ਸੀਮਾ ਸੜਕ ਸੰਗਠਨ (BRO) ਦੇ ਰਣਨੀਤਕ ਤੌਰ ’ਤੇ ਮਹੱਤਵਪੂਰਨ ਬੁਨਿਆਦੀ ਢਾਂਚੇ ਦੇ 125 ਪ੍ਰਾਜੈਕਟਾਂ ਦਾ ਕੀਤਾ ਉਦਘਾਟਨ
ਲੇਹ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਦਾ ਰੱਖਿਆ ਉਤਪਾਦਨ 2014 ’ਚ 46,000 ਕਰੋੜ ਰੁਪਏ ਤੋਂ ਵਧ ਕੇ ਰੀਕਾਰਡ 1.51 ਲੱਖ ਕਰੋੜ ਰੁਪਏ ਹੋ ਗਿਆ ਹੈ ਅਤੇ ਆਯਾਤ ਉਤੇ ਨਿਰਭਰ ਦੇਸ਼ ਉਤਪਾਦਕ-ਨਿਰਯਾਤਕ ਬਣ ਕੇ ਉੱਭਰਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਕੋਲ ਕਿਸੇ ਸਮੇਂ ਘਰੇਲੂ ਪੱਧਰ ਉਤੇ ਹਥਿਆਰਾਂ ਅਤੇ ਉਪਕਰਣਾਂ ਦੇ ਨਿਰਮਾਣ ਲਈ ਇਕ ਮਜ਼ਬੂਤ ਪ੍ਰਣਾਲੀ ਦੀ ਘਾਟ ਸੀ ਪਰ ਪਿਛਲੇ ਦਹਾਕੇ ਦੌਰਾਨ ਨਿਰੰਤਰ ਯਤਨਾਂ ਸਦਕਾ ਇਸ ਵਿਚ ਇਕ ਮਿਸਾਲੀ ਤਬਦੀਲੀ ਆਈ ਹੈ। ਸੀਮਾ ਸੜਕ ਸੰਗਠਨ (ਬੀ.ਆਰ.ਓ.) ਦੇ ਰਣਨੀਤਕ ਤੌਰ ਉਤੇ ਮਹੱਤਵਪੂਰਨ ਬੁਨਿਆਦੀ ਢਾਂਚੇ ਦੇ 125 ਪ੍ਰਾਜੈਕਟਾਂ ਦਾ ਉਦਘਾਟਨ ਕਰਨ ਤੋਂ ਬਾਅਦ ਸਿੰਘ ਨੇ ਕਿਹਾ, ‘‘ਸਾਡਾ ਰੱਖਿਆ ਨਿਰਯਾਤ, ਜੋ 10 ਸਾਲ ਪਹਿਲਾਂ 1,000 ਕਰੋੜ ਰੁਪਏ ਤੋਂ ਘੱਟ ਸੀ, ਹੁਣ ਲਗਭਗ 24,000 ਕਰੋੜ ਰੁਪਏ ਤਕ ਪਹੁੰਚ ਗਿਆ ਹੈ।’’
ਲੱਦਾਖ ਅਤੇ ਜੰਮੂ-ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਅਰੁਣਾਚਲ ਪ੍ਰਦੇਸ਼, ਸਿੱਕਮ, ਹਿਮਾਚਲ ਪ੍ਰਦੇਸ਼, ਉਤਰਾਖੰਡ, ਰਾਜਸਥਾਨ, ਪਛਮੀ ਬੰਗਾਲ ਅਤੇ ਮਿਜ਼ੋਰਮ ਸਮੇਤ ਸੱਤ ਸੂਬਿਆਂ ਵਿਚ ਫੈਲੇ ਇਹ ਪ੍ਰਾਜੈਕਟ 5,000 ਕਰੋੜ ਰੁਪਏ ਦੀ ਲਾਗਤ ਨਾਲ 28 ਸੜਕਾਂ, 93 ਪੁਲ ਅਤੇ ਚਾਰ ਫੁਟਕਲ ਕੰਮ ਪੂਰੇ ਕੀਤੇ ਗਏ ਹਨ। ਤਕਨੀਕੀ ਨਵੀਨਤਾ ਵਿਚ ਵੱਡੀ ਤਰੱਕੀ ਕਰਨ ਲਈ ਬੀਆਰਓ ਦੀ ਸ਼ਲਾਘਾ ਕਰਦੇ ਹੋਏ, ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਉੱਨਤ ਇੰਜੀਨੀਅਰਿੰਗ ਵਿਧੀਆਂ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਨੂੰ ਪੂਰਾ ਕਰਨ ਵਿਚ ਤੇਜ਼ੀ ਲਿਆ ਰਹੀਆਂ ਹਨ।
