ਹੂਕਰ ਦੀ 7 ਤੋਂ 11 ਦਸੰਬਰ ਦੀ ਯਾਤਰਾ ਦਾ ਉਦੇਸ਼ ਅਮਰੀਕਾ-ਭਾਰਤ ਰਣਨੀਤਕ ਸਾਂਝੇਦਾਰੀ ਨੂੰ ਅੱਗੇ ਵਧਾਉਣਾ
ਨਵੀਂ ਦਿੱਲੀ: ਅਮਰੀਕਾ ਦੇ ਸਿਆਸੀ ਮਾਮਲਿਆਂ ਦੀ ਅੰਡਰ ਸੈਕਟਰੀ ਐਲੀਸਨ ਹੂਕਰ ਦੋ-ਪੱਖੀ ਰਣਨੀਤਕ ਅਤੇ ਆਰਥਕ ਸਬੰਧਾਂ ਨੂੰ ਅੱਗੇ ਵਧਾਉਣ ਲਈ ਐਤਵਾਰ ਤੋਂ ਭਾਰਤ ਦੇ ਪੰਜ ਦਿਨਾਂ ਦੌਰੇ ਉਤੇ ਹਨ।
ਹੂਕਰ ਦੀ ਨਵੀਂ ਦਿੱਲੀ ਅਤੇ ਬੈਂਗਲੁਰੂ ਦੀ ਯਾਤਰਾ ਅਜਿਹੇ ਸਮੇਂ ਹੋਈ ਹੈ ਜਦੋਂ ਵਾਸ਼ਿੰਗਟਨ ਨੇ ਭਾਰਤੀ ਸਾਮਾਨ ਉਤੇ 50 ਫੀ ਸਦੀ ਟੈਰਿਫ ਲਗਾ ਦਿਤਾ ਹੈ, ਜਿਸ ’ਚ ਭਾਰਤ ਵਲੋਂ ਰੂਸ ਦੇ ਕੱਚੇ ਤੇਲ ਦੀ ਖਰੀਦ ਉਤੇ 25 ਫੀ ਸਦੀ ਟੈਕਸ ਵੀ ਸ਼ਾਮਲ ਹੈ।
ਅਮਰੀਕੀ ਸਫ਼ਾਰਤਖ਼ਾਨੇ ਨੇ ਕਿਹਾ ਹੈ ਕਿ ਅੰਡਰ ਸੈਕਟਰੀ ਹੂਕਰ ਦੀ ਯਾਤਰਾ ਮਜ਼ਬੂਤ ਅਮਰੀਕਾ-ਭਾਰਤ ਭਾਈਵਾਲੀ ਅਤੇ ਸੁਤੰਤਰ ਅਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਖੇਤਰ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਤਰਜੀਹਾਂ ਨੂੰ ਅੱਗੇ ਵਧਾਉਣ ਵਲ ਇਕ ਹੋਰ ਕਦਮ ਹੈ।
ਹੂਕਰ ਦੀ 7 ਤੋਂ 11 ਦਸੰਬਰ ਦੀ ਯਾਤਰਾ ਦਾ ਉਦੇਸ਼ ਅਮਰੀਕਾ-ਭਾਰਤ ਰਣਨੀਤਕ ਸਾਂਝੇਦਾਰੀ ਨੂੰ ਅੱਗੇ ਵਧਾਉਣਾ, ਅਮਰੀਕੀ ਨਿਰਯਾਤ ਨੂੰ ਵਧਾਉਣ ਸਮੇਤ ਆਰਥਕ ਅਤੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਨਕਲੀ ਬੁੱਧੀ ਅਤੇ ਪੁਲਾੜ ਖੋਜ ਸਮੇਤ ਉੱਭਰ ਰਹੀਆਂ ਤਕਨਾਲੋਜੀਆਂ ਵਿਚ ਸਹਿਯੋਗ ਨੂੰ ਉਤਸ਼ਾਹਤ ਕਰਨਾ ਹੈ।
ਸਫ਼ਾਰਤਖ਼ਾਨੇ ਨੇ ਕਿਹਾ ਕਿ ਨਵੀਂ ਦਿੱਲੀ ’ਚ ਅੰਡਰ ਸੈਕਟਰੀ ਹੁਕਰ ਖੇਤਰੀ ਸੁਰੱਖਿਆ, ਆਰਥਕ ਸਹਿਯੋਗ ਅਤੇ ਹਿੰਦ-ਪ੍ਰਸ਼ਾਂਤ ਖੇਤਰ ’ਚ ਸਾਂਝੀਆਂ ਤਰਜੀਹਾਂ ਉਤੇ ਚਰਚਾ ਕਰਨ ਲਈ ਸੀਨੀਅਰ ਭਾਰਤੀ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ।
ਸਫ਼ਾਰਤਖ਼ਾਨੇ ਨੇ ਕਿਹਾ, ‘‘ਹੂਕਰ ਬੈਂਗਲੁਰੂ ਵਿਚ ਭਾਰਤੀ ਪੁਲਾੜ ਖੋਜ ਸੰਗਠਨ ਦਾ ਦੌਰਾ ਕਰਨਗੇ ਅਤੇ ਅਮਰੀਕਾ-ਭਾਰਤ ਖੋਜ ਭਾਈਵਾਲੀ ਵਿਚ ਨਵੀਨਤਾ ਨੂੰ ਉਤਸ਼ਾਹਤ ਕਰਨ ਅਤੇ ਵਿਸਥਾਰਤ ਸਹਿਯੋਗ ਦੇ ਮੌਕਿਆਂ ਦੀ ਪੜਚੋਲ ਕਰਨ ਲਈ ਭਾਰਤ ਦੇ ਗਤੀਸ਼ੀਲ ਪੁਲਾੜ, ਊਰਜਾ ਅਤੇ ਤਕਨਾਲੋਜੀ ਖੇਤਰਾਂ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ।’’
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਨਵੀਂ ਦਿੱਲੀ ਦੀ 27 ਘੰਟੇ ਦੀ ਯਾਤਰਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਿਖਰ ਵਾਰਤਾ ਦੇ ਦੋ ਦਿਨ ਬਾਅਦ ਅਧਿਕਾਰੀ ਦਾ ਇਹ ਦੌਰਾ ਹੋਇਆ ਹੈ।
