2020 'ਚ 857 ਮਾਮਲਿਆਂ ਨਾਲ ਅੰਕੜਾ ਰਿਹਾ ਸਭ ਤੋਂ ਵੱਡਾ
ਨਵੀਂ ਦਿੱਲੀ - ਕੇਂਦਰੀ ਗ੍ਰਹਿ ਰਾਜ ਮੰਤਰੀ ਨਿੱਤਿਆਨੰਦ ਰਾਏ ਨੇ ਬੁੱਧਵਾਰ ਨੂੰ ਕਿਹਾ ਕਿ 2017 ਤੋਂ 2021 ਦਰਮਿਆਨ ਫ਼ਿਰਕੂ ਜਾਂ ਧਾਰਮਿਕ ਹਿੰਸਾ ਨਾਲ ਸੰਬੰਧਿਤ 2,900 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ।
ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ, ਰਾਏ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਕਿਹਾ ਕਿ 2021 ਵਿਚ ਫ਼ਿਰਕੂ ਜਾਂ ਧਾਰਮਿਕ ਦੰਗਿਆਂ ਦੀਆਂ 378, 2020 ਵਿੱਚ 857, 2019 ਵਿੱਚ 438, 2018 ਵਿੱਚ 512 ਅਤੇ 2017 'ਚ 723 ਮਾਮਲੇ ਦਰਜ ਕੀਤੇ ਗਏ।
ਉਨ੍ਹਾਂ ਕਿਹਾ ਕਿ 4 ਜੁਲਾਈ, 2018 ਨੂੰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇੱਕ ਐਡਵਾਇਜ਼ਰੀ ਜਾਰੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ 'ਚ ਸੂਬਿਆਂ 'ਚ ਹਿੰਸਾ ਭੜਕਾਉਣ ਦੀ ਸੰਭਾਵਨਾ ਵਾਲੀਆਂ ਫ਼ਰਜ਼ੀ ਖ਼ਬਰਾਂ ਅਤੇ ਅਫ਼ਵਾਹਾਂ ਦੇ ਪਸਾਰ 'ਤੇ ਨਜ਼ਰ ਰੱਖਣ ਅਤੇ ਉਨ੍ਹਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਕ ਕਰਨ ਵਾਸਤੇ ਸਾਰੇ ਜ਼ਰੂਰੀ ਉਪਾਅ ਕਰਨ ਅਤੇ ਕਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਵਾਲੇ ਵਿਅਕਤੀਆਂ ਨਾਲ ਸਖ਼ਤੀ ਨਾਲ ਨਜਿੱਠਣ ਬਾਰੇ ਕਿਹਾ ਗਿਆ ਸੀ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ, 23 ਜੁਲਾਈ ਅਤੇ 25 ਸਤੰਬਰ 2018 ਨੂੰ ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਸ਼ਾਸਨ ਨੂੰ ਐਡਵਾਇਜ਼ਰੀਆਂ ਜਾਰੀ ਕੀਤੀਆਂ ਗਈਆਂ ਸਨ, ਜਿਸ 'ਚ ਉਨ੍ਹਾਂ ਨੂੰ ਦੇਸ਼ ਵਿੱਚ ਭੀੜ ਵੱਲੋਂ ਅੰਜਾਮ ਦਿੱਤੀਆਂ ਹਿੰਸਕ ਘਟਨਾਵਾਂ ਨੂੰ ਰੋਕਣ ਲਈ ਉਪਾਅ ਕਰਨ ਵਾਸਤੇ ਕਿਹਾ ਗਿਆ ਸੀ।