
ਭਾਜਪਾ ਦੇ 15 ਸਾਲ ਦੇ ਰਾਜ ਨੂੰ ਕੀਤਾ ਢਹਿ-ਢੇਰੀ
ਨਵੀਂ ਦਿੱਲੀ - ਦਿੱਲੀ ਨਗਰ ਨਿਗਮ ਦੇ 250 ਵਾਰਡਾਂ ਲਈ ਵੋਟਾਂ ਦੀ ਗਿਣਤੀ ਅੱਜ ਹੋਈ। ਆਮ ਆਦਮੀ ਪਾਰਟੀ ਦੇ 134 ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ। ਭਾਰਤੀ ਜਨਤਾ ਪਾਰਟੀ ਨੇ 104 ਸੀਟਾਂ ਜਿੱਤੀਆਂ ਹਨ ਜਦਕਿ ਕਾਂਗਰਸ ਨੇ ਨੌਂ ਸੀਟਾਂ ਜਿੱਤੀਆਂ। ਇਸ ਦੇ ਨਾਲ ਹੀ ਤਿੰਨ ਸੀਟਾਂ 'ਤੇ ਆਜ਼ਾਦ ਉਮੀਦਵਾਰਾਂ ਨੇ ਕਬਜ਼ਾ ਕੀਤਾ ਹੈ।
ਇਸ ਤੋਂ ਪਹਿਲਾਂ, ਐਗਜ਼ਿਟ ਪੋਲਾਂ ਨੇ ਭਾਜਪਾ ਦੀ ਕਰਾਰੀ ਹਾਰ ਦੀ ਭਵਿੱਖਬਾਣੀ ਕੀਤੀ ਸੀ, ਪਰ ਪਾਰਟੀ ਨੇ 104 ਸੀਟਾਂ ਜਿੱਤ ਕੇ ਜ਼ਬਰਦਸਤ ਟੱਕਰ ਦਿੱਤੀ। ਕਾਂਗਰਸ ਨੂੰ ਸਿਰਫ਼ ਨੌਂ ਸੀਟਾਂ 'ਤੇ ਜਿੱਤ ਮਿਲੀ, ਜਦਕਿ ਆਜ਼ਾਦ ਉਮੀਦਵਾਰਾਂ ਨੇ ਤਿੰਨ ਵਾਰਡਾਂ 'ਤੇ ਜਿੱਤ ਹਾਸਲ ਕੀਤੀ। ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਕਈ ਨੇਤਾਵਾਂ ਨੇ ਲੋਕਾਂ ਦਾ ਧੰਨਵਾਦ ਕੀਤਾ।
ਇੱਥੇ ਪਾਰਟੀ ਦਫ਼ਤਰ ਵਿਚ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਉਹ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ ਅਤੇ ਦਿੱਲੀ ਨੂੰ ਬਿਹਤਰ ਬਣਾਉਣ ਲਈ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ "ਸਾਨੂੰ ਦਿੱਲੀ ਦੇ ਹਾਲਾਤ ਸੁਧਾਰਨੇ ਹਨ ਅਤੇ ਇਸ ਲਈ ਭਾਜਪਾ, ਕਾਂਗਰਸ ਅਤੇ ਕੇਂਦਰ ਅਤੇ ਪ੍ਰਧਾਨ ਮੰਤਰੀ ਦੇ ਆਸ਼ੀਰਵਾਦ ਦੀ ਵੀ ਲੋੜ ਹੈ।"
ਮਨੀਸ਼ ਸਿਸੋਸਦੀਆ ਨੇ ਕੀਤਾ ਟਵੀਟ
''ਇਮਾਨਦਾਰੀ ਨੇ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਨੂੰ ਹਰਾ ਦਿੱਤਾ ਹੈ ਜੋ MCD ਵਿਚ 15 ਸਾਲਾਂ ਤੋਂ ਰਾਜ ਕਰ ਰਹੀ ਸੀ। ਦਿੱਲੀ ਵਾਸੀਆਂ ਨੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਸਾਨੂੰ ਦਿੱਲੀ ਨੂੰ ਸਾਫ਼ ਸੁਥਰਾ ਤੇ ਸੁੰਦਰ ਬਣਾਉਣ ਦੀ ਜ਼ਿੰਮੇਵਾਰੀ ਦਿੱਤੀ ਹੈ''
ਹਰਭਜਨ ਸਿੰਘ ਨੇ ਦਿੱਤੀ ਵਧਾਈ
ਦਿੱਲੀ ਐੱਮਸੀਡੀ ਚੋਣਾਂ 'ਚ 'ਆਪ' ਦੀ ਜਿੱਤ 'ਤੇ ਸਾਬਕਾ ਕ੍ਰਿਕਟਰ ਅਤੇ 'ਆਪ' ਸੰਸਦ ਮੈਂਬਰ ਹਰਭਜਨ ਸਿੰਘ ਨੇ ਕਿਹਾ ਕਿ ਇਹ ਵੱਡੀ ਜਿੱਤ ਹੈ। ਇਸ ਨੂੰ ਪ੍ਰਾਪਤ ਕਰਨਾ ਇੱਕ ਔਖਾ ਕੰਮ ਸੀ। ਮੈਂ ਕੇਜਰੀਵਾਲ ਜੀ ਸਮੇਤ ਸਾਰਿਆਂ ਨੂੰ ਵਧਾਈ ਦਿੰਦਾ ਹਾਂ।