹ ਜਾਂਦੇ ਲੋਕਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਰਹੇ ਹਨ। ਤਾਜ਼ਾ ਮਾਮਲਾ ਹਰਿਆਣਾ ਦੇ ਗੁਰੂਗ੍ਰਾਮ ਤੋਂ ਸਾਹਮਣੇ ਆਇਆ ਹੈ ਜਿਥੇ ਸ਼ਰਾਬ ਤਸਕਰਾਂ ਨੇ ਗੁੰਡਾਗਰਦੀ ਦਿਖਾਉਂਦਿਆਂ ਇੱਕ ਨੌਜਵਾਨ 'ਤੇ ਤਾਬੜਤੋੜ ਗੋਲੀਆਂ ਚਲਾ ਦਿਤੀਆਂ।
ਮਿਲੀ ਜਾਣਕਾਰੀ ਅਨੁਸਾਰ ਗੁਰੂਗ੍ਰਾਮ ਦੇ ਅਰਜੁਨ ਨਗਰ ਦੀ ਗਲੀ-5 ਵਿੱਚ 34 ਸਾਲਾ ਨਿਤਿਨ ਉਰਫ਼ ਮੁਰਲੀ ਪੰਜਾਬੀ ਰਾਤ ਕਰੀਬ ਸਾਢੇ 9 ਵਜੇ ਖਾਣਾ ਖਾਣ ਤੋਂ ਬਾਅਦ ਗਲੀ ਵਿੱਚ ਸੈਰ ਕਰਨ ਲਈ ਨਿਕਲਿਆ ਸੀ। ਇੰਨੇ ਨੂੰ 2 ਸਕੂਟੀ 'ਤੇ ਆਏ ਬਦਮਾਸ਼ਾਂ ਨੇ ਮੁਰਲੀ ਪੰਜਾਬੀ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀ ਜਿਸ 'ਤੇ ਉਹ ਆਪਣੇ ਘਰ ਵੱਲ ਭੱਜਿਆ ਪਰ ਘਰ ਦੇ ਦਰਵਾਜ਼ੇ ਵਿੱਚ ਡਿੱਗ ਪਿਆ।
ਏਸੀਪੀ ਵੈਸਟ ਮਨੋਜ ਕੁਮਾਰ ਅਨੁਸਾਰ ਨਿਤਿਨ ਉਰਫ਼ ਮੁਰਲੀ ਪੰਜਾਬੀ ਨੂੰ 4 ਤੋਂ 5 ਗੋਲੀਆਂ ਲੱਗੀਆਂ ਹਨ, ਜਿਸ ਤੋਂ ਬਾਅਦ ਉਸ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਫਿਲਹਾਲ ਪੁਲਿਸ ਨੇ ਮੌਕੇ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।